25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਅਹਿਮਦਾਬਾਦ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 18-06-2025
* ਅਸੀਂ ਇਕੱਠੇ ਸੋਗ ਮਨਾ ਰਹੇ ਹਾਂ: ਬਰਤਾਨਵੀ ਉੱਪ ਪ੍ਰਧਾਨ ਮੰਤਰੀ ਰੇਨਰ
ਲੰਡਨ, 17 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਿਛਲੇ ਹਫ਼ਤੇ ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਦੇ ਹਾਦਸੇ 'ਚ ਮਾਰੇ ਗਏ ਲੋਕਾਂ ਦੀ ਯਾਦ ਵਿਚ ਭਾਰਤੀ ਹਾਈ ਕਮਿਸ਼ਨ ਲੰਡਨ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਬਰਤਾਨਵੀ ਉੱਪ ਪ੍ਰਧਾਨ ਮੰਤਰੀ ਐਂਜੇਲਾ ਰੇਨਰ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਵੱਖ ਭਾਈਚਾਰਿਆਂ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਹਾਜ਼ਰੀ ਭਰੀ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ | ਬਰਤਾਨਵੀ ਪ੍ਰਧਾਨ ਮੰਤਰੀ ਐਂਜੇਲਾ ਰੇਨਰ ਨੇ ਇਸ ਮੌਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਬਰਤਾਨੀਆਂ ਤੇ ਭਾਰਤ ਪਿੱਛਲੇ ਹਫ਼ਤੇ ਏਅਰ ਇੰਡੀਆ ਦੀ ਅਹਿਮਦਾਬਾਦ-ਲੰਡਨ ਉਡਾਣ ਦੇ ਹਾਦਸੇ ਤੋਂ ਪ੍ਰਭਾਵਿਤ ਸਾਰੇ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਨ | ਸੋਮਵਾਰ ਸ਼ਾਮ ਨੂੰ ਲੰਡਨ ਵਿਚ ਇੰਡੀਆ ਹਾਊਸ ਦੁਆਰਾ ਇੱਕ ਬਹੁ-ਧਰਮੀ ਯਾਦਗਾਰੀ ਸਮਾਗਮ ਵਿਚ ਐਮ.ਪੀ. ਰੂਥ ਕੈਡਬਰੀ, ਸਾਬਕਾ ਐਮ. ਪੀ. ਵਰਿੰਦਰ ਸ਼ਰਮਾ ਸਮੇਤ ਹੋਰ ਕਈ ਸੰਸਦ ਮੈਂਬਰ, ਵਿਦੇਸ਼ ਦਫਤਰ ਦੇ ਅਧਿਕਾਰੀ ਤੇ ਭਾਰਤੀ ਭਾਈਚਾਰੇ ਦੇ ਮੈਂਬਰ ਸ਼ਾਮਿਲ ਹੋਏ | ਉੱਪ ਪ੍ਰਧਾਨ ਮੰਤਰੀ ਐਂਜੇਲਾ ਰੇਨਰ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ, ਮੈਂ ਸੋਚ ਰਹੀ ਹਾਂ ਕਿ ਬਰਤਾਨੀਆਂ ਤੇ ਭਾਰਤ ਵਿਚਕਾਰ ਬਹੁਤ ਦੂਰੀ ਹੋ ਸਕਦੀ ਹੈ ਪਰ ਅਸਲ ਵਿਚ ਅਸੀਂ ਬਹੁਤ, ਬਹੁਤ ਨੇੜੇ ਹਾਂ | ਅੱਜ ਸਾਡਾ ਰਿਸ਼ਤਾ ਬਹੁਤ ਹੀ ਸੁਖਦਾਇਕ ਤੇ ਗਹਿਰਾ ਹੈ | ਅਸੀਂ ਇਕੱਠੇ ਸੋਗ ਮਨਾ ਰਹੇ ਹਾਂ | ਮੈਂ ਇੱਥੇ ਤੇ ਹਾਈ ਕਮਿਸ਼ਨ ਦੇ ਬਾਹਰ ਮੌਜੂਦ ਸਾਰੇ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਨਾ ਚਾਹੁੰਦੀ ਹਾਂ | ਬਰਤਾਨੀਆਂ ਤੁਹਾਡੇ ਨਾਲ ਹੈ ਤੇ ਤੁਹਾਡਾ ਸਮਰਥਨ ਜਾਰੀ ਰੱਖੇਗਾ | ਬਰਤਾਨੀਆਂ ਵਿਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਏਸਵਾਮੀ ਨੇ ਦੁੱਖ ਦੀ ਇਸ ਘੜੀ ਵਿਚ ਬਰਤਾਨੀਆਂ ਦੇ ਸਮਰਥਨ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਸ ਦੁਖਾਂਤ ਨੇ ਸਾਨੂੰ ਸਾਰਿਆਂ ਨੂੰ ਅਹਿਸਾਸ ਕਰਵਾਇਆ ਹੈ ਕਿ ਜ਼ਿੰਦਗੀ ਕਿਵੇਂ ਅਚਾਨਕ ਖਤਮ ਹੋ ਸਕਦੀ ਹੈ | ਇਸ ਯਾਦਗਾਰੀ ਸਮਾਰੋਹ ਦੇ ਨਾਲ, ਹਾਊਸ ਆਫ ਕਾਮਨਜ਼ ਵਿਚ 'ਏਅਰ ਇੰਡੀਆ ਜਹਾਜ਼ ਹਾਦਸੇ' 'ਤੇ ਵੀ ਬਹਿਸ ਹੋਈ | ਵਿਦੇਸ਼ ਦਫ਼ਤਰ ਦੇ ਮੰਤਰੀ ਹਾਮਿਸ਼ ਫਾਲਕਨਰ ਨੇ ਸੰਸਦ ਨੂੰ ਇਸ ਹਾਦਸੇ ਤੋਂ ਪ੍ਰਭਾਵਿਤ ਬਰਤਾਨਵੀ ਨਾਗਰਿਕਾਂ ਦੀ ਮਦਦ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣਕਾਰੀ ਦਿੱਤੀ | ਉਹਨਾਂ ਕਿਹਾ ਕਿ, 'ਬਰਤਾਨੀਆਂ ਵਿਚ ਲਗਭਗ 20 ਲੱਖ ਭਾਰਤੀ ਤੇ ਖਾਸ ਕਰਕੇ ਵੱਡੀ ਗਿਣਤੀ ਵਿਚ ਗੁਜਰਾਤੀ ਭਾਈਚਾਰੇ ਦੇ ਪ੍ਰਵਾਸੀ ਰਹਿੰਦੇ ਹਨ, ਇਸ ਲਈ ਅਸੀਂ ਇਸ ਦੁਖਾਂਤ ਦੇ ਦਰਦ ਨੂੰ ਇਕੱਠੇ ਮਹਿਸੂਸ ਕਰਦੇ ਹਾਂ |' ਇਹ ਸਾਨੂੰ ਨਾ ਸਿਰਫ਼ ਸਾਡੇ ਲੋਕਾਂ ਵਿਚਕਾਰ ਡੂੰਘੇ ਨਿੱਜੀ ਸਬੰਧਾਂ ਦੀ ਯਾਦ ਦਿਵਾਉਂਦਾ ਹੈ, ਸਗੋਂ ਭਾਰਤ ਨਾਲ ਸਾਡੀ ਭਾਈਵਾਲੀ ਦੀ ਮਜ਼ਬੂਤੀ ਦੀ ਵੀ ਯਾਦ ਦਿਵਾਉਂਦਾ ਹੈ, ਇਹ ਭਾਈਵਾਲੀ ਵਿਸ਼ਵਾਸ, ਸਾਂਝੀਆਂ ਕਦਰਾਂ-ਕੀਮਤਾਂ ਤੇ ਸੰਕਟ ਦੇ ਸਮੇਂ ਆਪਸੀ ਸਹਾਇਤਾ 'ਤੇ ਬਣੀ ਹੋਈ ਹੈ | ਸ਼ੈਡੋ ਵਿਦੇਸ਼ ਮੰਤਰੀ ਪ੍ਰੀਤੀ ਪਟੇਲ ਨੇ ਉਨ੍ਹਾਂ ਰਿਪੋਰਟਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਵਿਚ ਬਰਤਾਨਵੀ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਯੂ.ਕੇ. ਨੇ ਭਾਰਤ ਵਿਚ ਜ਼ਮੀਨੀ ਤੌਰ 'ਤੇ ਮਦਦ ਲਈ ਮੈਡੀਕਲ ਟੀਮਾਂ ਨਹੀਂ ਭੇਜੀਆਂ |
ਪਿਛਲੀ ਖ਼ਬਰ ਲੇਖਕ ਪਾਠਕ ਮੰਚ ਸਲੋਹ ਵਲੋਂ ਸਾਹਿਤਕ ਸਮਾਗਮ ਅਗਲੀ ਖ਼ਬਰ ਹਲਕਾ ਪੱਛਮੀ 'ਚ ਕੂੜੇ ਦੀ ਸਮੱਸਿਆ ਨੇ ਲੋਕਾਂ ਦਾ ਜੀਣਾ ਕੀਤਾ ਬੇਹਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।