ਲੰਡਨ, 17 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-'ਲੇਖਕ ਪਾਠਕ ਮੰਚ ਸਲੋਹ' ਵਲੋਂ ਮਹਿੰਦਰਪਾਲ ਸਿੰਘ ਧਾਲੀਵਾਲ, ਗੁਰਬਚਨ ਅਜ਼ਾਦ, ਦਰਸ਼ਨ ਢਿੱਲੋਂ, ਤਰਲੋਕ ਵਾਲੀਆ, ਭਜਨ ਧਾਲੀਵਾਲ ਦੇ ਉਪਰਾਲੇ ਸਦਕਾ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ | ਜਿਸ ਵਿਚ ਯੂ.ਕੇ. ਭਰ ਤੋਂ ਪੰਜਾਬੀ ਸਾਹਿਤਕਾਰਾਂ ਤੇ ਸਾਹਿਤ ਨਾਲ ਜੁੜੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ | ਇਸ ਮੌਕੇ ਤਰਸੇਮ ਨੀਲਗਿਰੀ (ਮਰਹੂਮ) ਨੂੰ ਯਾਦ ਕਰਦਿਆਂ ਉਨ੍ਹਾਂ ਬਾਰੇ ਹਰਜੀਤ ਅਟਵਾਲ ਤੇ ਹਰਦੇਸ਼ ਬਸਰਾ ਨੇ ਵਿਚਾਰ ਚਰਚਾ ਕੀਤੀ | ਪੰਜ ਘੰਟੇ ਲਗਾਤਾਰ ਚੱਲੇ ਇਸ ਮੁੱਲਵਾਨ ਸਮਾਗਮ ਵਿਚ ਪੰਜਾਬੀ ਨਾਟਕ 'ਹੁਣ ਮੈਂ ਸੈੱਟ ਹਾਂ' ਖੇਡਿਆ ਗਿਆ | ਜੋ ਇੰਗਲੈਂਡ ਵਿਚ ਪੜ੍ਹਨ ਆਉਂਦੇ ਵਿਦਿਆਰਥੀਆਂ ਦੇ ਹਾਲਾਤ 'ਤੇ ਲੇਖਿਕਾ ਵੀਨਾ ਵਰਮਾ ਦੀ ਕਹਾਣੀ 'ਮੈਂ ਹੁਣ ਸੈੱਟ ਹਾਂ' ਦਾ ਨਾਟਕੀ ਰੂਪਾਂਤਰਣ ਪੰਜਾਬੀ ਰੰਗ-ਮੰਚ ਦੇ ਨਾਮਵਰ ਹਸਤਾਖਰ ਕੇਵਲ ਧਾਲੀਵਾਲ ਵਲੋਂ ਕੀਤਾ ਗਿਆ ਹੈ | ਇੰਗਲੈਂਡ ਵਿਚ ਪਹਿਲੀ ਵਾਰ ਰੰਗ-ਮੰਚ ਦੇ ਸਮਰੱਥ ਕਲਾਕਾਰ ਜਤਿੰਦਰ ਸੋਨੂੰ ਦੇ ਨਿਰਦੇਸ਼ਨ ਹੇਠ ਖੇਡੇ ਗਏ ਇਸ ਨਾਟਕ ਵਿਚ ਜਤਿੰਦਰ ਸੋਨੂੰ, ਪਰਮਜੀਤ ਸੰਧਾਵਾਲੀਆ ਤੇ ਅਜ਼ੀਮ ਸ਼ੇਖਰ ਵਲੋਂ ਨਿਭਾਏ ਗਏ ਕਿਰਦਾਰਾਂ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ | ਉਪਰੰਤ ਕਵੀ ਦਰਬਾਰ ਕਰਵਾਇਆ ਗਿਆ |