ਐਬਟਸਫੋਰਡ, 20 ਜੂਨ (ਗੁਰਦੀਪ ਸਿੰਘ ਗਰੇਵਾਲ)- ਵੈਨਕੂਵਰ ਨਿਵਾਸੀ ਚੀਨੀ ਮੂਲ ਦੇ ਫੁੱਕ ਡੁੱਕ ਡੇਨੀਅਲ ਚਾਓ ਦੀ 40 ਮਿਲੀਅਨ ਡਾਲਰ ਭਾਵ ਤਕਰੀਬਨ 2 ਅਰਬ 40 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ | ਡੇਨੀਅਲ ਵੈਨਕੂਵਰ ਲਾਗਲੇ ਸ਼ਹਿਰ ਬਰਨਬੀ ਦੇ ਸੈਂਟਰਲ ਪਾਰਕ ਵਿਚ ਆਮ ਵਾਂਗ ਦੌੜ ਲਾ ਰਿਹਾ ਸੀ ਤਾਂ ਅਚਾਨਕ ਉਸ ਨੇ ਪਿਆਸ ਮਹਿਸੂਸ ਕੀਤੀ ਤੇ ਉਹ 'ਬਬਲੀ ਸਪਾਰਕਲਿੰਗ' ਨਾਂਅ ਦੀ ਪਾਣੀ ਦੀ ਬੋਤਲ ਲੈਣ ਵਾਸਤੇ ਇੰਪੀਰੀਅਲ ਸਟਰੀਟ ਅਤੇ ਬਾਊਾਡਰੀ ਰੋਡ 'ਤੇ ਸਥਿਤ ਸੈਵਨ ਅਲੈਵਨ ਸਟੋਰ 'ਤੇ ਚਲਾ ਗਿਆ ਜਿੱਥੇ ਉਸ ਨੇ ਪਾਣੀ ਦੀ ਕੇਨ ਲੈਣ ਤੋਂ ਬਾਅਦ ਬਿ੍ਟਿਸ਼ ਕੋਲੰਬੀਆ ਲਾਟਰੀ ਕਾਰਪੋਰੇਸ਼ਨ ਦੀ ਲੋਟੋ ਮੈਕਸ ਟਿਕਟ ਖਰੀਦੀ | ਡੇਨੀਅਲ ਦਾ ਕਹਿਣਾ ਹੈ ਕਿ ਉਸ ਨੇ ਕਦੀ ਨਹੀਂ ਸੀ ਸੋਚਿਆ ਕਿ ਉਹ ਅਰਬਪਤੀ ਬਣ ਜਾਵੇਗਾ ਤੇ ਉਹ ਹੁਣ ਲਾਟਰੀ ਦੀ ਜਿੱਤੀ ਹੋਈ ਕੁਝ ਰਕਮ ਨਾਲ ਆਪਣੇ ਮਾਤਾ-ਪਿਤਾ, ਪਰਿਵਾਰ ਤੇ ਭਾਈਚਾਰੇ ਦੀ ਮਦਦ ਕਰੇਗਾ ਅਤੇ ਕੁਝ ਦੇਸ਼ਾਂ ਦੀ ਯਾਤਰਾ ਕਰੇਗਾ |