ਟੋਰਾਂਟੋ, 22 ਅਕਤੂਬਰ (ਹਰਜੀਤ ਸਿੰਘ ਬਾਜਵਾ)-ਕਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਬੀਤੇ ਦਿਨੀ ਬਰੈਂਪਟਨ ਵਿਖੇ ਕਰਵਾਏ ਗਏ ਇਕ ਸਾਹਿਤਕ ਸਮਾਗਮ ਦੌਰਾਨ ਜਿੱਥੇ ਲੇਖਿਕਾ ਡਾ. ਸੁਰਿੰਦਰਜੀਤ ਕੌਰ ਦੀ ਬੱਚਿਆਂ ਬਾਰੇ ਲਿਖੀ ਨਵ-ਪ੍ਰਕਾਸ਼ਿਤ ਪੁਸਤਕ 'ਬੱਚੇ ਮਿਠੜੇ ਮੇਵੇ' 'ਤੇ ਵਿਚਾਰ ਗੋਸ਼ਟੀ ਹੋਈ ਤੇ ਪੇਪਰ ਪੜ੍ਹੇ ਗਏ ਉੱਥੇ ਹੀ ਕਨੇਡਾ 'ਚ ਆਏ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਹਾਜ਼ਰੀਨ ਦੇ ਰੂਬਰੂ ਹੋਏ | 2 ਭਾਗਾਂ 'ਚ ਵੰਡ ਕੇ ਹੋਏ ਇਸ ਸਾਹਿਤਕ ਸਮਾਗਮ ਦੇ ਪਹਿਲੇ ਹਿੱਸੇ ਦੀ ਪ੍ਰਧਾਨਗੀ ਵਾਰਤਕ ਲੇਖਕ ਕਰਤਾਰ ਸਿੰਘ ਔਲਖ, ਸੁਰਜੀਤ ਕੌਰ, ਬਲਰਾਜ ਚੀਮਾ, ਪਤਵੰਤ ਕੌਰ ਤੇ ਸੁਖਚਰਨਜੀਤ ਗਿੱਲ ਨੇ ਕੀਤੀ ਜਦੋਂ ਕਿ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਮਲੂਕ ਸਿੰਘ ਕਾਹਲੋਂ, ਡਾ. ਜਗਮੋਹਨ ਸਿੰਘ ਸੰਘਾ ਅਤੇ ਤਲਵਿੰਦਰ ਮੰਡ ਨੇ ਨਿਭਾਈ | ਸਭਨਾਂ ਨੂੰ ਜੀ ਆਇਆਂ ਕਹਿਣ ਨਾਲ ਸ਼ੁਰੂ ਹੋਏ ਇਸ ਸਮਾਗਮ ਦੌਰਾਨ ਪੰਜਾਬੀ ਬੋਲੀ ਦੇ ਥੰਮ ਲੇਖਕਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਗੱਲਾਂ ਹੋਈਆਂ, ਸੁਰਿੰਦਰਜੀਤ ਕੌਰ ਦੀ ਪੁਸਤਕ ਬਾਰੇ ਸੁਖਚਰਨਜੀਤ ਕੌਰ ਗਿੱਲ, ਡਾ. ਸੁਖਦੇਵ ਸਿੰਘ ਝੰਡ ਤੇ ਹੋਰਨਾਂ ਵੱਲੋਂ ਵੱਖਰੋ ਵੱਖਰੇ ਤੌਰ 'ਤੇ ਆਖਿਆ ਕਿ ਲੇਖਿਕਾ ਬਹੁ-ਪੱਖੀ ਗੁਣਾਂ ਦੀ ਮਾਲਕ ਹੈ ਜਿਸਨੇ ਆਪਣੀ ਹੱਥਲੀ ਪੁਸਤਕ ਸਮੇਤ ਬਾਕੀ ਬਾਲ ਪੁਸਤਕਾਂ 'ਚ 'ਪ੍ਰਕਿਰਤੀ ਤੇ' ਵਾਤਾਵਰਣ',ਪੰਛੀਆਂ ਦੀ ਚਹਿਕਾ ਚਹਿਕੀ, ਘੁੱਗੀਆਂ, ਗਟਾਰਾਂ ਸਮੇਤ ਵੱਖੋ ਵੱਖ ਪੰਛੀਆਂ, ਰੁੱਖਾਂ,ਜਾਨਵਰਾਂ ਦੀ ਆਮਦ,ਮਾਂਵਾਂ, ਦਾਦੀਆਂ,ਚਾਚੀਆਂ ਤਾਈਆਂ ਦੀ ਗੱਲ ਕਰਕੇ ਲੇਖਿਕਾ ਨੇ ਉਹ ਸਭ ਕੁਝ ਪੁਸਤਕ ਵਿੱਚ ਦਿੱਤਾ ਹੈ ਜੋ ਸਾਡੀਆਂ ਦਾਦੀਆਂ ਅਤੇ ਮਾਵਾਂ ਲੋਰੀਆਂ ਦੇ ਰੂਪ ਵਿੱਚ ਪਰੋਸ ਕੇ ਵਿਰਸੇ ਵਿੱਚ ਬੱਚਿਆਂ ਨੂੰ ਦਿੰਦਿਆਂ ਨੇ ਤੇ' ਨਾਲ ਹੀ ਉਸਨੇ ਅਲੋਪ ਹੋ ਰਹੇ ਪੰਛੀਆਂ,ਅਲੋਪ ਹੋ ਰਹੇ ਵਿਰਸੇ ਦੀਆਂ ਬਾਤਾਂ ਦਾ ਵੀ ਵਿਸ਼ੇਸ਼ ਤੌਰ ਤੇ' ਵਰਨਣ ਕੀਤਾ ਹੈ | ਸਮਾਗਮ ਦੇ ਦੂਜੇ ਹਿੱਸੇ 'ਚ ਜਿੱਥੇ ਕਵੀ ਦਰਬਾਰ ਹੋਇਆ ਉੱਥੇ ਹੀ ਸਮਾਗਮ ਦੇ ਦੂਜੇ ਹਿੱਸੇ ਦੀ ਪ੍ਰਧਾਨਗੀ ਦਰਸ਼ਨ ਸਿੰਘ ਬੁੱਟਰ, ਗੁਰਮੇਲ ਸਿੰਘ ਸੰਧੂ, ਇੰਜ਼ੀ. ਈਸ਼ਰ ਸਿੰਘ, ਕਰਨ ਅਜਾਇਬ ਸਿੰਘ ਸੰਘਾ, ਸੁਖਚਰਨਜੀਤ ਕੌਰ ਗਿੱਲ ਆਦਿ ਨੇ ਕੀਤੀ | ਵਿਸ਼ੇਸ਼ ਮਹਿਮਾਨ ਦਰਸ਼ਨ ਸਿੰਘ ਬੁੱਟਰ ਨੇ ਸੰਬੋਧਨ ਕਰਦਿਆਂ ਆਪਣੇ ਸਾਹਿਤਕ ਸਫ਼ਰ ਬਾਰੇ ਦੱਸਿਆ ਅਤੇ ਆਪਣੀਆਂ ਕੁਝ ਰਚਨਾਵਾਂ ਨਾਲ ਹਾਜ਼ਰੀ ਲੁਆਈ, ਦਰਸ਼ਨ ਸਿੰਘ ਬੁੱਟਰ ਨੇ ਇੱਥੇ ਲਹਿੰਦੇ 'ਤੇ ਚੜ੍ਹਦੇ ਪੰਜਾਬ ਦੇ ਲੇਖਕਾਂ ਦੇ ਰਲੇਵੇਂ ਤੇ ਇਕੱਠਿਆਂ ਸਮਾਗਮ ਕਰਨ 'ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਗੁਰਮੇਲ ਸਿੰਘ ਸੰਧੂ, ਇੰਜ਼ੀ. ਈਸ਼ਰ ਸਿੰਘ, ਕਰਨ ਅਜਾਇਬ ਸਿੰਘ ਸੰਘਾ, ਮਕਸੂਦ ਚੌਧਰੀ, ਜੱਸੀ ਭੁੱਲਰ, ਪ੍ਰੀਤਮ ਧੰਜ਼ਲ, ਰਿੰਟੂ ਭਾਟੀਆ, ਹਰਮੇਸ਼ ਜੀਦੋਵਾਲ, ਸਤਪਾਲ ਸਿੰਘ ਕੋਮਲ,ਪਿ੍ੰਸੀਪਲ ਸ਼ਵਿੰਦਰ ਸਿੰਘ ਚਾਹਲ,ਪਿ੍ੰਸੀਪਲ ਗਿਆਨ ਸਿੰਘ ਘਈ,ਗਿਆਨ ਸਿੰਘ ਦਰਦੀ,ਪਰਮਜੀਤ ਦਿਓਲ,ਹਰਦਿਆਲ ਸਿੰਘ ਝੀਤਾ, ਹਰਜਿੰਦਰ ਸਿਘ ਭਸੀਨ, ਗੁਰਮੇਲ ਸਿੰਘ ਸੰਧੂ,ਪ੍ਰੋ. ਸਿਕੰਦਰ ਸਿੰਘ ਗਿੱਲ, ਪਰਮਜੀਤ ਸਿੰਘ ਢਿੱਲੋਂ, ਕਿ੍ਪਾਲ ਸਿੰਘ ਪੰਨੂੰ, ਹਰਪਾਲ ਸਿੰਘ ਭਾਟੀਆ, ਕਰਨੈਲ ਸਿੰਘ ਮਰਵਾਹਾ, ਰਵੀ ਸ਼ੇਰ ਸਿੰਘ, ਚੇਤਨ ਸਿੰਘ, ਹਰਮਿੰਦਰ ਸਿੰਘ,ਗੁਰਪ੍ਰੀਤ ਬਟਾਲਵੀਂ, ਤਜਿੰਦਰ ਸਿੰਘ, ਹਰਦੀਪ ਕੌਰ, ਅਮਰਜੀਤ ਕੌਰ ਘਈ ਸਮੇਤ ਹੋਰ ਵੀ ਬਹੁਤ ਸਾਰੇ ਲੋਕਾਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ ਗਏ |