ਗੂਹਲਾ/ਚੀਕਾ, 17 ਜੂਨ (ਓ.ਪੀ. ਸੈਣੀ)- ਐਸ.ਡੀ.ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਕਿਹਾ ਕਿ ਅੰਤਰਰਾਸ਼ਟਰੀ ਯੋਗ ਦਿਵਸ 21 ਜੂਨ ਨੂੰ ਬਲਾਕ ਪੱਧਰ 'ਤੇ ਸਵੇਰੇ 7 ਤੋਂ 8 ਵਜੇ ਤੱਕ ਅਨਾਜ ਮੰਡੀ ਚੀਕਾ ਵਿਖੇ ਮਨਾਇਆ ਜਾਵੇਗਾ | ਇਸ ਤੋਂ ਪਹਿਲਾਂ 20 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀ ਪਾਇਲਟ ਰਿਹਰਸਲ ਕੀਤੀ ਜਾਵੇਗੀ | ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸੰਬੰਧਿਤ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਕੰਮ ਕਰ ਰਹੇ ਹਨ | ਇਸ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਦਾ ਵਿਸ਼ਾ ਇਕ ਧਰਤੀ, ਇਕ ਸਿਹਤ ਲਈ ਯੋਗ ਹੋਵੇਗਾ | ਐਸ.ਡੀ.ਐਮ. ਕੈਪਟਨ ਪ੍ਰਮੇਸ਼ ਸਿੰਘ ਨੇ ਕਿਹਾ ਕਿ ਯੋਗਾ ਸਿਰਫ਼ ਸਰੀਰਕ ਕਸਰਤ ਦਾ ਇਕ ਤਰੀਕਾ ਹੀ ਨਹੀਂ ਹੈ, ਸਗੋਂ ਮਾਨਸਿਕ, ਅਧਿਆਤਮਿਕ ਅਤੇ ਭਾਵਨਾਤਮਕ ਸੰਤੁਲਨ ਪ੍ਰਾਪਤ ਕਰਨ ਦਾ ਸਾਧਨ ਵੀ ਹੈ | ਯੋਗਾ ਸਰੀਰਕ ਲਚਕਤਾ ਅਤੇ ਤਾਕਤ ਨੂੰ ਵਧਾਉਂਦਾ ਹੈ | ਮਾਨਸਿਕ ਅਤੇ ਚਿੰਤਾ ਨੂੰ ਘਟਾਉਂਦਾ ਹੈ | ਯੋਗਾ ਇਮਿਊਨਿਟੀ ਵਧਾਉਂਦਾ ਹੈ | ਇਕਾਗਰਤਾ ਅਤੇ ਯਾਦਦਾਸ਼ਤ ਨੂੰ ਬਿਹਤਰ ਬਣਾਉਂਦਾ ਹੈ | ਇਹ ਅੰਦਰੂਨੀ ਸ਼ਾਂਤੀ ਅਤੇ ਸਵੈ-ਬੋਧ ਦੀ ਭਾਵਨਾ ਦਿੰਦਾ ਹੈ | ਸਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ 'ਚ ਯੋਗਾ ਨੂੰ ਸ਼ਾਮਲ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਡਿਊਟੀਆਂ ਲਗਾਈਆਂ ਗਈਆਂ ਹਨ | ਇਸ ਤਹਿਤ ਸਿੱਖਿਆ ਵਿਭਾਗ, ਆਯੂਸ਼ ਵਿਭਾਗ ਅਤੇ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ | ਪੁਲਿਸ ਵਿਭਾਗ ਨੂੰ ਕਾਨੂੰਨ ਵਿਵਸਥਾ ਅਤੇ ਪਾਰਕਿੰਗ ਦੀ ਡਿਊਟੀ ਸੌਂਪੀ ਗਈ ਹੈ | ਨਗਰਪਾਲਿਕਾ ਅਤੇ ਮਾਰਕੀਟ ਕਮੇਟੀ ਪ੍ਰੋਗਰਾਮ ਸਥਾਨ ਅਤੇ ਇਸ ਦੇ ਆਲੇ ਦੁਆਲੇ ਦੇ ਖੇਤਰਾਂ ਵਿਚ ਸਫ਼ਾਈ ਅਤੇ ਪਖਾਨੇ ਆਦਿ ਦੀ ਜ਼ਿੰਮੇਵਾਰੀ ਸੰਭਾਲੇਗੀ | ਸਿਹਤ ਵਿਭਾਗ ਆਸਾਂ ਵਰਕਰਾਂ, ਏ.ਐਨ.ਐਮ. ਅਤੇ ਜੀ.ਐਨ.ਐਮ. ਦੀ ਮੌਜੂਦਗੀ ਨੂੰ ਯਕੀਨੀ ਬਣਾਏਗਾ ਅਤੇ ਐਂਬੂਲੈਂਸ, ਓ.ਆਰ.ਐਸ. ਅਤੇ ਮੁੱਢਲੀ ਸਹਾਇਤਾ ਆਦਿ ਦਾ ਪ੍ਰਬੰਧ ਵੀ ਯਕੀਨੀ ਬਣਾਏਗਾ | ਬਿਜਲੀ ਵਿਭਾਗ ਪ੍ਰੋਗਰਾਮ ਸਥਾਨ 'ਤੇ ਬਿਜਲੀ ਦੀ ਸੁਚਾਰੂ ਸਪਲਾਈ ਯਕੀਨੀ ਬਣਾਏਗਾ | ਜਨ ਸਿਹਤ ਵਿਭਾਗ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰੇਗਾ | ਉਨ੍ਹਾਂ ਕਿਹਾ ਕਿ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਦਫ਼ਤਰ ਸਰਪੰਚ, ਪੰਚ ਅਤੇ ਹੋਰ ਚੁਣੇ ਹੋਏ ਮੈਂਬਰਾਂ, ਸਿੱਖਿਆ ਵਿਭਾਗ ਡੀ.ਪੀ.ਈ., ਪੀ.ਟੀ.ਆਈ., ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਏਗਾ | ਉਨ੍ਹਾਂ ਆਮ ਲੋਕਾਂ ਨੂੰ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਵੀ ਕੀਤੀ |