ਸਿਰਸਾ, 21 ਸਤੰਬਰ (ਭੁਪਿੰਦਰ ਪੰਨੀਵਾਲੀਆ)- ਸਿਰਸਾ ਦੇ ਗੁਰਦੁਆਰਾ ਚਿੱਲਾ ਸਹਿਬ 'ਚ ਅੱਜ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਲਈ ਪ੍ਰੇਰਿਤ ਕੀਤਾ ਗਿਆ | ਇਸ ਦੌਰਾਨ 'ਜੱਟ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ' ਵੱਲੋਂ ਕਿਸਾਨਾਂ ਨੂੰ 'ਘਰ ਦੀ ਸਬਜ਼ੀ ਘਰ ਦਾ ਦੁੱਧ' ਦਾ ਸਲੋਗਨ ਵੀ ਦਿੱਤਾ ਗਿਆ ਤੇ ਕਿਸਾਨਾਂ ਨੂੰ ਸਬਜ਼ੀਆਂ ਦੇ ਮੁਫ਼ਤ ਬੀਜ ਵੀ ਵੰਡੇ ਗਏ | ਜੱਟ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ ਦੇ ਸਕੱਤਰ ਬਚਨ ਸਿੰਘ ਢੀਂਡਸਾ ਨੇ ਦੱਸਿਆ ਕਿ ਕਿਸਾਨਾਂ ਨੂੰ ਜ਼ਹਿਰ ਮੁਕਤ ਖੇਤੀ ਵੱਲ ਪ੍ਰੇਰਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ | ਇਸੇ ਲੜੀ ਵਿੱਚ ਕਿਸਾਨਾਂ ਨੂੰ ਘਰ ਦੀ ਸਬਜ਼ੀ ਤੇ ਘਰ ਦੇ ਦੁੱਧ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਖੇਤੀ 'ਚ ਜ਼ਿਆਦਾ ਸਪਰੇਆਂ ਤੇ ਕੀੜੇ ਮਾਰ ਦਵਾਈਆਂ ਦੀ ਵਰਤੋਂ ਕਰਨ ਨਾਲ ਜਿੱਥੇ ਧਰਤੀ ਦੀ ਗੁਣਵਤਾ 'ਤੇ ਅਸਰ ਪੈ ਰਿਹਾ ਹੈ ਉਥੇ ਹੀ ਮਨੁੱਖਾਂ 'ਤੇ ਵੀ ਇਸ ਦਾ ਮਾੜਾ ਅਸਰ ਪੈ ਰਿਹਾ ਹੈ | ਢੀਂਡਸਾ ਨੇ ਕਿਹਾ ਕਿ 'ਘਰ ਦੀ ਸਬਜ਼ੀ ਘਰ ਦਾ ਦੁੱਧ' ਦੇ ਨਾਅਰੇ ਹੇਠ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਕਿ ਹਰ ਕਿਸਾਨ ਨੂੰ ਆਪਣੇ ਖੇਤਾਂ 'ਚ ਜਾਂ ਘਰ ਵਿੱਚ ਖਪਤ ਲਈ ਸਬਜ਼ੀਆਂ ਲਗਾਉਣੀਆਂ ਚਾਹੀਦੀਆਂ ਹਨ ਤੇ ਹਰ ਕਿਸਾਨ ਨੂੰ ਆਪਣੇ ਪਰਿਵਾਰਾਂ ਨੂੰ ਸ਼ੁੱਧ ਦੁੱਧ, ਦਹੀਂ, ਲੱਸੀ ਤੇ ਘਿਓ ਪ੍ਰਦਾਨ ਕਰਨ ਲਈ ਘਰ ਵਿੱਚ ਇਕ ਗਾਂ ਜਾਂ ਮੱਝ ਰੱਖਣੀ ਚਾਹੀਦੀ ਹੈ | ਉਨ੍ਹਾਂ ਨੇ ਕਿਹਾ ਕਿ ਪਹਿਲੇ ਸਮਿਆਂ 'ਚ ਕਿਸਾਨ ਸਬਜ਼ੀਆਂ ਆਪਣੇ ਖੇਤਾਂ 'ਚ ਉਗਾਉਂਦੇ ਸਨ ਤੇ ਕੋਈ ਵੀ ਕਿਸਾਨ ਕਦੇ ਦੁੱਧ ਨਹੀਂ ਖਰੀਦਾ ਸੀ ਪਰ ਹੁਣ ਸਭ ਕੁਝ ਬਾਜ਼ਾਰ 'ਤੇ ਨਿਭਰ ਹੋ ਗਿਆ ਹੈ | ਇਥੋਂ ਤੱਕ ਕਿ ਪਿੰਡਾਂ ਵਿੱਚ ਵੀ ਕਿਸਾਨਾਂ ਨੇ ਘਰਾਂ 'ਚ ਪਸ਼ੂ ਰੱਖਣੇ ਬੰਦ ਕਰ ਦਿੱਤੇ ਹਨ | ਇਸ ਦੌਰਾਨ ਜੱਟ ਭਾਈਚਾਰਾ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੇਵ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ 700 ਤੋਂ ਜਿਆਦਾ ਹਾੜੀ ਸੀਜ਼ਨ ਦੀਆਂ ਸਬਜ਼ੀਆਂ ਦੇ ਬੀਜ ਕਿੱਟਾਂ ਵੱਡੀਆਂ ਗਈਆਂ | ਇਸ ਮੌਕੇ ਐਸੋਸੀਏਸ਼ਨ ਦੇ ਖਜ਼ਾਨਚੀ ਬਲਬੀਰ ਸਿੰਘ ਭਿੰਡਰ, ਗੁਰਜੀਤ ਸਿੰਘ ਮਾਨ, ਲੱਖਵਿੰਦਰ ਸਿੰਘ ਅÏਲਖ, ਸੁਖਜਿੰਦਰ ਸਿੰਘ ਬਰਾੜ, ਮਾ. ਮੁਖਤਿਆਰ ਸਿੰਘ, ਧਰਮਿੰਦਰ ਸਿੰਘ ਢਿੱਲੋਂ, ਡਾ. ਰਾਜਪ੍ਰੀਤ ਸਿੰਘ ਬਰਾੜ, ਅਤੇ ਗੁਰਪ੍ਰੀਤ ਸਿੰਘ ਸਮੇਤ ਕਈ ਮੈਂਬਰ ਮੌਜੂਦ ਸਨ |