ਜਲੰਧਰ, 15 ਜੂਨ (ਸ਼ੈਲੀ)- ਸ਼ਹਿਰ 'ਚ ਦੇਰ ਰਾਤ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਕਮਿਸ਼ਨਰੇਟ ਪੁਲਿਸ ਵਲੋਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਸਖ਼ਤ ਸੁਰੱਖਿਆ ਪ੍ਰਬੰਧ ਕਰਦੇ ਹੋਏ ਸ਼ਹਿਰ ਦੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਰਾਤ ਸਮੇਂ ਚੌਕਸੀ ਵਧਾਉਂਦੇ ਹੋਏ ਕਈ ਪੈਟਰੋਲਿੰਗ ਪਾਰਟੀਆਂ ਗਸ਼ਤ 'ਤੇ ਰਹੀਆਂ | ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਰਾਤ ਸਮੇਂ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਰਾਤ ਦੇ ਸਮੇਂ 46 ਨਾਕਿਆਂ ਤੇ 23 ਸਰਗਰਮ ਪੁਲਿਸ ਪੈਟਰੋਲਿੰਗ ਟੀਮਾਂ ਰਾਹੀਂ ਬਾਜ਼ ਅੱਖ ਰੱਖੀ ਜਾ ਰਹੀ ਹੈ | ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਰਾਤ ਨੂੰ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ 46 ਰੋਟੇਟਿੰਗ ਨਾਕੇ ਸਥਾਪਤ ਕੀਤੇ ਜਾਂਦੇ | ਉਨ੍ਹਾਂ ਕਿਹਾ ਕਿ ਇਹ ਨਾਕੇ ਸਖ਼ਤ ਨਿਗਰਾਨੀ ਰੱਖਣ ਤੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ, ਖਾਸ ਕਰ ਅੱਧੀ ਰਾਤ ਤੇ ਸਵੇਰ ਦੇ ਪਹਿਲੇ ਘੰਟਿਆਂ ਦੌਰਾਨ ਨਸ਼ਾ ਸਮੱਗਲਰਾਂ ਦੀਆਂ ਗਤੀਵਧੀਆਂ ਨੂੰ ਰੋਕਣ ਲਈ ਲਗਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਨਾਕਿਆਂ ਤੋਂ ਇਲਾਵਾ 23 ਪੈਟਰੋਲਿੰਗ ਵਾਹਨ, ਜਿਨ੍ਹਾਂ 'ਚ ਜੈਬਰਾ ਕਾਰਾਂ ਤੇ ਮੋਟਰਸਾਈਕਲ ਸ਼ਾਮਿਲ ਹਨ, ਕਿਸੇ ਵੀ ਹੰਗਾਮੀ ਹਲਾਤ ਨਾਲ ਨਜਿੱਠਣ ਲਈ ਲਗਾਤਾਰ ਦੌਰੇ 'ਤੇ ਰਹਿੰਦੇ ਹਨ | ਉਨ੍ਹਾਂ ਦੱਸਿਆ ਕਿ 60 ਤੋਂ ਵੱਧ ਨਾਨ ਗਜ਼ਟਿਡ ਅਫ਼ਸਰ (ਐਨ.ਜੀ.ਓਜ਼) ਦੇ ਨਾਲ ਗਜ਼ਟਿਡ ਅਫ਼ਸਰਾਂ ਤੇ ਥਾਣਾ ਮੁਖੀ ਨੂੰ ਪੂਰੀ ਰਾਤ ਨਿਗਰਾਨੀ ਓਪਰੇਸ਼ਨ ਦੀ ਨਜ਼ਰਸਾਨੀ ਤਾਇਨਾਤ ਕੀਤਾ ਗਿਆ ਹੈ | ਪੁਲਿਸ ਵਲੋਂ ਰਾਤ ਸਮੇਂ ਸ਼ੱਕੀ ਵਾਹਨਾਂ ਦੀ ਚੈਂਕਿੰਗ ਅਤੇ ਸ਼ੱਕੀਆਂ ਕੋਲੋਂ ਪੁਛਗਿੱਛ ਵੀ ਕੀਤੀ ਜਾਂਦੀ ਹੈ | ਪਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਕਿਹਾ ਕਿ ਰਾਤ ਸਮੇਂ ਪੁਲਿਸ ਵਲੋਂ ਪੂਰੀ ਮੁਸਤੈਦੀ ਨਾਲ ਨਿਭਾਈ ਜਾ ਰਹੀ ਡਿਊਟੀ ਗੈਰ ਸਮਾਜਿਕ ਤੱਤਾਂ ਵਲੋਂ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ 'ਤੇ ਲਗਾਮ ਲਗਾਉਂਦੀ ਹੈ, ਉਥੇ ਹੀ ਕਿਸੇ ਵੀ ਘਟਨਾ ਦੌਰਾਨ ਪਹੁੰਚਣ ਦੇ ਸਮੇਂ ਨੂੰ ਵੀ ਘੱਟ ਕਰਦੀ ਹੈ | ਉਨ੍ਹਾਂ ਕਿਹਾ ਕਿ ਜਲੰਧਰ ਕਮਿਸ਼ਨਰੇਟ ਪੁਲਿਸ 24 ਘੰਟੇ ਸ਼ਹਿਰ ਵਾਸੀਆਂ ਦੀ ਸੁਰੱਖਿਆ ਤੇ ਸੁਰੱਖਿਅਤ ਵਾਤਾਵਰਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ |