ਮਲਸੀਆਂ, 15 ਜੂਨ (ਸੁਖਦੀਪ ਸਿੰਘ)-ਜ਼ਿਲ੍ਹਾ ਜਲੰਧਰ ਦੇ ਵੱਖ-ਵੱਖ ਸਕੂਲਾਂ 'ਚ ਬਜਟ ਜਾਰੀ ਨਾ ਹੋਣ ਕਾਰਨ ਬਹੁਤ ਸਾਰੇ ਅਧਿਆਪਕਾਂ ਨੂੰ ਮਈ ਮਹੀਨੇ ਦੀ ਤਨਖ਼ਾਹ ਨਹੀਂ ਮਿਲੀ | ਜਾਣਕਾਰੀ ਦਿੰਦਿਆਂ ਅਧਿਆਪਕਾਂ ਨੇ ਦੱਸਿਆ ਕਿ ਹਰ ਮਹੀਨੇ 5 ਤਰੀਕ ਤੱਕ ਤਨਖ਼ਾਹ ਮਿਲ ਜਾਂਦੀ ਸੀ | ਇਸ ਵਾਰ ਮਈ ਦੀ ਤਨਖ਼ਾਹ ਜੂਨ ਮਹੀਨੇ 'ਚ ਮਿਲਣੀ ਸੀ ਤੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਪਰਿਵਾਰਕ ਖ਼ਰਚੇ ਵੀ ਵੱਧ ਹੁੰਦੇ ਹਨ | ਪਰ ਅਜੇ ਤੱਕ ਵੀ ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਗੁਜ਼ਾਰੇ ਕੇਵਲ ਤਨਖ਼ਾਹ ਦੇ ਸਿਰ 'ਤੇ ਚੱਲਦੇ ਹਨ | ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਹ ਪਹਿਲਾਂ ਹਰ ਸਾਲ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਕਿਤੇ ਆਉਣ-ਜਾਣ ਦਾ ਪ੍ਰੋਗਰਾਮ ਬਣਾਉਂਦੇ ਸਨ, ਪਰ ਇਸ ਵਾਰ ਤਨਖਾਹ ਨਾ ਮਿਲਣ ਕਾਰਨ ਕੋਈ ਪ੍ਰੋਗਰਾਮ ਨਹੀਂ ਬਣ ਰਿਹਾ | ਉਨ੍ਹਾਂ ਕਿਹਾ ਕਿ ਜੂਨ ਮਹੀਨਾ ਅੱਧਾ ਬੀਤ ਚੁੱਕਾ ਹੈ, ਪਰ ਤਨਖ਼ਾਹ ਮਿਲਣ ਦੀ ਕੋਈ ਆਸ ਨਹੀਂ | ਉਨ੍ਹਾਂ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਤੁਰੰਤ ਤਨਖਾਹਾਂ ਦਾ ਬਜਟ ਜਾਰੀ ਕੀਤਾ ਜਾਵੇ ਤਾਂ ਜੋ ਉਹ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਣ ਸਕਣ |