ਕਿਸ਼ਨਗੜ, 17 ਜੂਨ (ਹੁਸਨ ਲਾਲ)- ਜਲੰਧਰ-ਪਠਾਨਕੋਟ ਕੌਮੀ ਸ਼ਾਹ ਮਾਰਗ 'ਤੇ ਸਥਿਤ ਅੱਡਾ ਕਿਸ਼ਨਗੜ੍ਹ ਨਜ਼ਦੀਕ ਇੱਕ ਬੂਟਿਆਂ ਦੀ ਨਰਸਰੀ ਸਾਹਮਣੇ ਇੱਕ ਕਾਰ ਨੂੰ ਕਿਸੇ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਕਾਰਨ ਕਾਰ ਦੇ ਬੇਕਾਬੂ ਹੋ ਕੇ ਪਲਟਣ ਤੇ ਕਾਰ ਸਵਾਰ ਬਜ਼ੁਰਗ ਦੇ ਜ਼ਖ਼ਮੀ ਹੋਣ ਦੀ ਖਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬਜ਼ੁਰਗ ਉਪਕਾਰ ਸਿੰਘ (72 ਸਾਲ) ਪੁੱਤਰ ਸਾਧੂ ਸਿੰਘ ਪਿੰਡ ਧੁੱਗਾ ਜ਼ਿਲ੍ਹਾ ਹੁਸ਼ਿਆਰਪੁਰ ਜੋ ਆਪਣੀ ਆਲਟੋ ਕਾਰ ਵਿੱਚ ਸਵਾਰ ਹੋ ਕੇ ਜਲੰਧਰ ਤੋਂ ਭੋਗਪੁਰ ਵੱਲ ਨੂੰ ਜਾ ਰਿਹਾ ਸੀ | ਜਦ ਉਹ ਅੱਡਾ ਕਿਸ਼ਨਗੜ ਚੌਂਕ ਤੋਂ ਥੋੜਾ ਪਿੱਛੇ ਹੀ ਸੀ ਤਾਂ ਉਸ ਦੀ ਕਾਰ ਨੂੰ ਕਿਸੇ ਅਣਪਛਾਤੇ ਭਾਰੀ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ | ਕਾਰ ਪਲਟਣ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਕਾਰ ਦਾ ਸ਼ੀਸ਼ਾ ਤੋੜ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ | ਸੂਚਨਾ ਮਿਲਣ 'ਤੇ ਐਸ ਐਸ ਐਫ ਦੀ ਟੀਮ ਵਲੋਂ ਮੌਕੇ 'ਤੇ ਪਹੁੰਚ ਕੇ ਸੰਬੰਧਿਤ ਪੁਲਿਸ ਚੌਂਕੀ ਵਿਖੇ ਸੂਚਿਤ ਕੀਤਾ | ਇਸ ਹਾਦਸੇ 'ਚ ਕਾਰ ਚਾਲਕ ਬਜ਼ੁਰਗ ਦਾ ਬਚਾਅ ਹੋ ਗਿਆ ਤੇ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ |