ਜਲੰਧਰ, 20 ਜੂਨ (ਸ਼ਿਵ)- ਜੈਤੇਵਾਲੀ ਦੇ ਸੀਵਰੇਜ ਟਰੀਟਮੈਂਟ ਪਲਾਂਟ 'ਚ ਵੱਡੀਆਂ ਖ਼ਾਮੀਆਂ ਮਿਲਣ ਤੋਂ ਬਾਅਦ ਮੇਅਰ ਵਨੀਤ ਧੀਰ ਨੇ ਇਸ ਮਾਮਲੇ 'ਚ ਹੁਣ ਸਖ਼ਤ ਕਾਰਵਾਈ ਕਰਦੇ ਹੋਏ ਇਸ ਪਲਾਂਟ ਦੀ ਰੱਖ-ਰਖਾਅ ਦਾ ਕੰਮ ਦੇਖ ਰਹੇ ਐੱਸ. ਡੀ. ਓ. ਗਗਨ ਲੂਥਰਾ ਨੂੰ ਹਟਾ ਕੇ ਇਸ ਦੀ ਸੰਭਾਲ ਦਾ ਕੰਮ ਓ. ਐਂਡ. ਐਮ. ਦੇ ਸਾਬਕਾ ਐੱਸ. ਈ. ਇੰਜ. ਸਤਿੰਦਰ ਮਹਾਜਨ ਦੇ ਹਵਾਲੇ ਕਰ ਦਿੱਤਾ ਹੈ | ਕੁੱਝ ਦਿਨ ਪਹਿਲਾਂ ਮੇਅਰ ਵਨੀਤ ਧੀਰ ਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਲੋਂ ਜੈਤੇਵਾਲੀ ਸੀਵਰੇਜ ਟਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਗਿਆ ਸੀ ਤਾਂ ਉਸ ਵੇਲੇ ਪਲਾਂਟ 'ਚ ਕਈ ਖ਼ਾਮੀਆਂ ਮਿਲੀਆਂ ਸੀ | ਇਨ੍ਹਾਂ ਖ਼ਾਮੀਆਂ ਕਰਕੇ ਹੀ ਰਾਮਾ ਮੰਡੀ, ਢਿਲਵਾਂ ਤੇ ਹੋਰ ਇਲਾਕਿਆਂ 'ਚ ਲੋਕ ਗੰਦੇ ਪਾਣੀ 'ਚ ਡੁੱਬੇ ਰਹਿੰਦੇ ਸੀ | ਮੇਅਰ ਵਨੀਤ ਧੀਰ ਦੀ ਹਦਾਇਤ 'ਤੇ ਪਹਿਲਾਂ ਇਨ੍ਹਾਂ ਖ਼ਾਮੀਆਂ ਕਰਕੇ ਟਰੀਟਮੈਂਟ ਪਲਾਂਟ ਦੀ ਸੰਭਾਲ ਦਾ ਕੰਮ ਕਰਨ ਵਾਲੀ ਕੰਪਨੀ ਤੇ ਨਿਗਮ ਵਲੋਂ ਸੰਭਾਲ ਦਾ ਕੰਮ ਦੇਖ ਰਹੇ ਐੱਸ.ਡੀ. ਓ. ਗਗਨ ਲੂਥਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਜੈਤੇਵਾਲੀ ਟਰੀਟਮੈਂਟ ਪਲਾਂਟ ਨੂੰ ਸਹੀ ਤਰੀਕੇ ਨਾਲ ਚਲਾਉਣ ਤੇ ਹੋਰ ਵੀ ਪਲਾਂਟਾਂ ਦਾ ਕੰਮ ਸੁਚਾਰੂ ਰੂਪ ਨਾਲ ਚਲਾਉਣ ਲਈ ਸਾਬਕਾ ਇੰਜ. ਸਤਿੰਦਰ ਮਹਾਜਨ ਦੇ ਹਵਾਲੇ ਇਨ੍ਹਾਂ ਦਾ ਕੰਮ ਦਿੱਤਾ ਗਿਆ ਹੈ | ਸ਼ਹਿਰ ਦੀ ਸੀਵਰੇਜ ਸਮੱਸਿਆ ਹੱਲ ਕਰਨ ਲਈ ਹੀ ਨਿਗਮ ਵਲੋਂ ਇੰਜ. ਸਤਿੰਦਰ ਮਹਾਜਨ ਨੂੰ ਕੁੱਝ ਦਿਨ ਪਹਿਲਾਂ ਸਮਾਰਟ ਸਿਟੀ ਕੰਪਨੀ ਰਾਹੀਂ ਦੁਬਾਰਾ ਸੇਵਾਵਾਂ ਲੈਣ ਲਈ ਸਲਾਹਕਾਰ ਵਜੋਂ ਨਿਯੁਕਤ ਕੀਤਾ ਗਿਆ ਹੈ | ਸ਼ਹਿਰ 'ਚ ਇਸ ਵੇਲੇ ਜੈਤੇਵਾਲੀ ਟਰੀਟਮੈਂਟ ਪਲਾਂਟ ਤੋਂ ਇਲਾਵਾ ਬਸਤੀ ਪੀਰ ਦਾਦ, ਫੋਲੜੀਵਾਲ ਟਰੀਟਮੈਂਟ ਪਲਾਂਟ ਮੌਜੂਦ ਹੈ | ਹੁਣ ਜਦੋਂ ਕਿ ਕੁੱਝ ਦਿਨਾਂ ਬਾਅਦ ਬਰਸਾਤਾਂ ਸ਼ੁਰੂ ਹੋਣ ਵਾਲੀਆਂ ਹਨ ਜਿਸ ਕਰਕੇ ਹੁਣ ਮੇਅਰ ਵਲੋਂ ਇਸ ਮਾਮਲੇ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ | ਉਧਰ ਸ਼ਹਿਰ 'ਚ ਬਰਸਾਤਾਂ ਨੂੰ ਸ਼ਹਿਰ ਨੂੰ ਡੁੱਬਣ ਤੋਂ ਰੋਕਣ ਲਈ ਨਿਗਮ ਵਲੋਂ ਰੋਡ ਗਲੀਆਂ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਪਰ ਅਜੇ ਵੀ ਸੀਵਰਾਂ ਦੀ ਸੁਪਰ ਸਕਸ਼ਨ ਮਸ਼ੀਨਾਂ ਨਾਲ ਸਫ਼ਾਈ ਕਰਵਾਈ ਜਾਣੀ ਹੈ ਤੇ ਜੇਕਰ ਇਹ ਸਮੇਂ ਸਿਰ ਹੋ ਜਾਂਦੀ ਤਾਂ ਬਰਸਾਤਾਂ 'ਚ ਸ਼ਹਿਰ ਦੇ ਪਾਣੀ ਵਿਚ ਡੁੱਬਣ ਦੀ ਸ਼ੰਕਾ ਘੱਟ ਜਾਣੀ ਸੀ ਪਰ ਅਜੇ ਵੀ ਜੰਗੀ ਪੱਧਰ 'ਤੇ ਕਾਫੀ ਯਤਨ ਕਰਨ ਦੀ ਲੋੜ ਹੈ | ਜੇਕਰ ਬਰਸਾਤਾਂ 'ਚ ਜ਼ਿਆਦਾ ਮੀਂਹ ਪੈਂਦਾ ਹੈ ਤਾਂ ਇਸ ਨਾਲ ਹੇਠਲੇ ਇਲਾਕਿਆਂ ਵਿਚ ਪਾਣੀ ਭਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |