ਗੁਰਾਇਆ, 20 ਜੂਨ (ਬਲਵਿੰਦਰ ਸਿੰਘ)-7 ਜੂਨ ਨੂੰ ਪਿੰਡ ਸੰਗ ਢੇਸੀਆਂ ਵਿਖੇ ਹਾਦਸੇ 'ਚ ਮਰਨ ਵਾਲੇ 2 ਨੌਜਵਾਨਾਂ ਦੇ ਵਾਰਸਾਂ ਤੇ ਪਿੰਡ ਵਾਸੀਆਂ ਨੇ ਅੱਜ ਬਸਪਾ ਪੰਜਾਬ ਦੇ ਜਨਰਲ ਸਕੱਤਰ ਲਾਲ ਚੰਦ ਔਜਲਾ ਅਤੇ ਹੋਰਨਾਂ ਦੀ ਅਗਵਾਈ 'ਚ ਗੁਰਾਇਆ ਥਾਣੇ ਮੂਹਰੇ ਰੋਸ ਧਰਨਾ ਦਿੱਤਾ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੇ ਨੌਜਵਾਨ ਲੜਕੇ ਇਕ ਟਰੈਕਟਰ ਨਾਲ ਹਾਦਸਾਗ੍ਰਸਤ ਹੋਏ ਹਨ ਪਰ ਪੁਲਿਸ ਉਕਤ ਟਰੈਕਟਰ ਵਾਲਿਆਂ ਨੂੰ ਗਿ੍ਫ਼ਤਾਰ ਨਹੀਂ ਕਰ ਰਹੀ ਹੈ | ਇਸ 'ਤੇ ਪੁਲਿਸ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ | ਧਰਨਾਕਾਰੀ ਮੰਗ ਕਰ ਰਹੇ ਸਨ ਕਿ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਪੁਲਿਸ ਨੇ ਇਸ ਮੌਕੇ ਸੀ ਸੀ ਟੀ ਵੀ ਫੁਟੇਜ ਵੀ ਦਿਖਾਈ ਪਰ ਧਰਨਾਕਾਰੀ ਬਜ਼ਿਦ ਸਨ ਕਿ ਹਾਦਸਾ ਟਰੈਕਟਰ ਨਾਲ ਹੀ ਹੋਇਆ ਹੈ ਤੇ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਧਰਨੇ ਦੌਰਾਨ ਸਰਵਿਸ ਰੋਡ ਵੀ ਰੋਕੀ ਗਈ ਸੀ ਜਿਸ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਹੋਈ | 5 ਘੰਟੇ ਚੱਲੇ ਇਸ ਧਰਨੇ 'ਚ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਲਈ ਇੰਸਪੈਕਟਰ ਸਿਕੰਦਰ ਸਿੰਘ ਐੱਸ.ਐੱਚ.ਓ. ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨੌਜਵਾਨ ਲੜਕਿਆਂ ਦੀ ਮੌਤ ਦਾ ਬਹੁਤ ਦੁੱਖ ਹੈ, ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਉਸ ਦੀ ਰਿਪੋਰਟ ਆਏਗੀ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਲਾਲ ਚੰਦ ਅÏਜਲਾ ਬਸਪਾ ਆਗੂ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਸੋਮਵਾਰ ਤੱਕ ਦਾ ਸਮਾਂ ਦਿੰਦੇ ਹਾਂ ਜੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਦੁਬਾਰਾ ਧਰਨਾ ਲਗਾਇਆ ਜਾਵੇਗਾ |