ਜਲੰਧਰ, 21 ਜੂਨ (ਐੱਮ. ਐੱਸ. ਲੋਹੀਆ)-ਬਸਤੀ ਦਾਨਿਸ਼ਮੰਦਾ ਰੋਡ 'ਤੇ ਬ੍ਰਾਈਟ ਵੇਅ ਸਪੋਰਟਸ ਫੈਕਟਰੀ ਦੀ ਦੂਜੀ ਮੰਜ਼ਿਲ 'ਤੇ ਅਚਾਨਕ ਲੱਗੀ ਅੱਗ ਨਾਲ ਭਾਰੀ ਨੁਕਸਾਨ ਹੋ ਗਿਆ, ਜਿਸ ਦੌਰਾਨ ਫੈਕਟਰੀ ਅੰਦਰ ਪਿਆ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ | ਫੈਕਟਰੀ 'ਚ ਲੱਗੀ ਅੱਗ ਨਾਲ ਦੂਰ-ਦੂਰ ਤੱਕ ਧੂੰਆਂ ਫੈਲ ਗਿਆ, ਜਿਸ ਕਰਕੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ | ਅੱਗ ਲੱਗਣ ਦਾ ਪਤਾ ਲਗਦੇ ਹੀ ਇਲਾਕਾ ਵਾਸੀਆਂ ਨੇ ਫੈਕਟਰੀ ਦੇ ਮੁਲਾਜ਼ਮਾਂ ਨਾਲ ਮਿਲ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੇ ਵੱਧਦੇ ਪ੍ਰਭਾਵ ਅੱਗੇ ਉਨ੍ਹਾਂ ਦੀ ਪੇਸ਼ ਨਹੀਂ ਚੱਲੀ | ਇਸੇ ਦੌਰਾਨ ਕਿਸੇ ਨੇ ਫਾਇਰ ਬਿ੍ਗੇਡ ਨੂੰ ਸੂਚਨਾ ਕਰ ਦਿੱਤੀ | ਫਾਇਰ ਬਿ੍ਗੇਡ ਦੀ ਟੀਮ ਵਲੋਂ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਗਿਆ, ਉਸ ਵਕਤ ਅੱਗ ਦੀ ਗਰਮੀ ਨੇ ਫੈਕਟਰੀ 'ਚ ਰੱਖੇ ਜਲਣਸ਼ੀਲ ਪਦਾਰਥਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਭਿਆਣਕ ਰੂਪ ਧਾਰਨ ਕਰ ਲਿਆ | ਮੌਕੇ 'ਤੇ ਪਹੁੰਚੀਆਂ ਫਾਇਰ ਬਿ੍ਗੇਡ ਦੀਆਂ ਗੱਡੀਆਂ ਵਲੋਂ ਲਗਤਾਰ ਚੱਕਰ ਲਗਾਏ ਗਏ | 50 ਦੇ ਕਰੀਬ ਪਾਣੀ ਦੀਆਂ ਗੱਡੀਆਂ ਤੇ ਫਾਇਰ ਬਿ੍ਗੇਡ ਮੁਲਾਜ਼ਮਾਂ ਵਲੋਂ ਕੀਤੀ ਗਈ ਭਾਰੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ | ਗਣੀਮਤ ਰਹੀ ਕਿ ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ | ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ |