ਜਲੰਧਰ ਛਾਉਣੀ, 21 ਜੂਨ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਂਕੀ ਦਕੋਹਾ ਦੇ ਅਧੀਨ ਆਉਂਦੀ ਢਿਲਵਾਂ ਰੋਡ ਨੇੜੇ ਸਥਿਤ ਅੱਜ ਤੜਕੇ ਮੋਟਰਸਾਈਕਲ ਸਵਾਰ ਦੋ ਚੋਰਾਂ ਵਲੋਂ ਦੋ ਦੁਕਾਨਾਂ ਨੂੰ ਬਣਾਉਂਦੇ ਹੋਏ ਉਕਤ ਦੁਕਾਨਾਂ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਤੇ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਥਾਣਾ ਰਾਮਾ ਮੰਡੀ ਦੇ ਪੁਲਿਸ ਅਧਿਕਾਰੀ ਪਹੁੰਚ ਗਏ ਤੇ ਉਨ੍ਹਾਂ ਵਲੋਂ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ | ਜਾਣਕਾਰੀ ਦਿੰਦੇ ਹੋਏ ਐੱਸ. ਕੇ. ਐੱਸ. ਫਿਜੀਓਥਰੈਪਿਸਟ ਦੀ ਮਾਲਕ ਸੰਤੋਸ਼ ਪਤਨੀ ਸੰਜੀਵ ਕੁਮਾਰ ਵਾਸੀ ਰਾਮਾ ਮੰਡੀ ਨੇ ਦੱਸਿਆ ਕਿ ਅੱਜ ਸਵੇਰ ਸਮੇਂ ਉਨ੍ਹਾਂ ਦੀ ਦੁਕਾਨ ਦੇ ਗੁਆਂਢੀ ਦੁਕਾਨਦਾਰ ਨੇ ਫ਼ੋਨ 'ਤੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਦੁਕਾਨ ਦੇ ਤਾਲੇ ਟੁੱਟੇ ਪਏ ਹਨ ਤੇ ਜਦੋਂ ਮੈਂ ਦੁਕਾਨ 'ਤੇ ਆ ਕੇ ਦੇਖਿਆ ਤਾਂ ਦੁਕਾਨ ਦੇ ਅੰਦਰ ਪਈਆਂ ਹੋਈਆਂ ਕੀਮਤੀ ਮਸ਼ੀਨਾਂ ਚੋਰੀ ਹੋ ਚੁੱਕੀਆਂ ਸਨ ਤੇ ਚੋਰ 5 ਹਜ਼ਾਰ ਦੀ ਨਕਦੀ ਤੇ ਜ਼ਰੂਰੀ ਦਸਤਾਵੇਜ਼ ਆਦਿ ਵੀ ਚੋਰੀ ਕਰਕੇ ਲੈ ਗਏ ਸਨ | ਇਸੇ ਤਰ੍ਹਾਂ ਹੀ ਚੋਰਾਂ ਨੇ ਉਕਤ ਦੁਕਾਨ ਦੇ ਨੇੜੇ ਹੀ ਸਥਿਤ ਇਕ ਦਵਾਈਆਂ ਦੀ ਦੁਕਾਨ ਆਸ਼ਮਾ ਮੈਡੀਕੋਜ਼ ਨੂੰ ਨਿਸ਼ਾਨਾਂ ਬਣਾਉਂਦੇ ਹੋਏ ਉਕਤ ਚੋਰਾਂ ਨੇ ਦੁਕਾਨ 'ਚੋਂ 5 ਹਜ਼ਾਰ ਰੁਪਏ ਦੀ ਨਕਦੀ, ਇਕ ਮੋਬਾਈਲ ਤੇ ਕੁਝ ਦਵਾਈਆਂ ਵੀ ਚੋਰੀ ਕਰ ਲਈਆਂ ਹਨ | ਇਕੋ ਸਮੇਂ ਹੀ ਦੋ ਦੁਕਾਨਾਂ 'ਚ ਹੋਈ ਚੋਰੀ ਦੀ ਵਾਰਦਾਤ ਤੋਂ ਦਹਿਸ਼ਤ 'ਚ ਆਏ ਦੁਕਾਨਦਾਰਾਂ ਨੇ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਤੋਂ ਮੰਗ ਕੀਤੀ ਹੈ ਕਿ ਢਿਲਵਾਂ ਰੋਡ 'ਤੇ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ | ਦੱਸਣਯੋਗ ਹੈ ਕਿ ਮੋਟਰਸਾਈਕਲ ਸਵਾਰ ਚੋਰ ਨੇੜੇ ਹੀ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਏ ਹਨ, ਜਿਸ ਦੇ ਆਧਾਰ 'ਤੇ ਪੁਲਿਸ ਉਕਤ ਚੋਰਾਂ ਦੀ ਭਾਲ ਕਰ ਰਹੀ ਹੈ |