ਜਲੰਧਰ, 15 ਅਕਤੂਬਰ (ਐੱਮ. ਐੱਸ. ਲੋਹੀਆ) - ਫੋਰਟਿਸ ਹਸਪਤਾਲ ਜਲੰਧਰ ਨੇ ਅਮਰੀਕਨ ਓਨਕੋਲੋਜੀ ਇੰਸਟੀਚਿਊਟ (ਏ.ਓ.ਆਈ.) ਨਾਲ ਮਿਲ ਕੇ ਬ੍ਰੈੱਸਟ (ਛਾਤੀ) ਦੇ ਕੈਂਸਰ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸਮਾਗਮ ਕਰਵਾਇਆ | ਬ੍ਰੱੈਸਟ (ਛਾਤੀ) ਕੈਂਸਰ ਜਾਗਰੂਕਤਾ ਮਹੀਨੇ ਨੂੰ ਮਨਾਉਣ ਲਈ ਕੀਤੇ ਗਈ ਇਸ ਵਿਸ਼ੇਸ਼ ਉਪਰਾਲੇ ਦਾ ਮੰਤਵ ਛਾਤੀ ਦੇ ਕੈਂਸਰ ਤੋਂ ਪੀੜਤ ਮਰੀਜ਼ਾਂ ਅਤੇ ਇਲਾਜ ਤੋਂ ਬਾਅਦ ਇਸ ਤੋ ਬਚੇ ਲੋਕਾਂ ਨੂੰ ਭਾਵਨਾਤਮਕ ਸਹਾਇਤਾ ਪ੍ਰਦਾਨ ਕਰਨਾ ਸੀ | ਇਸ ਸਮਾਗਮ ਦੀ ਅਗਵਾਈ ਡਾ. ਅਰੁਣ ਸ਼ਰਮਾ, ਕੰਸਲਟੈਂਟ-ਸਰਜੀਕਲ ਓਨਕੋਲੋਜੀ, ਫੋਰਟਿਸ ਹਸਪਤਾਲ, ਜਲੰਧਰ ਨੇ ਕੀਤੀ | ਉਨ੍ਹਾਂ ਦੇ ਨਾਲ ਹੀ ਡਾ. ਬੁਰਹਾਨ ਵਾਨੀ, ਸੀਨੀਅਰ ਕੰਸਲਟੈਂਟ-ਮੈਡੀਕਲ ਓਨਕੋਲੋਜੀ, ਡਾ. ਨਵਦੀਪ ਸਿੰਘ, ਕੰਸਲਟੈਂਟ-ਮੈਡੀਕਲ ਓਨਕੋਲੋਜੀ, ਡਾ. ਰਾਹੁਲ ਲਾਲ ਚੌਧਰੀ, ਕੰਸਲਟੈਂਟ-ਰੇਡੀਏਸ਼ਨ ਓਨਕੋਲੋਜੀ ਅਤੇ ਡਾ. ਮੈਥਿਲੀ ਸ਼ਰਮਾ, ਕੰਸਲਟੈਂਟ-ਰੇਡੀਏਸ਼ਨ ਓਨਕੋਲੋਜੀ, ਏ.ਓ.ਆਈ. ਟੀਮ ਤੋਂ ਸਨ | ਇਸ ਮੌਕੇ ਮਾਹਿਰ ਡਾਕਟਰਾਂ ਨੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਲਈ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਨਿਯਮਤ ਸਕ੍ਰੀਨਿੰਗ, ਸ਼ੁਰੂਆਤੀ ਪੱਧਰ 'ਤੇ ਪਛਾਣ ਅਤੇ ਮਲਟੀ-ਡਿਸਪਲਨਰੀ ਕੇਅਰ ਦੀ ਮਹੱਤਤਾ 'ਤੇ ਚਾਨਣਾ ਪਾਇਆ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਅਰੁਣ ਸ਼ਰਮਾ ਨੇ ਕਿਹਾ ਕਿ 'ਬ੍ਰੇਸਟ (ਛਾਤੀ) ਦੇ ਕੈਂਸਰ ਦੇ ਨਤੀਜਿਆਂ 'ਚ ਸ਼ੁਰੂਆਤੀ ਖੋਜ ਅਤੇ ਐਡਵਾਂਸਡ ਇਲਾਜ ਵਿਕਲਪਾਂ ਨਾਲ ਕਾਫ਼ੀ ਸੁਧਾਰ ਹੋਇਆ ਹੈ | ਉਨ੍ਹਾਂ ਕਿਹਾ ਕਿ ਜਾਗਰੂਕਤਾ ਅਤੇ ਸਮੇਂ ਸਿਰ ਜਾਂਚ ਜਾਨਾਂ ਬਚਾਉਣ ਵੱਲ ਪਹਿਲਾ ਕਦਮ ਹੈ | ਡਾ. ਸ਼ਰਮਾ ਨੇ ਕਿਹਾ ਕਿ ਅੱਜ, ਆਧੁਨਿਕ ਓਨਕੋਪਲਾਸਟਿਕ ਤਕਨੀਕਾਂ ਨਾਲ, ਅਸੀਂ ਨਾ ਸਿਰਫ਼ ਬਿਮਾਰੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਇਲਾਜ ਕਰ ਸਕਦੇ ਹਾਂ ਬਲਕਿ ਸਰਜਰੀ ਤੋਂ ਬਾਅਦ ਇਕ ਔਰਤ ਦੇ ਆਤਮਵਿਸ਼ਵਾਸ, ਮਾਣ ਅਤੇ ਸਵੈ-ਭਾਵਨਾ ਨੂੰ ਵੀ ਬਹਾਲ ਕਰ ਸਕਦੇ ਹਾਂ | ਉਨ੍ਹਾਂ ਕਿਹਾ ਕਿ ਫੋਰਟਿਸ ਵਿਖੇ, ਉਨ੍ਹਾਂ ਦਾ ਧਿਆਨ ਆਪਣੇ ਮਰੀਜ਼ਾਂ ਲਈ ਸੰਪੂਰਨ ਇਲਾਜ 'ਤੇ ਹੈ |' ਇਸ ਮੌਕੇ ਛਾਤੀ ਦੇ ਕੈਂਸਰ ਤੋਂ ਬਚੀ ਇਕ ਔਰਤ ਨੇ ਹਿੰਮਤ, ਮਜ਼ਬੂਤੀ ਅਤੇ ਉੁਮੀਦ ਦੀ ਸ਼ਕਤੀਸ਼ਾਲੀ ਯਾਤਰਾ ਸਾਂਝੀ ਕੀਤੀ ਅਤੇ ਹੋਰਾਂ ਨੂੰ ਨਿਯਮਤ ਜਾਂਚ ਅਤੇ ਸਵੈ-ਜਾਗਰੂਕਤਾ ਨੂੰ ਤਰਜੀਹ ਦੇਣ ਲਈ ਪ੍ਰੇਰਿਤ ਕੀਤਾ | ਸਮਾਗਮ ਦੌਰਾਨ ਏ.ਓ.ਆਈ. ਸਟਾਫ਼ ਦੁਆਰਾ ਸੱਭਿਆਚਾਰਕ ਪ੍ਰਦਰਸ਼ਨ ਵੀ ਪੇਸ਼ ਕੀਤੇ ਗਏ, ਜਿਨ੍ਹਾਂ ਨੇ ਕੈਂਸਰ ਵਿਰੁੱਧ ਲੜਾਈ 'ਚ ਤਾਕਤ, ਸਕਾਰਾਤਮਕਤਾ ਅਤੇ ਏਕਤਾ ਦਾ ਜਸ਼ਨ ਮਨਾਇਆ | ਇਸ ਮੌਕੇ ਕੇਕ ਕੱਟਣ ਦੀ ਰਸਮ ਨੇ ਸਾਰਿਆਂ ਨੂੰ ਇਕ ਵੱਖਰੀ ਖੁਸ਼ੀ ਅਤੇ ਏਕਤਾ ਦੇ ਅਹਿਸਾਸ ਨਾਲ ਜੋੜਿਆ |