ਜਲੰਧਰ, 17 ਅਕਤੂਬਰ (ਐੱਮ. ਐੱਸ. ਲੋਹੀਆ)-4 ਕਿੱਲੋ ਅਫ਼ੀਮ ਅਤੇ 11 ਹਜ਼ਾਰ ਡਰੱਗ ਮਨੀ ਲੈ ਕੇ ਸਕਾਰਪੀਓ 'ਚ ਜਾ ਰਹੇ, ਜ਼ਮਾਨਤ 'ਤੇ ਆਏ ਅੰਡੇ, ਮੀਟ ਅਤੇ ਮੱਛੀ ਦੀ ਦੁਕਾਨ ਚਲਾਉਣ ਵਾਲੇ ਨੂੰ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਉਸ ਦੇ ਡਰਾਈਵਰ ਸਾਥੀ ਸਮੇਤ ਗਿ੍ਫ਼ਤਾਰ ਕਰ ਲਿਆ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ (36) ਪੁੱਤਰ ਸਾਈਾ ਦਾਸ ਵਾਸੀ ਮੁਹੱਲਾ ਬੇਗੋਆਣਾ, ਪਿੰਡ ਗਿੱਲ, ਲੁਧਿਆਣਾ ਅਤੇ ਉਸਦੇ ਸਾਥੀ ਦੀ ਪਛਾਣ ਸੰਦੀਪ ਸਿੰਘ ਉਰਫ਼ ਸੁੱਖਾ (40) ਪੁੱਤਰ ਨਾਜਰ ਸਿੰਘ ਵਾਸੀ ਨਿਊ ਜਨਤਾ ਨਗਰ, ਸ਼ਿਮਲਾਪੁਰੀ, ਲੁਧਿਆਣਾ ਵਜੋਂ ਦੱਸੀ ਗਈ ਹੈ | ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਨੇ ਜਾਣਕਾਰੀ ਦਿੱਤੀ ਕਿ ਐੱਸ.ਪੀ. (ਜਾਂਚ) ਸਰਬਜੀਤ ਰਾਏ ਅਤੇ ਡੀ.ਐੱਸ.ਪੀ. (ਜਾਂਚ) ਇੰਦਰਜੀਤ ਸਿੰਘ ਸੈਣੀ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਮੁਖੀ ਪੁਸ਼ਪ ਬਾਲੀ ਦੀ ਟੀਮ ਦੇ ਐੱਸ.ਆਈ. ਨਿਰਮਲ ਸਿੰਘ ਦੀ ਪੁਲਿਸ ਪਾਰਟੀ ਨੇ ਪਿੰਡ ਬੋਲੀਨਾ ਨੇੜੇ ਕਾਰਵਾਈ ਕਰਦੇ ਹੋਏ ਸਕਾਰਪੀਓ ਗੱਡੀ 'ਚੋਂ 4 ਕਿੱਲੋ ਅਫ਼ੀਮ ਅਤੇ ਡਰੱਗ ਮਨੀ ਦੇ 11 ਹਜ਼ਾਰ ਰੁਪਏ ਬਰਾਮਦ ਕਰਕੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਸੰਦੀਪ ਸਿੰਘ ਉਰਫ਼ ਸੁੱਖਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਮੁਲਜ਼ਮਾਂ ਤੋਂ ਕੀਤੀ ਗਈ ਮੁੱਢਲੀ ਤਫ਼ਤੀਸ਼ ਦੌਰਾਨ ਪਤਾ ਲੱਗਾ ਹੈ ਕਿ ਗੋਪੀ ਅੰਡੇ, ਮੀਟ ਅਤੇ ਮੱਛੀ ਦੀ ਦੁਕਾਨ ਚਲਾਉਂਦਾ ਹੈ | ਉਸ ਦੀ ਦੋਸਤੀ ਸੰਦੀਪ ਸਿੰਘ ਉਰਫ਼ ਸੁੱਖਾ ਨਾਲ ਹੋ ਗਈ, ਜੋ ਕਿ ਡਰਾਈਵਰੀ ਦਾ ਕੰਮ ਕਰਦਾ ਹੈ, ਜੋ ਦੂਸਰੇ ਸੂਬਿਆਂ 'ਚ ਜਾਂਦਾ ਰਹਿੰਦਾ ਸੀ | ਜਲਦੀ ਅਮੀਰ ਹੋਣ ਦੇ ਲਾਲਚ 'ਚ ਉਨ੍ਹਾਂ ਦੋਵਾਂ ਨੇ ਅਫ਼ੀਮ ਦੀ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ | ਸੰਦੀਪ ਮੱਧ ਪ੍ਰਦੇਸ਼ ਦੇ ਮਨਸੋਰ ਸ਼ਹਿਰ ਦੇ ਰਹਿਣ ਵਾਲੇ ਸ਼ੰਕਰ ਨਾਮ ਦੇ ਵਿਅਕਤੀ ਤੋਂ ਅਫ਼ੀਮ ਲੈ ਕੇ ਆਇਆ ਸੀ | ਉਨ੍ਹਾਂ ਨੇ ਇਹ ਅਫ਼ੀਮ ਜਲੰਧਰ ਅਤੇ ਲੁਧਿਆਣਾ ਦੇ ਖੇਤਰ 'ਚ ਸਪਲਾਈ ਕਰਨੀ ਸੀ | ਇਹ ਵੀ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਉਰਫ਼ ਗੋਪੀ ਖ਼ਿਲਾਫ਼ ਪਹਿਲਾਂ ਤਿੰਨ ਮੁਕੱਦਮੇ ਦਰਜ ਹਨ, ਜਿਨ੍ਹਾਂ 'ਚੋਂ ਉਹ ਜ਼ਮਾਨਤ 'ਤੇ ਜੇਲ੍ਹ 'ਚੋਂ ਆਇਆ ਹੈ | ਐੱਸ.ਐੱਸ.ਪੀ. ਵਿਰਕ ਨੇ ਕਿਹਾ ਕਿ ਮੁਲਜ਼ਮਾਂ ਤੋਂ ਹੋਰ ਜਾਣਕਾਰੀ ਲੈਣ ਲਈ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |