08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਥਾਣਾ ਮੁਖੀ ਨੂੰ ਢਿੱਲ ਦੇਣ ਵਾਲੇ ਐੱਸ.ਐੱਸ.ਪੀ ਖ਼ਿਲਾਫ਼ ਹੋਵੇ ਕਾਰਵਾਈ-ਕੀਮਤੀ ਭਗਤ <br/>

ਅਜੀਤ ਡੈਸਕ 18-10-2025
-ਮਾਮਲਾ ਔਰਤਾਂ ਵਲੋਂ ਥਾਣਾ ਮੁਖੀ ਭੂਸ਼ਣ ਕੁਮਾਰ 'ਤੇ ਲਗਾਏ ਗਏ ਦੋਸ਼ਾਂ ਦਾ-

ਜਲੰਧਰ, 17 ਅਕਤੂਬਰ (ਐੱਮ. ਐੱਸ. ਲੋਹੀਆ)-ਔਰਤਾਂ ਵਲੋਂ ਥਾਣਾ ਫਿਲੌਰ ਦੇ ਮੁਖੀ ਭੂਸ਼ਣ ਕੁਮਾਰ 'ਤੇ ਨਾਬਾਲਗਾ ਬੱਚੀ ਨਾਲ ਜਿਣਸੀ ਛੇੜ-ਛਾੜ ਅਤੇ ਇਕ ਹੋਰ ਲੜਕੀ ਨੂੰ ਆਪਣੇ ਕਮਰੇ 'ਚ ਆਉਣ ਦਾ ਦਬਾਅ ਬਣਾਉਣ ਦੀਆਂ ਕਾਲ ਰਿਕਾਰਡਿੰਗਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਭੂਸ਼ਣ ਕੁਮਾਰ ਨੂੰ ਜਿੱਥੇ ਮੁਅੱਤਲ ਕਰ ਦਿੱਤਾ ਗਿਆ ਹੈ, ਉੱਥੇ ਉਸ ਖ਼ਿਲਾਫ਼ ਇਕ ਐੱਫ਼.ਆਈ.ਆਰ. ਵੀ ਦਰਜ ਕਰ ਦਿੱਤੀ ਗਈ ਹੈ | ਦਿਹਾਤੀ ਪੁਲਿਸ ਦੇ ਐੱਸ.ਐੱਸ.ਪੀ. ਵਲੋਂ ਆਪਣੇ ਥਾਣਾ ਮੁਖੀ ਖ਼ਿਲਾਫ਼ ਕੀਤੀ ਗਈ ਇਸ ਕਾਰਵਾਈ ਤੋਂ ਅਸੰਤੁਸ਼ਟ ਗਊ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੀਮਤੀ ਭਗਤ ਨੇ ਇਸ ਮਾਮਲੇ ਨੂੰ ਚੁੱਕਣ ਵਾਲੀ ਸੰਸਥਾ ਲੋਕ ਇਨਸਾਫ਼ ਮੰਚ ਦੇ ਪ੍ਰਧਾਨ ਜਰਨੈਲ ਫਿਲੌਰ, ਪੀੜਤ ਔਰਤਾਂ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਇਕ ਪੱਤਰਕਾਰ ਸੰਮੇਲਨ ਕੀਤਾ | ਇਸ ਮੌਕੇ ਕੀਮਤੀ ਭਗਤ ਨੇ ਦੋਸ਼ ਲਗਾਏ ਕਿ ਜ਼ਿਲ੍ਹਾ ਦਿਹਾਤੀ ਪੁਲਿਸ ਦੇ ਐੱਸ.ਐੱਸ.ਪੀ. ਹਰਵਿੰਦਰ ਸਿੰਘ ਵਿਰਕ ਵਲੋਂ ਥਾਣਾ ਮੁਖੀ ਖ਼ਿਲਾਫ਼ ਬਣਦੀ ਕਾਰਵਾਈ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਜੇਕਰ ਐੱਸ.ਐੱਸ.ਪੀ. ਵਿਰਕ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਅਤੇ ਥਾਣਾ ਮੁਖੀ ਨੂੰ ਸ਼ਿਕਾਇਤ ਮਿਲਦੇ ਹੀ ਤੁਰੰਤ ਕਾਰਵਾਈ ਕਰਨ ਦੀਆਂ ਹਿਦਾਇਤਾਂ ਦਿੰਦੇ, ਤਾਂ ਉਸ ਦਾ ਇਨਾ ਹੌਂਸਲਾ ਨਹੀਂ ਵੱਧਣਾ ਸੀ, ਕਿ ਉਹ ਕਿਸੇ ਨਾਬਾਲਗਾ ਜਾਂ ਕਿਸੇ ਲੜਕੀ ਨੂੰ ਵਾਰ-ਵਾਰ ਫੋਨ ਕਰਕੇ ਪ੍ਰੇਸ਼ਾਨ ਕਰਦਾ | ਉਨ੍ਹਾਂ ਕਿਹਾ ਕਿ ਜੇਕਰ ਐੱਸ.ਐੱਸ.ਪੀ. ਇਸ ਮਾਮਲੇ 'ਚ ਗੰਭੀਰ ਹੁੰਦੇ ਤਾਂ ਉਹ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਸੋ-ਮੋਟੋ ਨੋਟਿਸ ਲਏ ਜਾਣ ਤੋਂ ਪਹਿਲਾਂ ਹੀ ਥਾਣਾ ਮੁਖੀ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰ ਦਿੰਦੇ | ਉਨ੍ਹਾਂ ਕਿਹਾ ਕਿ ਦੋ ਔਰਤਾਂ ਵਲੋਂ ਵੱਖ-ਵੱਖ ਹਾਲਾਤਾਂ ਦੇ ਆਧਾਰ 'ਤੇ ਦਿੱਤੀਆਂ ਗਈਆਂ ਸ਼ਿਕਾਇਤਾਂ ਦੇ ਬਾਵਜੂਦ ਐੱਸ.ਐੱਸ.ਪੀ. ਵਲੋਂ ਥਾਣਾ ਮੁਖੀ ਖ਼ਿਲਾਫ਼ ਇਕੋ ਹੀ ਐਫ਼.ਆਈ.ਆਰ. ਦਰਜ ਕੀਤੀ ਗਈ ਹੈ, ਜਦਕਿ ਇਹ ਵੱਖ-ਵੱਖ ਧਾਰਾਵਾਂ ਤਹਿਤ ਦੋ ਵੱਖ-ਵੱਖ ਐਫ਼.ਆਈ.ਆਰ. ਦਰਜ ਹੋਣੀਆਂ ਚਾਹੀਦੀਆਂ ਸਨ | ਕੀਮਤੀ ਭਗਤ ਨੇ ਮੰਗ ਕੀਤੀ ਕਿ ਥਾਣਾ ਮੁਖੀ ਨੂੰ ਢਿੱਲ ਦੇਣ ਵਾਲੇ ਐੱਸ.ਐੱਸ.ਪੀ. ਖ਼ਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਥਾਣਾ ਮੁਖੀ ਖ਼ਿਲਾਫ਼ ਪੋਕਸੋ ਐਕਟ ਤਹਿਤ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ | ਸ੍ਰੀ ਭਗਤ ਨੇ ਕਿਹਾ ਕਿ ਉਹ ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ.ਜੀ.ਪੀ. ਨੂੰ ਸ਼ਿਕਾਇਤ ਦੇਣ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਜੇਕਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ, ਤਾਂ ਉਹ ਇਨਸਾਫ਼ ਲੈਣ ਲਈ ਹਾਈਕੋਰਟ ਤੱਕ ਜਾਣਗੇ | ਇਸ ਮੌਕੇ ਸੁਭਾਸ਼ ਗੌਰੀਆ, ਮਾਸਟਰ ਹੰਸ ਰਾਜ, ਪ੍ਰਸ਼ੋਤਮ ਫਿਲੌਰ, ਰਾਮਜੀ ਦਾਸ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਪਟਾਕਾ ਮਾਰਕੀਟ ਵਿਚ ਅੱਜ ਤੋਂ ਸ਼ੁਰੂ ਹੋਵੇਗੀ ਪਟਾਕਿਆਂ ਦੀ ਵਿਕਰੀ ਅਗਲੀ ਖ਼ਬਰ .32 ਬੋਰ ਪਿਸਤੌਲ ਤੇ 4 ਜ਼ਿੰਦਾ ਰੌਂਦਾਂ ਸਮੇਤ ਇਕ ਵਿਅਕਤੀ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।