ਜਲੰਧਰ, 17 ਅਕਤੂਬਰ (ਸ਼ਿਵ)-ਮੇਅਰ ਵਨੀਤ ਧੀਰ ਵਲੋਂ 23 ਅਕਤੂਬਰ ਨੂੰ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਸੱਦ ਲਈ ਗਈ ਹੈ ਜਿਸ ਵਿਚ ਵਿਕਾਸ ਦੇ ਕਈ ਕੰਮ ਕਰਵਾਉਣ ਲਈ ਮਨਜੂਰੀ ਦਿੱਤੀ ਜਾਣੀ ਹੈ | ਇਸ ਮੀਟਿੰਗ ਵਿਚ ਕਰੀਬ 10 ਕਰੋੜ ਦੇ ਕੰੰਮ ਰੱਖੇ ਗਏ ਹਨ ਜਿਨਾਂ ਨੂੰ ਇਸ ਮੀਟਿੰਗ ਵਿਚ ਕਮੇਟੀ ਵਲੋਂ ਮਨਜੂਰੀ ਦਿੱਤੀ ਜਾਣੀ ਹੈ | ਇਸ ਮੀਟਿੰਗ ਵਿਚ ਵੈਸਟ ਹਲਕੇ ਵਿਚ ਕਰੀਬ 34 ਲਖ ਦੀ ਰਕਮ ਨਾਲ ਸੀਵਰਾਂ ਦੀ ਸਫਾਈ ਦਾ ਕੰਮ ਸੁਪਰ ਸਕਸ਼ਨ ਮਸ਼ੀਨਾਂ ਨਾਲ ਕਰਵਾਇਆ ਜਾਵੇਗਾ | ਸੀਵਰਾਂ ਦੀ ਸਫਾਈ ਦਾ ਜਿਹੜਾ ਕੰਮ ਕਰਵਾਇਆ ਜਾਣਾ ਹੈ, ਉਸ ਵਿਚ ਠੇਕੇਦਾਰ ਵਲੋਂ 10.13 ਫੀਸਦੀ ਛੋਟ ਦਿੱਤੀ ਗਈ ਹੈ | ਵੈਸਟ ਹਲਕੇ ਵਿਚ ਲੰਬੇ ਸਮੇਂ ਤੋਂ ਸੀਵਰ ਜਾਮ ਹੋਣ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਹਨ | ਇਸ ਤੋਂ ਇਲਾਵਾ ਬਰਲਟਨ ਪਾਰਕ ਵਿਚ ਇਕ ਕਰੋੜ ਦੀ ਲਾਗਤ ਨਾਲ ਸਕੂਲ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ | ਕੇਂਦਰੀ ਹਲਕੇ ਵਿਚ ਬਾਲੀਵਾਲ ਅਤੇ ਬੈਡਮਿੰਟਨ ਲਈ ਤਿੰਨ ਕੋਰਟ ਬਣਾਏ ਜਾ ਰਹੇ ਹਨ | ਢਿਲਵਾਂ, ਸੂਰੀਆ ਇਨਕਲੇਵ, ਉਲਡ ਬਾਰਾਦਰੀ ਵਿਚ ਵੀ ਬਣਾਏ ਜਾਣਗੇ | ਵਿੱਤ ਅਤੇ ਠੇਕਾ ਦੀ ਮੀਟਿੰਗ ਵਿਚ ਹੋਰ ਜਿਹੜੇ ਮਤੇ ਪਾਏ ਜਾਣਗੇ, ਉਨਾਂ ਵਿਚ ਉਤਰੀ ਹਲਕੇ ਵਿਚ ਸਥਿਤ 42 ਪਾਰਕਾਂ ਦੀ ਸੰਭਾਲ ਕਰਨ ਤੋਂ ਇਲਾਵਾ ਸ਼ਹਿਰ ਵਿਚ ਜਿਹੜੇ ਬੂਟਿਆਂ ਦੀ ਸੰਭਾਲ ਲਈ ਟ੍ਰੀ ਗਾਰਡ (ਲੋਹੇ ਦੇ ਜੰਗਲੇ) ਬਚਾਅ ਲਈ ਲਗਾਏ ਗਏ ਸੀ | ਉਥੇ ਬੂਟੇ ਕਾਫੀ ਵੱਡੇ ਗਏ ਹਨ ਜਿਸ ਕਰਕੇ ਉਕਤ ਟ੍ਰੀ ਗਾਰਡਾਂ ਨੂੰ ਉਤਾਰਨ ਲਈ ਕਰੀਬ 4 ਲੱਖ ਰੁਪਏ ਦਾ ਕੰਮ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਨੂੰ ਵਿੱਤ ਅਤੇ ਠੇਕਾ ਕਮੇਟੀ ਦੀ ਮੀਟਿੰਗ ਵਿਚ ਮਨਜੂਰੀ ਦਿੱਤੀ ਜਾਵੇਗੀ |