ਚੁਗਿੱਟੀ/ ਜੰਡੂ ਸਿੰਘਾ, 21 ਅਕਤੂਬਰ (ਨਰਿੰਦਰ ਲਾਗੂ)-ਜਲੰਧਰ - ਹੁਸ਼ਿਆਰਪੁਰ ਮਾਰਗ 'ਤੇ ਸਥਿਤ ਪਿੰਡ ਜੰਡੂਸਿੰਘਾ 'ਚ ਸੁਸ਼ੋਭਿਤ ਗੁਰਦੁਆਰਾ ਪੰਜ ਤੀਰਥ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੰਗਲਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੇ ਤਿਉਹਾਰ ਸਬੰਧੀ ਗੁਰਮਤਿ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਸਜਾਏ ਹੋਏ ਦੀਵਾਨ ਵਿਚ ਹਜ਼ੂਰੀ ਰਾਗੀ ਭਾਈ ਅਮਰਜੀਤ ਸਿੰਘ ਤੇ ਢਾਡੀ ਭਾਈ ਬਿਮਲਜੀਤ ਸਿੰਘ ਖ਼ਾਲਸਾ ਦੇ ਜਥੇ ਵਲੋਂ ਗੁਰਬਾਣੀ ਦਾ ਗਾਇਨ ਕਰਕੇ ਹਾਜ਼ਰੀਨ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ | ਇਸ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਉਕਤ ਗੁਰੂ ਘਰ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਸੰਘਾ ਨੇ ਬੰਦੀਛੋੜ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕੀਤੀ | ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਈ ਅਮਰਜੀਤ ਸਿੰਘ, ਕਰਨੈਲ ਸਿੰਘ,ਕੇਹਰ ਸਿੰਘ ਜੌਹਲ, ਜਸਪਾਲ ਸਿੰਘ ਗਿੱਲ, ਗੁਰਦਿਆਲ ਸਿੰਘ ਕਪੂਰ ਪਿੰਡ, ਸਰਬਜੀਤ ਸਿੰਘ ਸਾਬੀ, ਸਾਬਕਾ ਪੰਚ ਮਨਜੀਤ ਸਿੰਘ ਸੰਘਾ,ਗੁਰਪਾਲਜੀਤ ਸਿੰਘ ਸੰਘਾ, ਮਨਜੋਤ ਸਿੰਘ ਸੰਘਾ, ਮਾਸਟਰ ਅਮਰਜੀਤ ਸਿੰਘ ਕਪੂਰ ਪਿੰਡ ਤੇ ਗ੍ਰੰਥੀ ਭਾਈ ਬਲਜੀਤ ਸਿੰਘ ਆਦਿ ਹਾਜ਼ਰ ਸਨ |