ਜਲੰਧਰ, 6 ਨਵੰਬਰ (ਐੱਮ. ਐੱਸ. ਲੋਹੀਆ)-ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਸਿੰਘ ਚਿੱਤਕਾਰਾ ਨੇ ਕਿਹਾ ਕਿ ਮੌਕਾ ਪ੍ਰਸਤ ਤੇ ਖੁਦਗਰਜ ਸਿੱਖ ਆਗੂਆਂ ਨੇ ਸਿੱਖੀ ਨੂੰ ਹਮੇਸ਼ਾ ਢਾਹ ਲਗਾਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ’ਚ ਸਿੱਖੀ ਦੀ ਚੜ੍ਹਦੀਕਲਾ ਲਈ ਤਿਆਗ ਕਰਨ ਵਾਲਿਆਂ ਦਾ ਇਤਿਹਾਸ ਭਰਿਆ ਪਿਆ ਹੈ, ਜਿਸ ਤੋਂ ਪਤਾ ਲਗਦਾ ਹੈ ਕਿ ਸਿੱਖੀ ਦੀ ਸ਼ਾਨ ਖ਼ਾਤਰ ਆਗੂ ਵੱਡੀਆਂ-ਵੱਡੀਆਂ ਨਵਾਬੀਆਂ ਨੂੰ ਠੋਕਰ ਮਾਰ ਦਿੰਦੇ, ਆਪਾ ਕੁਰਬਾਨ ਕਰ ਦਿੰਦੇ ਸਨ, ਤਾਂ ਜੋ ਹਮੇਸ਼ਾਂ ਸਿੱਖ ਕੌਮ ਚੜ੍ਹਦੀਕਲਾ ’ਚ ਰਹੇ। ਉਨ੍ਹਾਂ ਕਿਹਾ ਕਿ ਪੁਰਾਤਨ ਸਿੱਖਾਂ ਦੀਆਂ ਲਾਸਾਨੀ ਕੁਰਬਾਨੀਆਂ ਦੇ ਮੁਕਾਬਲੇ ਅਜੋਕੇ ਸਿੱਖਾਂ ’ਚ ਕੁਝ ਐਸੇ ਆਗੂ ਬਣ ਗਏ ਹਨ, ਜਿਨ੍ਹਾਂ ਦੀਆਂ ਖ਼ੁਦਗਰਜੀਆਂ, ਮੌਕਾਪ੍ਰਸਤੀ ਤੇ ਦਲਬਦਲੀਆਂ ਨੇ ਨਵੇਂ ਰਿਕਾਰਡ ਬਣਾਏ ਹਨ। ਆਗੂਆਂ ਨੇ ਕਿਹਾ ਕਿ ਅਜਿਹੇ ਲੋਕਾਂ ਨੂੰ ਕੇਵਲ ਚੌਧਰ ਚਾਹੀਦੀ ਹੈ, ਭਾਵੇਂ ਸਿੱਖੀ ਨੂੰ ਜਿੰਨਾ ਮਰਜ਼ੀ ਨੁਕਸਾਨ ਹੋ ਜਾਵੇ। ਚਾਹੇ ਇਨ੍ਹਾਂ ਦੀ ਚੌਧਰ ਦੀ ਭੁੱਖ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਢਾਹ ਲੱਗੇ ਅਜਿਹੇ ਲੋਕਾਂ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਸਿੱਖ ਕੌਮ ਨੂੰ ਬੇਨਤੀ ਕੀਤੀ ਕਿ ਅਜਿਹੇ ਲੋਕਾਂ ਨੂੰ ਮੂੰਹ ਨਾ ਲਗਾਇਆ ਜਾਵੇ ਅਤੇ ਅਜਿਹੇ ਲੋਕਾਂ ਦਾ ਡੱਟ ਕਾ ਵਿਰੋਧ ਕੀਤਾ ਜਾਵੇ।