ਵਿਦੇਸ਼ ਬੈਠੇ ਦਾ ਬਣਿਆ ਡਰਾਈਵਿੰਗ ਲਾਇਸੈਂਸ- ਏ. ਆਰ. ਟੀ. ਓ. ਵਲੋਂ ਜਾਂਚ ਸ਼ੁਰੂ
ਅਜੀਤ ਡੈਸਕ
05-11-2025
ਜਲੰਧਰ, 4 ਨਵੰਬਰ (ਸ਼ਿਵ)- ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਅੱਜ ਡਰਾਈਵਿੰਗ ਟਰੈਕ 'ਤੇ ਪੁੱਜ ਕੇ ਕੈਨੇਡਾ ਬੈਠੇ ਇੱਕ ਨੌਜਵਾਨ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਏ. ਆਰ. ਟੀ. ਓ. ਵਿਸ਼ਾਲ ਗੋਇਲ ਨੇ ਡਰਾਈਵਿੰਗ ਟਰੈਕ 'ਤੇ ਪੁੱਜ ਕੇ ਡਰਾਈਵਿੰਗ ਲਾਇਸੈਂਸ ਬਣਾਉਣ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ | ਆਰ. ਟੀ. ਆਈ. ਐਕਟੀਵਿਸਟ ਅਤੇ ਕਾਂਗਰਸ ਦੇ ਆਗੂ ਸੰਜੇ ਸਹਿਗਲ ਨੇ ਬੀਤੇ ਦਿਨੀਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਸਮੇਤ ਕਈ ਅਧਿਕਾਰੀਆਂ ਨੂੰ ਵਿਦੇਸ਼ ਬੈਠੇ ਨੌਜਵਾਨ ਦਾ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਸ਼ਿਕਾਇਤ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ ਤੇ ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਵਿਭਾਗ ਵਿਚ ਹੜਕੰਪ ਮਚਿਆ ਹੋਇਆ ਹੈ | ਆਰ. ਟੀ. ਓ. ਅਮਨਪਾਲ ਸਿੰਘ ਦੇ ਧਿਆਨ ਵਿਚ ਜਦੋਂ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਉਨ੍ਹਾਂ ਨੇ ਏ. ਆਰ. ਟੀ. ਓ. ਵਿਸ਼ਾਲ ਗੋਇਲ ਨੂੰ ਜਾਂਚ ਦਾ ਕੰਮ ਦੇ ਕੇ ਦੋ ਦਿਨ ਵਿਚ ਰਿਪੋਰਟ ਦੇਣ ਲਈ ਕਿਹਾ ਸੀ | ਦੱਸਿਆ ਜਾਂਦਾ ਹੈ ਕਿ ਸ੍ਰੀ ਗੋਇਲ ਨੇ ਕਾਫੀ ਵਿਸਥਾਰ ਨਾਲ ਇਸ ਮਾਮਲੇ ਦੀ ਜਾਣਕਾਰੀ ਲਈ ਤੇ ਉਨ੍ਹਾਂ ਦੇ ਨਾਲ ਦੂਜੇ ਏ. ਆਰ. ਟੀ. ਓ. ਕਮਲੇਸ਼ ਕੁਮਾਰੀ ਵੀ ਮੌਜੂਦ ਸਨ | ਦੱਸਿਆ ਜਾਂਦਾ ਹੈ ਕਿ ਵਿਦੇਸ਼ ਬੈਠੇ ਜਿਸ ਵਿਅਕਤੀ ਦਾ ਡਰਾਈਵਿੰਗ ਲਾਇਸੈਂਸ ਬਣਾਇਆ ਗਿਆ ਸੀ ਤਾਂ ਉਸ ਦੀ ਜਗਾ 'ਤੇ ਹੋਰ ਕਿਸੇ ਵਿਅਕਤੀ ਵੱਲੋਂ ਟੈੱਸਟ ਦਿੱਤਾ ਗਿਆ ਸੀ ਤਾਂ ਇੱਕ ਦਿਨ ਵਿਚ ਹੀ ਅਪੁਆਇੰਟਮੈਂਟ ਮਿਲਣ ਤੋਂ ਬਾਅਦ ਉਸੇ ਦਿਨ ਉਸ ਦੇ ਲਾਇਸੈਂਸ ਦੀ ਅਪਰੂਵਲ ਹੋ ਗਈ ਸੀ | ਉਧਰ ਇਸ ਦੀ ਵੀ ਕਾਫੀ ਚਰਚਾ ਹੈ ਕਿ ਜੇਕਰ ਵਿਜੀਲੈਂਸ ਬਿਊਰੋ ਇਨ੍ਹਾਂ ਦੋਸ਼ਾਂ ਦੀ ਜਾਂਚ ਕਰੇ ਤਾਂ ਉਹ ਵਿਦੇਸ਼ ਬੈਠੇ ਨੌਜਵਾਨ ਦੀ ਜਗ੍ਹਾ ਡਰਾਈਵਿੰਗ ਟੈੱਸਟ ਦੇਣ ਆਏ ਕਿਸੇ ਵਿਅਕਤੀ ਬਾਰੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਜਾਣਕਾਰੀ ਪ੍ਰਾਪਤ ਕਰ ਸਕਦੀ ਹੈ ਪਰ ਜੇਕਰ ਇਸ ਰਿਕਾਰਡਿੰਗ ਨੂੰ ਹਟਾ ਦਿੱਤਾ ਗਿਆ ਹੋਵੇ ਤਾਂ ਟੈੱਸਟ ਦੇਣ ਆਏ ਵਿਅਕਤੀ ਦਾ ਪਤਾ ਲਗਾਉਣਾ ਔਖਾ ਹੋ ਸਕਦਾ ਹੈ | ਉਧਰ ਇਸ ਮਾਮਲੇ ਨੂੰ ਲੈ ਕੇ ਆਰ. ਟੀ. ਓ. ਅਮਨਪਾਲ ਸਿੰਘ ਨੇ ਚੰਡੀਗੜ੍ਹ ਤੋਂ ਸਬੰਧਿਤ ਡਰਾਈਵਿੰਗ ਲਾਇਸੈਂਸ ਬਾਰੇ ਰਿਕਾਰਡ ਤਲਬ ਕਰ ਲਿਆ ਹੈ ਤਾਂ ਜੋ ਇਸ ਬਾਰੇ ਹੋਰ ਜਾਣਕਾਰੀ ਮਿਲ ਸਕੇ | ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ ਸਹੀ ਸਾਬਤ ਹੋਣ ਤੋਂ ਬਾਅਦ ਇਸ ਲਾਇਸੈਂਸ ਨੂੰ ਰੱਦ ਕੀਤਾ ਜਾਵੇਗਾ |