ਮਹਿਤਪੁਰ, 4 ਨਵੰਬਰ (ਲਖਵਿੰਦਰ ਸਿੰਘ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਸ੍ਰੀ ਰਾਮਗੜ੍ਹੀਆ ਜੀ ਦੀ ਪ੍ਰਬੰਧਕ ਕਮੇਟੀ ਤੇ ਸ਼ਾਹਪੁਰ ਖੁਰਮਪੁਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ | ਗੁਰਦੁਆਰਾ ਸਾਹਿਬ ਤੋ ਅਰਦਾਸ ਕਰਨ ਉਪਰੰਤ ਨਗਰ ਕੀਰਤਨ ਦਾ ਆਰੰਭ ਹੋਇਆ, ਜੋ ਪੂਰੇ ਨਗਰ ਦੀ ਪ੍ਰੀਕਰਮਾ ਕਰਦਾ ਹੋਇਆ ਤੇ ਮਾਡਲ ਟਾਊਨ ਕਾਲੋਨੀ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ | ਮਾਡਲ ਟਾਊਨ ਕਾਲੋਨੀ ਵਿਚ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਤੇ ਸਮੂਹ ਕਾਲੋਨੀ ਵਾਸੀਆਂ ਵਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਚੜਾਏ ਗਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸਮੂਹ ਕਾਲੋਨੀ ਵਾਸੀਆਂ ਵਲੋਂ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਨੂੰ ਚਾਹ ਪਕੌੜਿਆਂ ਦੇ ਲੰਗਰ ਬੜੀ ਸ਼ਰਧਾ ਨਾਲ ਛਕਾਏ ਗਏ | ਮਹਿਤਪੁਰ ਨਗਰ ਕੀਰਤਨ ਦੌਰਾਨ ਜਦੋਂ ਨਗਰ ਕੀਰਤਨ ਮੇਨ ਬਾਜ਼ਾਰ ਮਹਿਤਪੁਰ ਜਗਰਾਓਾ ਜੀ. ਟੀ. ਰੋਡ 'ਤੇ ਪਹੁੰਚਿਆ ਤਾਂ ਟ੍ਰੈਫਿਕ ਕੰਟਰੋਲ ਕਰਨ ਲਈ ਸਥਾਨਕ ਪੁਲਿਸ ਦਾ ਕੋਈ ਵੀ ਕਰਮਚਾਰੀ ਮੌਜੂਦ ਨਹੀਂ ਸੀ, ਜਿਸ ਕਾਰਨ ਨਗਰ ਕੀਰਤਨ ਮੌਕੇ ਟ੍ਰੈਫਿਕ ਜਾਮ ਲੱਗ ਗਏ | ਸੇਵਾਦਾਰਾਂ ਵਲੋਂ ਖੁਦ ਚੌਕ ਵਿਚ ਖੜ੍ਹ ਕੇ ਟ੍ਰੈਫਿਕ ਕੰਟਰੋਲ ਕੀਤਾ |