ਸ਼ਾਹਕੋਟ, 4 ਨਵੰਬਰ (ਸੁਖਦੀਪ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਸਾਲਾਨਾ ਚੋਣ 'ਚ ਹਲਕਾ ਸ਼ਾਹਕੋਟ ਦੇ ਮੈਂਬਰ ਜਥੇ. ਬਲਦੇਵ ਸਿੰਘ ਕਲਿਆਣ ਨੂੰ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਦਰਬਾਰ ਸਾਹਿਬ (ਅੰਮਿ੍ਤਸਰ), ਗੁਰਦੁਆਰਾ ਸ੍ਰੀ ਬੇਰ ਸਾਹਿਬ (ਸੁਲਤਾਨਪੁਰ ਲੋਧੀ), ਗੁਰਦੁਆਰਾ ਬਾਉਲੀ ਸਾਹਿਬ ਡੱਲਾ ਤੇ ਗੁਰਦੁਆਰਾ ਬਾਬਾ ਸੁਖਚੈਨ ਦਾਸ ਜੀ ਬਾਜਵਾ ਕਲਾਂ (ਸ਼ਾਹਕੋਟ) ਵਿਖੇ ਨਤਮਸਤਕ ਹੋਏ, ਜਿਥੇ ਕਿ ਪ੍ਰਬੰਧਕਾਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ | ਉਪਰੰਤ ਜਥੇ. ਕਲਿਆਣ ਸਵ. ਜਥੇ. ਅਜੀਤ ਸਿੰਘ ਕੋਹਾੜ ਸਾਬਕਾ ਮੰਤਰੀ ਪੰਜਾਬ ਦੀ ਯਾਦਗਾਰ ਪਿੰਡ ਕੋਹਾੜ ਖੁਰਦ ਵਿਖੇ ਪਹੁੰਚੇ, ਜਿਥੇ ਉਨ੍ਹਾਂ ਜਥੇ. ਕੋਹਾੜ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਉਨ੍ਹਾਂ ਦੇ ਪੁੱਤਰ ਨਾਇਬ ਸਿੰਘ ਕੋਹਾੜ ਸਾਬਕਾ ਐਮ. ਡੀ. ਨੂੰ ਸਿਰੋਪਾਓ ਭੇਟ ਕਰਦਿਆਂ ਸਨਮਾਨ ਕੀਤਾ ਅਤੇ ਕੋਹਾੜ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ | ਜਥੇ. ਕਲਿਆਣ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਜੋ ਵੱਡਾ ਮਾਣ-ਸਨਮਾਨ ਮਿਲਿਆ ਹੈ, ਉਹ ਜਥੇ. ਕੋਹਾੜ ਦੀ ਬਦੌਲਤ ਹੈ | ਜਥੇ. ਕੋਹਾੜ ਨੇ ਉਨ੍ਹਾਂ ਨੂੰ ਨਕੋਦਰ ਤੇ ਸ਼ਾਹਕੋਟ ਹਲਕੇ ਤੋਂ ਚੋਣ ਲੜਾਈ ਸੀ ਤੇ ਅੱਜ ਉਹ ਸ਼੍ਰੋਮਣੀ ਕਮੇਟੀ ਦੇ ਉੱਚ ਅਹੁੱਦੇ ਤੱਕ ਪਹੁੰਚੇ ਹਨ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਪੋਪਲੀ, ਜਸਵੀਰ ਸਿੰਘ ਸਿੰਧੜ ਆਦਿ ਵੀ ਮੌਜੂਦ ਸਨ |