22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਬਾਬਾ ਹਰਿਵੱਲਭ ਸੰਗੀਤ ਸੰਮੇਲਨ ਨੂੰ ਸਮਰਪਿਤ ਹੋਵੇਗਾ ਦੋਆਬਾ ਚੌਕ

ਅਜੀਤ ਡੈਸਕ 25-11-2025
ਜਲੰਧਰ, 24 ਨਵੰਬਰ (ਸ਼ਿਵ)-ਜਲੰਧਰ ਦੇ ਚੌਕਾਂ ਨੂੰ ਆਕਰਸ਼ਕ ਬਣਾਉਣ ਲਈ ਨਗਰ ਨਿਗਮ ਵਲੋਂ ਨਿੱਜੀ ਕੰਪਨੀਆਂ ਦੇ ਸਹਿਯੋਗ ਨਾਲ ਚੌਕਾਂ ਨੂੰ ਖੂਬਸੂਰਤ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ, ਜਿਸ ਦੇ ਤਹਿਤ ਪਹਿਲਾਂ ਵੀਰ ਬਬਰੀਕ ਚੌਕ ਤੇ ਬਾਅਦ ਵਿਚ ਸ੍ਰੀ ਗੁਰੂ ਅਮਰਦਾਸ ਚੌਕ ਬਣਾਇਆ ਗਿਆ ਸੀ |
ਦੋਵੇਂ ਚੌਕ ਲੋਕਾਂ ਲਈ ਕਾਫੀ ਆਕਰਸ਼ਕ ਦਾ ਕੇਂਦਰ ਬਣੇ ਹੋਏ ਹਨ ਕਿਉਂਕਿ ਸ੍ਰੀ ਗੁਰੂ ਅਮਰਦਾਸ ਚੌਕ ਵਿਚ ਬਣੀ ਹੋਈ ਵਿਸ਼ਾਲ ਗਾਗਰ ਤੋਂ ਨਿਕਲਦਾ ਪਾਣੀ ਲੋਕਾਂ ਲਈ ਆਕਰਸ਼ਕ ਬਣ ਜਾਂਦਾ ਹੈ | ਨਿਗਮ ਪ੍ਰਸ਼ਾਸਨ ਵਲੋਂ ਹੁਣ ਹੋਰ ਚੌਕਾਂ ਨੂੰ ਖੂਬਸੂਰਤ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ ਤੇ ਇਸ ਦੇ ਤਹਿਤ ਹੁਣ ਦੋਆਬਾ ਚੌਕ ਦੀ ਦਿੱਖ ਬਦਲੀ ਜਾ ਰਹੀ ਹੈ |
ਕੁਝ ਸਮੇਂ ਤੋਂ ਸ਼ਹਿਰ ਦੇ ਸਭ ਤੋਂ ਪੁਰਾਣੇ ਦੋਆਬਾ ਕਾਲਜ ਨੇ ਇਸ ਚੌਕ ਦੀ ਸਾਂਭ-ਸੰਭਾਲ ਦਾ ਕੰਮ ਸੰਭਾਲਿਆ ਸੀ ਪਰ ਉੱਤਰੀ ਭਾਰਤ ਦੇ ਸਭ ਤੋਂ ਪੁਰਾਣੇ ਬਾਬਾ ਹਰੀਵੱਲਭ ਸੰਗੀਤ ਸੰਮੇਲਨ ਸਾਲਾਂ ਤੋਂ ਸ੍ਰੀ ਦੇਵੀ ਤਲਾਬ ਮੰਦਰ ਵਿਚ ਕਰਵਾਇਆ ਜਾ ਰਿਹਾ ਹੈ | ਇਹ ਸੰਗੀਤ ਸੰਮੇਲਨ ਦੇਸ਼ ਵਿਦੇਸ਼ਾਂ ਵਿਚ ਪ੍ਰਸਿੱਧ ਹੈ ਜਿੱਥੇ ਕਿ ਵੱਡੀ ਗਿਣਤੀ ਵਿਚ ਸੰਗੀਤ ਪ੍ਰੇਮੀ ਆਉਂਦੇ ਹਨ | ਨਗਰ ਨਿਗਮ ਵਲੋਂ ਨਿੱਜੀ ਅਦਾਰਿਆਂ ਦੇ ਸਹਿਯੋਗ ਨਾਲ ਇਹ ਚੌਕ ਹੁਣ ਬਾਬਾ ਹਰਿਵੱਲਭ ਸੰਗੀਤ ਸੰਮੇਲਨ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ | ਨਿੱਜੀ ਅਦਾਰਿਆਂ ਵਲੋਂ ਬਣਾਏ ਜਾ ਰਹੇ ਇਸ ਚੌਕ 'ਚ ਸਿਤਾਰ, ਤਬਲੇ ਨੂੰ ਵੱਡੇ ਆਕਾਰ ਦਾ ਬਣਾਇਆ ਜਾ ਰਿਹਾ ਹੈ, ਜਿਸ 'ਤੇ ਦੂਰ ਆਉਂਦੇ ਲੋਕਾਂ ਦੀ ਨਜ਼ਰ ਪਏਗੀ | ਲੋਕਾਂ ਲਈ ਵੀ ਇਹ ਆਕਰਸ਼ਨ ਦਾ ਕੇਂਦਰ ਹੋਵੇਗਾ |
ਇਸ ਦਾ ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਦੱਸਿਆ ਜਾਂਦਾ ਹੈ ਕਿ 15 ਦਸੰਬਰ ਤੋਂ ਪਹਿਲਾਂ ਇਸ ਨਵੇਂ ਚੌਕ ਨੂੰ ਬਣਾਉਣ ਦਾ ਕੰਮ ਪੂਰਾ ਹੋ ਜਾਵੇਗਾ | ਨਿਗਮ ਅਫਸਰ ਦਾ ਕਹਿਣਾ ਸੀ ਕਿ ਚੌਕ ਦੀ ਨਵੀਂ ਦਿੱਖ ਬਾਬਾ ਹਰੀਵੱਲਭ ਸੰਗੀਤ ਸੰਮੇਲਨ ਨੂੰ ਸਮਰਪਿਤ ਹੋਵੇਗੀ ਤੇ ਇਸ ਦਾ ਲੋਕਾਂ 'ਚ ਵੀ ਚੰਗਾ ਸੰਦੇਸ਼ ਜਾਵੇਗਾ | ਸ਼ਹਿਰ ਵਿਚ ਹੋਰ ਵੀ ਕਈ ਚੌਕਾਂ ਨੂੰ ਆਉਣ ਵਾਲੇ ਸਮੇਂ ਵਿਚ ਨਵੀਂ ਦਿੱਖ ਦਿੱਤੀ ਜਾਵੇਗੀ ਤਾਂ ਜੋ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਆਉਣ ਵਾਲੀ ਪੀੜੀ ਨੂੰ ਵੀ ਆਪਣੀ ਮਹਾਨ ਵਿਰਾਸਤ ਬਾਰੇ ਜਾਣਕਾਰੀ ਮਿਲਦੀ ਰਹੇ |
ਪਿਛਲੀ ਖ਼ਬਰ ਕੂੜੇ ਦੇ 143 ਕਰੋੜ ਦੇ ਟੈਂਡਰ ਦੇ ਵਿਰੋਧ 'ਚ ਨਿਗਮ ਯੂਨੀਅਨਾਂ ਨੇ ਬੰਦ ਕਰਵਾਇਆ ਨਿਗਮ ਦਫਤਰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਚੰਡੀਗੜ੍ਹ ਪੂਰਨ ਤੌਰ 'ਤੇ ਪੰਜਾਬ ਨੂੰ ਦਿੱਤੇ ਜਾਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।