ਜਲੰਧਰ, 24 ਨਵੰਬਰ (ਅ.ਬ.)-ਮਾਨਵ ਸਹਿਯੋਗ ਸਕੂਲ, ਜਲੰਧਰ 'ਚ ਸਾਲਾਨਾ ਸੱਭਿਆਚਾਰਕ ਸਮਾਰੋਹ 'ਰੰਗਮੰਚ 2025' ਬੜੀ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ | ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਉਦਯੋਗਪਤੀ ਅਤੇ ਪਰਉਪਕਾਰੀ ਸ੍ਰੀ ਸੁਧੀਰ ਗੇਰਾ ਸਨ, ਜਿਨ੍ਹਾਂ ਦਾ ਸਵਾਗਤ ਸਕੂਲ ਦੀ ਪਿ੍ੰਸੀਪਲ ਮੈਡਮ ਸਪਨਾ ਕੁਮਾਰ ਅਤੇ ਚੇਅਰਮੈਨ ਡਾ. ਐਸ.ਕੇ. ਸ਼ਰਮਾ ਵਲੋਂ ਕੀਤਾ ਗਿਆ | ਸਮਾਰੋਹ 'ਚ ਸਕੂਲ ਪ੍ਰਬੰਧਕ ਕਮੇਟੀ ਦੇ ਡਾ. ਸ਼੍ਰੀਮਤੀ ਸੁਸ਼ਮਾ ਚੋਪੜਾ, ਸੈਕਟਰੀ ਵਿਨੇਸ਼ ਜੈਨ, ਸੰਦੀਪ ਜੈਨ, ਰਮੇਸ਼ ਸੇਵਕ ਅਤੇ ਐਚ.ਕੇ. ਮਹਾਜਨ ਨੇ ਹਾਜ਼ਰੀ ਲਗਾਈ | ਇਸ ਦੇ ਨਾਲ ਹੀ ਅਜੀਤ ਸਿੰਘ ਅਤੇ ਰਾਕੇਸ਼ ਬਾਲੀ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ | ਇਸ ਮੌਕੇ ਵਿਦਿਆਰਥੀਆਂ ਨੇ ਇੱਕ ਤੋਂ ਵਧ ਕੇ ਇੱਕ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ | ਧਿਆਨ ਖਿੱਚਣ ਵਾਲੀ ਪ੍ਰਸਤੁਤੀ ਸੀ ਵਿਦਿਆਰਥੀਆਂ ਵਲੋਂ ਪੇਸ਼ ਕੀਤੀ ਗਈ 'ਵਿਕਸਿਤ ਭਾਰਤ' ਆਧਾਰਿਤ ਮਾਈਮ, ਜਿਸ 'ਚ ਬਿਨਾਂ ਸ਼ਬਦਾਂ ਦੇ ਵਿਦਿਆਰਥੀਆਂ ਨੇ ਦੇਸ਼ ਦੇ ਵਿਕਾਸ, ਪ੍ਰਗਤੀ, ਨਵਾਚਾਰ ਅਤੇ ਨਾਗਰਿਕ ਜ਼ਿੰਮੇਵਾਰੀਆਂ ਦਾ ਸਸ਼ਕਤ ਸੰਦੇਸ਼ ਪੇਸ਼ ਕੀਤਾ | ਸਕੂਲ ਦੇ ਮੇਧਾਵੀ ਵਿਦਿਆਰਥੀਆਂ ਨੂੰ ਅਕਾਦਮਿਕ, ਖੇਡ ਅਤੇ ਸਹ-ਪਾਠਕ੍ਰਮ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ | ਸਕੂਲ ਦੀ ਸਲਾਨਾ ਰਿਪੋਰਟ ਵੀ ਪੇਸ਼ ਕੀਤੀ ਗਈ | ਮੁੱਖ ਮਹਿਮਾਨ ਸੁਧੀਰ ਗੇਰਾ ਨੇ ਸਕੂਲ ਦੀ ਕਾਰਗੁਜ਼ਾਰੀ, ਵਿਦਿਆਰਥੀਆਂ ਦੀ ਪ੍ਰਤਿਭਾ, ਅਨੁਸ਼ਾਸਨ ਅਤੇ ਸਮਰਪਣ ਦੀ ਸਰਾਹਣਾ ਕੀਤੀ | ਸਮਾਰੋਹ ਦਾ ਸਮਾਪਨ ਰਵਾਇਤੀ ਪੰਜਾਬੀ ਭੰਗੜੇ ਅਤੇ 'ਵੰਦੇ ਮਾਤਰਮ' ਦੀ ਸੁਰੀਲੀ ਪ੍ਰਸਤੁਤੀ ਨਾਲ ਹੋਇਆ | ਅੰਤ ਵਿੱਚ ਸਕੂਲ ਦੀ ਹੈੱਡ ਗਰਲ ਨੇ ਸਾਰੇ ਮਹਿਮਾਨਾਂ, ਅਧਿਆਪਕਾਂ, ਮਾਪਿਆਂ ਅਤੇ ਸਕੂਲ ਪਰਿਵਾਰ ਦਾ ਧੰਨਵਾਦ ਕੀਤਾ |