ਕਥਾ ਸਾਗਰ
ਲੇਖਕ : ਦਵਿੰਦਰ ਮੰਡ
ਪ੍ਰਕਾਸ਼ਕ : ਪ੍ਰਵਾਜ਼ ਪ੍ਰਕਾਸ਼ਨ ਜਲੰਧਰ
ਮੁੱਲ : 600 ਰੁਪਏ, ਸਫ਼ੇ : 376
ਸੰਪਰਕ : 99145-65255

ਪ੍ਰੋ. ਦਵਿੰਦਰ ਮੰਡ ਪੰਜਾਬੀ ਕਹਾਣੀ ਦਾ ਚਰਚਿਤ ਚਿਹਰਾ ਹੈ। ਉਸ ਦੀ ਇਸ ਵੱਡਅਕਾਰੀ ਕਿਤਾਬ ਵਿਚ 53 ਕਹਾਣੀਆਂ ਹਨ। ਕਹਾਣੀਆਂ ਮੰਡ ਦੇ ਲਿਖੇ ਚਾਰ ਕਹਾਣੀ-ਸੰਗ੍ਰਹਿ ਵਿਚੋਂ ਹਨ। ਪਹਿਲਾ ਸੰਗ੍ਰਹਿ-ਖੁਸ਼ਬੂ ਅਤੇ ਖੰਡਰ (1998) ਦੀਆਂ 17 ਕਹਾਣੀਆਂ, ਬਾਕੀ ਦਾ ਦਰਦ ਕਿਤਾਬ (2003) ਦੀਆਂ 14 ਕਹਾਣੀਆਂ, ਆਪਣੇ ਆਪਣੇ ਘਾਟ (2013) ਵਿਚੋਂ 10 ਕਹਾਣੀਆਂ ਤੇ ਚੌਥੀ ਕਿਤਾਬ ਦੇ ਸਫ਼ਾ 256 (2019 ) ਵਿਚੋਂ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਪਾਠਕਾਂ ਤੱਕ ਇਹ ਕਹਾਣੀਆਂ ਪਹਿਲਾਂ ਪਹੁੰਚੀਆਂ ਹੋਈਆਂ ਹਨ । ਪਰ ਇਕੋ ਜਿਲਦ ਵਿਚ ਪੜ੍ਹਨ ਦਾ ਸਬੱਬ ਇਹ ਕਿਤਾਬ ਹੈ। ਕਹਾਣੀਕਾਰ ਭਗਵੰਤ ਰਸੂਲਪੁਰੀ ਨੇ ਲੇਖਕ ਮੰਡ ਬਾਰੇ ਤੇ ਉਸ ਦੀ ਕਹਾਣੀ ਕਲਾ ਦਾ ਜ਼ਿਕਰ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਕੀਤਾ ਹੈ। ਮੰਡ ਨੂੰ ਮਾਨਵਵਾਦੀ ਸੁਰ ਵਾਲਾ ਕਹਾਣੀਕਾਰ ਲਿਖਿਆ ਹੈ। ਕਹਾਣੀਆਂ ਵਿਚ ਪੇਂਡੂ ਸੱਭਿਆਚਾਰ ਦੀ ਤਸਵੀਰ ਹੈ। ਵਿਸ਼ਿਆਂ ਦੀ ਭਰਮਾਰ ਹੈ। ਕਹਾਣੀ ਗੰਗਾ ਜਲ ਦੋ ਵਾਰ ਛਪੀ ਹੈ (ਪੰਨਾ 33 ਤੇ 286) ਕਹਾਣੀਆਂ ਵਿਚ ਵਿਸ਼ਿਆਂ ਦੀ ਭਰਮਾਰ ਹੈ। ਪਾਤਰੀ ਸੰਵਾਦ ਦਿਲਚਸਪ ਤੇ ਕਥਾ ਰਸ ਵਾਲੇ ਹਨ। ਲੇਖਕ ਸਵੈ-ਕਥਨ ਵਿਚ ਬਚਪਨ ਤੋਂ ਕਹਾਣੀ ਨਾਲ ਜੁੜੇ ਹੋਣ ਦੀ ਗੱਲ ਕਰਦਾ ਹੈ। ਉਸ ਨੇ ਜਦੋਂ ਤੋਂ ਹੋਸ਼ ਸੰਭਾਲੀ ਹੈ। ਕਹਾਣੀ ਉਸ ਦੇ ਅੰਗ ਸੰਗ ਰਹੀ ਹੈ। ਉਹ ਕਿੱਤੇ ਵਜੋਂ ਜਲੰਧਰ ਦੇ ਨਾਮਵਰ ਕਾਲਜ ਵਿਚ ਅਧਿਆਪਕ ਹੈ। ਬਹੁਪੱਖੀ ਸਾਹਿਤਕਾਰ ਅੰਮ੍ਰਿਤਾ ਪ੍ਰੀਤਮ ਦੇ ਚਰਚਿਤ ਰਿਸਾਲੇ ਨਾਗਮਣੀ ਵਿਚ ਉਹ ਬਹੁਤ ਛਪਿਆ ਹੈ। ਜਲੰਧਰ ਦੇ ਕਹਾਣੀਕਾਰਾਂ ਦੀ ਸੰਗਤ ਵਿਚੋਂ ਉਸ ਨੇ ਕਹਾਣੀ ਦੀ ਤਕਨੀਕ ਦੀ ਅਮਲੀ ਸਿੱਖਿਆ ਲਈ ਹੈ ਤੇ ਕਹਾਣੀ ਵਿਚ ਕਈ ਤਜਰਬੇ ਕੀਤੇ ਹਨ। ਕਿਤਾਬ ਪੜ੍ਹ ਕੇ ਮੰਡ ਦੀ ਕਹਾਣੀ ਕਲਾ ਦਾ ਅਹਿਸਾਸ ਪਾਠਕ ਨੂੰ ਹੁੰਦਾ ਹੈ। ਉਸ ਦੀ ਕਹਾਣੀ ਸਿਰਜਣਾ ਦਾ ਸਫ਼ਰ ਕਿਤਾਬ ਪੜ੍ਹ ਕੇ ਮਹਿਸੂਸ ਕੀਤਾ ਜਾ ਸਕਦਾ ਹੈ। ਕਥਾ ਸਾਗਰ ਮੰਡ ਦੀਆਂ ਕਹਾਣੀਆਂ ਦਾ ਸਮੁੰਦਰ ਹੈ। ਕਹਾਣੀ ਬੰਸਰੀ ਦੀਆਂ ਸੁਰਾਂ ਵਿਚ ਜ਼ਿੰਦਗੀ ਦੀ ਧੜਕਣ ਹੈ। ਮਰੋੜੀਆਂ ਕਹਾਣੀ ਵਿਚ ਰਾਸਧਾਰੀਆ ਪਾਤਰ ਹੈ। ਕਹਾਣੀਆਂ ਦੇ ਪਾਤਰ ਆਲੇ-ਦੁਆਲੇ ਦੇ ਸਮਾਜ ਵਿਚੋਂ ਹਨ। ਮਰਦ, ਔਰਤਾਂ, ਪਰਵਾਸੀ ਲੋਕ, ਪੇਂਡੂ-ਸ਼ਹਿਰੀ, ਪੜ੍ਹੇ ਲਿਖੇ ਅਨਪੜ੍ਹ, ਅਮਲੀ, ਸ਼ਰਾਬੀ ਬਾਹਰਲੇ ਸੂਬਿਆ ਤੋਂ ਪੰਜਾਬ ਆਏ ਲੋਕ ਸ਼ਾਮਿਲ ਹਨ। ਗੰਗਾਜਲ ਦੀ ਸ਼ੈਂਕਰੀ ਗੰਗਾ ਦੇ ਪਾਣੀ ਨਾਲ ਨਹਾ ਕੇ ਸੁੱਚੀ ਬਣਦੀ ਹੈ। ਅਗਲੇ ਦਿਨ ਘਰੋਂ ਚਲੀ ਜਾਂਦੀ ਹੈ। ਕੁਝ ਕਹਾਣੀਆ ਦੇਸ਼ ਵੰਡ ਦੀਆਂ ਹਨ। ਇਨ੍ਹਾਂ ਕਹਾਣੀਆਂ ਵਿਚ ਮਾਨਵੀ ਸੁਰ ਪ੍ਰਮੁਖ ਹੈ। ਸੰਗ੍ਰਹਿ ਦੀਆਂ ਕਹਾਣੀਆ ਬਸ਼ੀਰਾ, ਹਰੀ ਚਾਦਰ, ਰਿਸ਼ਤਾ ਮਲੰਗ, ਕੂੰਜਾਂ, ਲਿਖਤੁਮ ਜੈਕੁਰ, ਸੱਪ, ਸਿੰਮਲ ਦਾ ਰੁਖ, ਆਲ੍ਹਣਾ, ਪਰਦੇ ਪਿਛਲੇ ਇਕਾਂਗੀ, ਔਲੇ ਦਾ ਬੂਟਾ, ਨਸਲ, ਦਾਨੀ, ਟੁੱਟੀ ਸ਼ੀਸ਼ੀ, ਸਫ਼ਾ ਨੰਬਰ 256 ਦਿਲਚਸਪ ਵੰਨ ਸੁਵੰਨੀਆਂ ਕਹਾਣੀਆਂ ਹਨ। ਕਹਾਣੀ ਦੇ ਖੋਜਾਰਥੀਆਂ ਵਾਸਤੇ ਬਹੁਮੁੱਲੀ ਕਿਤਾਬ ਦੀ ਦਿੱਖ ਵਧੀਆ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਹੀਰੇ ਦੀ ਤਲਾਸ਼ ਖ਼ਤਮ
ਲੇਖਕ : ਬਰਿੰਦਰ ਮਸੌਣ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼, ਸਮਾਣਾ
ਮੁੱਲ : 200, ਸਫ਼ੇ : 128
ਸੰਪਰਕ : 98885-88399

ਬਰਿੰਦਰ ਮਸੌਣ ਦਾ ਇਹ ਨਾਵਲ ਮਨੁੱਖ ਵਲੋਂ ਹਿੰਮਤ, ਹੌਸਲੇ ਅਤੇ ਸਿਦਕ ਨਾਲ ਕੰਮ ਕਰਕੇ ਕਿਸੇ ਮੰਜ਼ਿਲ ਦੀ ਪ੍ਰਾਪਤੀ ਦੇ ਥੀਮ ਨਾਲ ਜੁੜਿਆ ਹੈ। ਨਾਵਲ ਵਿਚ ਹੋਟਲ ਇੰਡਸਟਰੀ ਵਿਚ ਕੰਮ ਕਰਦੇ ਦਿਲਕਸ਼ ਨਾਂਅ ਦੇ ਵਿਅਕਤੀ ਦੀ ਜੀਵਨ ਦਾਸਤਾਨ ਨੂੰ ਪੇਸ਼ ਕਰਦਿਆਂ ਲੇਖਕ ਨੇ ਦਿਲਕਸ਼ ਵਲੋਂ ਵੇਟਰ ਤੋਂ ਹੋਟਲ ਮਾਲਕ ਬਣਨ ਤੱਕ ਦੇ ਸੰਘਰਸ਼ਸ਼ੀਲ ਸਫ਼ਰ ਨੂੰ ਪੇਸ਼ ਕੀਤਾ ਹੈ। ਨਾਵਲ ਦੀ ਸਰਲ ਤੇ ਸਪਾਟ ਕਥਾ ਵਿਚ ਦਿੱਲੀ ਦੇ ਇਕ ਸਧਾਰਨ ਹੋਟਲ ਦਾ ਜ਼ਿਕਰ ਹੈ, ਜਿਸ ਨੂੰ ਦਿਲਕਸ਼ ਨਾਂਅ ਦਾ ਪਾਤਰ ਆਪਣੀ ਇਮਾਨਦਾਰੀ ਤੇ ਮਿਹਨਤ ਨਾਲ ਸ਼ਹਿਰ ਦੇ ਚੋਟੀ ਦੇ ਹੋਟਲਾਂ ਵਿਚ ਸ਼ਾਮਿਲ ਕਰ ਦਿੰਦਾ ਹੈ। ਨਾਵਲ ਵਿਚ ਦਿਲਕਸ਼ ਤੋਂ ਇਲਾਵਾ ਹੋਟਲ ਦਾ ਮਾਲਕ ਸਕਸੈਨਾ, ਮੈਨੇਜਰ ਬਾਬੂ ਲਾਲ, ਰਿਸੈਪਨਿਸ਼ਟ ਮੈਡਮ ਪ੍ਰੀਖਿਆ ਅਤੇ ਮੈਡਮ ਗਰੈਬੀ ਵੀ ਅਹਿਮ ਪਾਤਰਾਂ ਵਜੋਂ ਹਾਜ਼ਰ ਹਨ, ਜੋ ਕਿ ਦਿਲਕਸ਼ ਦੀ ਅਸਧਾਰਨ ਸ਼ਖ਼ਸੀਅਤ ਵਿਚ ਸਮੋਹਿਤ ਹੋਏ ਰਹਿੰਦੇ ਹਨ। ਦਿਲਕਸ਼ ਜਿਸ ਹੋਟਲ ਵਿਚ ਨੌਕਰੀ ਕਰਦਾ ਹੈ ਉਸ ਨੂੰ ਬੁਲੰਦੀ 'ਤੇ ਪਹੁੰਚਾਉਣ ਲਈ ਮੁੰਬਈ ਅਤੇ ਗੋਆ ਵਰਗੇ ਵੱਡੇ ਸ਼ਹਿਰਾਂ ਦੇ ਹੋਟਲਾਂ ਵਾਂਗ ਆਕਰਸ਼ਕ ਬਣਾ ਦਿੰਦਾ ਹੈ। ਦਿਲਕਸ਼ ਕੰਮ ਸੱਭਿਆਚਾਰ ਨੂੰ ਸਮਰਪਿਤ ਪਾਤਰ ਹੈ, ਜਿਹੜਾ ਲੇਖਕ ਦੀ ਵਿਚਾਰਧਾਰਾ ਦਾ ਸਪੱਸ਼ਟ ਵਾਹਕ ਬਣ ਕੇ ਪੇਸ਼ ਹੁੰਦਾ ਹੈ। ਉਹ ਹੋਟਲ ਦੇ ਹੋਰ ਕਰਮਚਾਰੀਆਂ ਲਈ ਪ੍ਰੇਰਨਾ ਦਾ ਸਰੋਤ ਸਿੱਧ ਹੁੰਦਾ ਹੈ ਅਤੇ ਸਮੂਹਿਕ ਰੂਪ ਵਿਚ ਕੰਮ ਕਰਨ ਦੀ ਕਲਾ ਨੂੰ ਸਫ਼ਲਤਾ ਦਾ ਅਹਿਮ ਸੂਤਰ ਸਿੱਧ ਕਰਦਾ ਹੈ। ਨਾਵਲਕਾਰ ਦਿਲਕਸ਼ ਨੂੰ ਹੀਰਾ ਬੰਦਾ ਸਿੱਧ ਕਰਕੇ ਕਿਸੇ ਵੀ ਕੰਮ ਦੀ ਸਫ਼ਲਤਾ ਪਿੱਛੇ ਮਨੁੱਖ ਦੀ ਇਮਾਨਦਾਰੀ, ਸਿਦਕ ਅਤੇ ਸਮਰਪਣ ਭਾਵਨਾ ਨੂੰ ਸਿੱਧ ਕਰਦਾ ਹੈ। ਬਰਿੰਦਰ ਮਸੌਣ ਦਾ ਇਹ ਨਾਵਲ ਕਥਾ ਦੇ ਕਲਪਨਾ ਤੱਤ ਤੇ ਰੁਮਾਂਸਿਕ ਵਾਤਾਵਰਨ 'ਤੇ ਜ਼ਿਆਦਾ ਮੁਨੱਸਰ ਹੈ, ਜਿਸ ਕਰਕੇ ਜ਼ਿੰਦਗੀ ਦੀ ਗਹਿਰਾਈ ਨੂੰ ਚਿਤਰਣ ਦੀ ਥਾਂ ਜ਼ਿੰਦਗੀ ਦੀ ਸਤ੍ਹਾ ਨੂੰ ਹੀ ਹਲਕਾ-ਫੁਲਕਾ ਛੂਹਣ ਤੱਕ ਸੀਮਤ ਰਹਿੰਦਾ ਹੈ। ਲੇਖਕ ਨੂੰ ਨਾਵਲ ਸਿਰਜਣ ਲਈ ਹੋਰ ਮਿਹਨਤ ਕਰਨ ਦੀ ਲੋੜ ਹੈ।
-ਡਾ. ਜੇ. ਬੀ. ਸੇਖੋਂ
ਮੋਬਾਈਲ : 84370-89769