ਫ਼ਰੀਦਕੋਟ, 17 ਜੂਨ (ਸਰਬਜੀਤ ਸਿੰਘ)- ਥਾਣਾ ਸਿਟੀ-2 ਫ਼ਰੀਦਕੋਟ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਸਥਾਨਕ ਨਵੀਂ ਦਾਣਾ ਮੰਡੀ ਵਿਚੋਂ ਚੋਰੀ ਦੇ ਚੌਲਾਂ ਦੀਆਂ 15 ਬੋਰੀਆਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ | ਪੁਲਿਸ ਵਲੋਂ ਕਥਿਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ | ਪ੍ਰਾਪਤ ਸੂਚਨਾ ਅਨੁਸਾਰ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਹੋਰ ਪੁਲਿਸ ਮੁਲਾਜ਼ਮਾਂ ਸਮੇਤ ਥਾਣੇ ਵਿਚ ਮੌਜੂਦ ਸਨ ਤਾਂ ਮੁਖਬਰ ਵਲੋਂ ਸੂਚਨਾ ਦਿੱਤੀ ਗਈ ਕਿ ਕੁਲਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸੁੱਚਾ ਸਿੰਘ ਵਾਸੀ ਫ਼ਰੀਦਕੋਟ ਕਥਿਤ ਤੌਰ 'ਤੇ ਗੁਦਾਮਾਂ ਵਿਚੋਂ ਚੌਲ ਚੋਰੀ ਕਰਕੇ ਵੇਚਣ ਦੇ ਆਦੀ ਹਨ ਅਤੇ ਅੱਜ ਵੀ ਜੁਗਾੜ ਮੋਟਰਸਾਈਕਲ ਰੇਹੜੇ 'ਤੇ ਚੋਰੀ ਦੇ ਚੌਲ ਲੈ ਕੇ ਦਾਣਾ ਮੰਡੀ ਫ਼ਰੀਦਕੋਟ ਖੜੇ ਹਨ | ਉਨ੍ਹਾਂ ਕਿਹਾ ਕਿ ਮੌਕੇ 'ਤੇ ਰੇਡ ਕਰਕੇ ਦੋਵਾਂ ਕਥਿਤ ਦੋਸ਼ੀਆਂ ਨੂੰ 15 ਗੱਟੇ ਚੋਲਾਂ (ਹਰੇਕ ਗੱਟਾ 50 ਕਿਲੋਂ) ਸਮੇਤ ਕਾਬੂ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕਥਿਤ ਦੋਸ਼ੀ ਖ਼ਿਲਾਫ਼ ਥਾਣਾ ਸਿਟੀ-2 ਫ਼ਰੀਦਕੋਟ ਵਿਖੇ ਚੋਰੀ ਸਬੰਧੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |