ਫਗਵਾੜਾ, 18 ਜੂਨ (ਹਰਜੋਤ ਸਿੰਘ ਚਾਨਾ)-ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਰਨੈਲ ਨੰਗਲ ਵਲੋਂ ਹਰਿਗੋਬਿੰਦ ਨਗਰ ਵਿਖੇ ਖੰਡਰ ਬਣੇ ਈਓ ਰਿਹਾਇਸ਼ ਦਾ ਦੌਰਾ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਨੰਗਲ ਨੇ ਦੱਸਿਆ ਕਿ ਹਰਿਗੋਬਿੰਦ ਨਗਰ ਵਿਖੇ ਇੰਪਰੂਵਮੈਂਟ ਟਰੱਸਟ ਵਲੋਂ ਕਰੀਬ 35 ਸਾਲ ਪਹਿਲਾ ਈਓ ਰਿਹਾਇਸ਼ ਬਣਾਈ ਗਈ ਸੀ ਜੋ ਪਿਛਲੇ ਲੰਬੇ ਸਮੇਂ ਤੋਂ ਵਰਤੋਂ 'ਚ ਨਹੀਂ ਸੀ ਤੇ ਵਰਤੋਂ 'ਚ ਨਾ ਹੋਣ ਕਰਕੇ ਇਹ ਬਿਲਡਿੰਗ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ ਤੇ ਸ਼ਰਾਰਤੀ ਤੱਤ ਇਸ ਬਿਲਡਿੰਗ ਦਾ ਗ਼ਲਤ ਇਸਤੇਮਾਲ ਕਰ ਰਹੇ ਹਨ | ਬਿਲਡਿੰਗ ਦਾ ਕੋਈ ਵੀ ਖਿੜਕੀ ਦਰਵਾਜ਼ਾ ਨਹੀਂ ਬਚਿਆ ਹੈ, ਬਾਥਰੂਮ ਵੀ ਤੋੜੇ ਹੋਏ ਹਨ, ਗੰਦਗੀ ਦੇ ਢੇਰ ਲੱਗੇ ਹੋਏ ਹਨ ਤੇ ਬਿਲਡਿੰਗ 'ਚ ਲੋਕ ਖੁੱਲ੍ਹੇਆਮ ਪਿਸ਼ਾਬ ਕਰਦੇ ਹਨ | ਉਨ੍ਹਾਂ ਕਿਹਾ ਕਿ ਮੌਕੇ 'ਤੇ ਅਧਿਕਾਰੀਆਂ ਨੂੰ ਬੁਲਾ ਕੇ ਤੁਰੰਤ ਸਾਫ਼ ਸਫ਼ਾਈ ਕਰਵਾਉਣ ਦੇ ਹੁਕਮ ਦਿੱਤੇ ਹਨ ਤੇ ਜਲਦ ਹੀ ਇਸ ਬਿਲਡਿੰਗ ਨੂੰ ਵਰਤਣ ਯੋਗ ਬਣਾਇਆ ਜਾਵੇਗਾ ਤੇ ਟਰੱਸਟ ਲੱਗੇ ਹੋਏ ਪੈਸੇ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇਵਾਂਗੇ |