ਸੁਲਤਾਨਪੁਰ ਲੋਧੀ, 18 ਜੂਨ (ਥਿੰਦ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਜੈਨਪੁਰੀ ਵਲੋਂ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਤੇ ਹੋਰ ਅਧਿਕਾਰੀਆਂ 'ਤੇ ਕਥਿਤ ਤੌਰ 'ਤੇ ਮਿਲੀ ਭੁਗਤ ਨਾਲ ਵੇਚੇ ਝੋਨੇ ਦੀ ਰਕਮ 'ਚ ਕਰੀਬ 2 ਲੱਖ ਰੁਪਏ ਦੀ ਹੇਰਾ ਫੇਰੀ ਕਰਨ ਦੇ ਦੋਸ਼ ਲਗਾਏ | ਉਨ੍ਹਾਂ ਕਿਹਾ ਕਿ 2024 'ਚ ਆਪਣਾ ਝੋਨਾ ਮੰਡੀ 'ਚ ਸਰਕਾਰੀ ਰੇਟ 'ਤੇ ਕਰੀਬ 30 ਲੱਖ ਦਾ ਵੇਚਿਆ ਸੀ ਜਿਸ ਦਾ ਉਸ ਨੂੰ ਸਰਕਾਰੀ ਤੌਰ 'ਤੇ 28 ਲੱਖ ਰੁਪਏ ਦਾ ਭੁਗਤਾਨ ਹੋਇਆ ਹੈ | ਉਨ੍ਹਾਂ ਕਿਹਾ ਕਿ ਦੋ ਲੱਖ ਰੁਪਏ ਘੱਟ ਮਿਲਣ 'ਤੇ ਜਦੋਂ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਹੋਰ ਅਧਿਕਾਰੀਆਂ ਕੋਲ ਚੁੱਕਿਆ ਤਾਂ ਉਨ੍ਹਾਂ ਨੇ ਸਿਰਫ਼ ਜਾਂਚ ਦਾ ਭਰੋਸਾ ਦਿਵਾਇਆ | ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਸਬੰਧੀ ਆੜ੍ਹਤੀਏ ਨਾਲ ਗੱਲਬਾਤ ਕੀਤੀ ਕਿ ਮੇਰਾ ਸਾਰਾ ਝੋਨਾ ਸਰਕਾਰੀ ਰੇਟ 'ਤੇ ਵਿਕਿਆ ਹੈ ਫਿਰ ਪੈਸੇ ਕਿਉਂ ਘੱਟ ਮਿਲੇ ਹਨ | ਉਨ੍ਹਾਂ ਕਿਹਾ ਕਿ ਇਸ ਸਬੰਧੀ ਉਸ ਸਮੇਂ ਹਲਕਾ ਇੰਚਾਰਜ ਨੇ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਦੀ ਕਥਿਤ ਲੁੱਟ ਤੇ ਵਿਜੀਲੈਂਸ ਕੋਲੋਂ ਜਾਂਚ ਕਰਵਾਉਣ ਦਾ ਭਰੋਸਾ ਵੀ ਦਿੱਤਾ ਸੀ, ਪਰ ਇਕ ਸਾਲ ਬੀਤਣ ਦੇ ਬਾਵਜੂਦ ਵੀ ਅਜੇ ਤੱਕ ਇਸ ਮਾਮਲੇ ਦੀ ਕੋਈ ਜਾਂਚ ਨਹੀਂ ਹੋਈ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਆਗੂਆਂ ਨੂੰ ਅੱਜ ਪਾਰਟੀ 'ਚ ਅੱਗੇ ਰੱਖ ਕੇ ਤਰਜੀਹ ਦਿੱਤੀ ਜਾ ਰਹੀ ਹੈ, ਜਿਨ੍ਹਾਂ ਨੇ ਅਕਾਲੀ ਦਲ ਤੇ ਕਾਂਗਰਸ ਦੇ ਰਾਜ ਸਮੇਂ ਖ਼ੂਬ ਮੌਜਾਂ ਮਾਣਦੇ ਰਹੇ | ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਚੇਅਰਮੈਨ ਮੁਹੰਮਦ ਰਫ਼ੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ 'ਆਪ' ਦੇ ਆਗੂ ਰਜਿੰਦਰ ਜੈਨਪੁਰ ਵਲੋਂ ਲਗਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ | ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਕੋਈ ਠੋਸ ਸਬੂਤ ਹਨ ਤਾਂ ਉਹ ਸਾਹਮਣੇ ਲੈ ਕੇ ਆਉਣ | ਉਨ੍ਹਾਂ ਕਿਹਾ ਕਿ ਜੇਕਰ ਮੇਰੇ ਖ਼ਿਲਾਫ਼ ਕੋਈ ਸਬੂਤ ਸਾਬਿਤ ਹੋਵੇ ਤਾਂ ਮੈਂ ਤੁਰੰਤ ਰਾਜਨੀਤੀ ਛੱਡ ਦੇਵਾਂਗਾ |