ਫਗਵਾੜਾ, 18 ਜੂਨ (ਹਰਜੋਤ ਸਿੰਘ ਚਾਨਾ)-ਜ਼ਮੀਨ ਦਾ ਬਿਆਨਾ ਕਰਕੇ ਰਜਿਸਟਰੀ ਨਾ ਕਰਵਾਉਣ' ਤੇ ਉਲਟਾ ਧਮਕੀਆਂ ਦੇਣ ਦੇ ਸਬੰਧ 'ਚ ਸਦਰ ਪੁਲਿਸ ਨੇ 2 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸਿਮਰਜੀਤ ਸਿੰਘ ਪੁੱਤਰ ਰੁਪਿੰਦਰ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਗਿਲਸਨ ਕੰਸਟਰੱਕਸ਼ਨ ਲਿਮਟਿਡ ਕੰਪਨੀ ਲਈ ਉਨ੍ਹਾਂ ਵਲੋਂ ਸੌਦਾ ਕੀਤਾ ਗਿਆ ਸੀ | ਉਸਦੀ ਕੰਪਨੀ ਨਾਲ ਪਾਖਰ ਸਿੰਘ ਨੇ ਸੌਦਾ ਕਰ ਲਿਆ ਤੇ ਪਰਿਵਾਰਿਕ ਮੈਂਬਰਾਂ ਦੀ ਜ਼ਿੰਮੇਵਾਰੀ ਲੈਂਦੇ ਹੋਏ 18 ਕਨਾਲ ਨੂੰ ਵੇਚਣ ਦਾ ਇਕਰਾਰਨਾਮਾ ਕੀਤਾ ਤੇ ਵੱਖ ਵੱਖ ਤਰੀਕਾਂ ਨੂੰ ਪੈਸੇ ਦਿੱਤੇ | ਉਸ ਸਮੇਂ ਤੋਂ ਇਸ ਜ਼ਮੀਨ 'ਤੇ ਉਹ ਕਾਬਜ਼ ਹਨ ਤੇ ਬਾਊਾਡਰੀ ਵਾਲ ਲੋਹਾ ਜਾਲੀ ਕੀਤੀ ਹੋਈ ਹੈ ਤੇ ਇਸ ਤੋਂ ਬਾਅਦ ਮਹਿੰਦਰ ਸਿੰਘ ਤੇ ਹਰਦਿਆਲ ਸਿੰਘ ਨੇ ਆਪਣੇ ਹਿੱਸੇ ਦੀ ਰਜਿਸਟਰੀ ਕਰਵਾ ਦਿੱਤੀ ਤੇ ਬਣਦੀ ਰਕਮ ਲੈ ਲਈ | ਪਾਖਰ ਸਿੰਘ ਵਲੋਂ ਰਜਿਸਟਰੀ ਦੀ ਤਰੀਕ 21 ਮਈ ਦੀ ਦਿੱਤੀ ਸੀ ਪਰ ਨਹੀਂ ਕਰਵਾਈ | ਪਾਖਰ ਸਿੰਘ ਦਾ ਜਵਾਈ ਕੁਲਦੀਪ ਸਿੰਘ ਤੇ ਸਾਲਾ ਤਰਸੇਮ ਸਿੰਘ ਕੁੱਝ ਦਿਨ ਪਹਿਲਾ ਸਾਨੂੰ ਧਮਕੀ ਦੇ ਕੇ ਗਏ ਸੀ ਕਿ ਸਾਡੀ ਜਗ੍ਹਾ ਖਾਲੀ ਕਰ ਦਿਓ, ਨਹੀਂ ਤਾਂ ਅੰਜਾਮ ਬੁਰਾ ਹੋਵੇਗਾ | 12 ਜੂਨ ਨੂੰ ਇਸ ਜਗ੍ਹਾ ਅੰਦਰ ਵਰਕਰ ਕੰਮ ਕਰਦੇ ਸੀ ਤਾਂ ਕੁਲਦੀਪ ਤੇ ਤਰਸੇਮ ਸਿੰਘ ਤੇ 2-3 ਅਣਪਛਾਤੇ ਵਿਅਕਤੀ ਆਏ ਤੇ ਸਾਡੀ ਕੀਤੀ ਚਾਰਦੀਵਾਰੀ ਰਾਡਾਂ ਮਾਰ ਕੇ ਤੋੜ ਕੇ ਸੱਟ ਮਾਰਨ ਦੀ ਨੀਅਤ ਤੇ ਹਮਲਾ ਕਰਨ ਦੀ ਨੀਅਤ ਨਾਲ ਅੰਦਰ ਦਾਖ਼ਲ ਹੋ ਗਏ ਤੇ ਜਦੋਂ ਉਨ੍ਹਾਂ ਰੋਕਿਆ ਤਾਂ ਇਨ੍ਹਾਂ ਗਾਲੀ ਗਲੋਚ ਕੀਤਾ ਤੇ ਧਮਕੀਆਂ ਦਿੱਤੀਆਂ | ਜਿਸ ਸਬੰਧ 'ਚ ਪੁਲਿਸ ਨੇ ਕੁਲਦੀਪ ਸਿੰਘ ਪੁੱਤਰ ਲਸ਼ਕਰ ਸਿੰਘ ਵਾਸੀ ਪਿੰਡ ਪੱਲੀ ਝੱਕੀ ਨਵਾਂਸ਼ਹਿਰ ਤੇ ਤਰਸੇਮ ਸਿੰਘ ਵਾਸੀ ਨੌਰਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |