ਢਾਕਾ, 12 ਫਰਵਰੀ (ਪੀ.ਟੀ.ਆਈ.)-ਬੰਗਲਾਦੇਸ਼ 'ਚ ਵੀਰਵਾਰ ਨੂੰ ਹੋਈਆਂ ਮਹੱਤਵਪੂਰਨ ਆਮ ਚੋਣਾਂ 'ਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ.ਐਨ.ਪੀ.) ਨੂੰ ਬਹੁਮਤ ਮਿਲ ਗਿਆ ਹੈ | 299 ਸੀਟਾਂ 'ਤੇ ਹੋਈਆਂ ਚੋਣਾਂ 'ਚ ਪਾਰਟੀ ਨੇ 159 ਸੀਟਾਂ 'ਤੇ ਜਿੱਤ ਦਰਜ ਕਰ ਲਈ ਸੀ | ਬਹੁਮਤ ਲਈ 150 ਸੀਟਾਂ ਦੀ ਲੋੜ ਸੀ | ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ ਬੀ.ਐਨ.ਪੀ. ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੇ ਪੁੱਤਰ ਤਾਰਿਕ ਰਹਿਮਾਨ ਨੇ ਢਾਕਾ-17 ਅਤੇ ਬੋਗਰਾ-6 ਹਲਕਿਆਂ ਤੋਂ ਜਿੱਤ ਪ੍ਰਾਪਤ ਕੀਤੀ | ਉਥੇ ਹੀ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11 ਪਾਰਟੀਆਂ ਦੇ ਗੱਠਜੋੜ ਨੂੰ ਅਜੇ ਤੱਕ 45 ਸੀਟਾਂ ਹੀ ਮਿਲੀਆਂ ਸਨ | ਜਮਾਤ ਦੇ ਪ੍ਰਧਾਨ ਸ਼ਫੀਕੁਰ ਰਹਿਮਾਨ ਢਾਕਾ-15 ਸੀਟ ਤੋਂ ਜਿੱਤ ਗਏ | ਜਦੋਂ ਕਿ ਜਮਾਤ ਦੇ ਸਕੱਤਰ ਜਨਰਲ ਮੀਆ ਗੋਲਾਮ ਪੋਰਵਾਰ ਦੱਖਣ-ਪੱਛਮੀ ਖੁਲਨਾ ਹਲਕੇ 'ਚ ਆਪਣੇ ਬੀ.ਐਨ.ਪੀ. ਵਿਰੋਧੀ ਅਲੀ ਅਸਗਰ ਲਾਬੀ ਤੋਂ ਚੋਣ ਹਾਰ ਗਏ | 2 ਸੀਟਾਂ ਹੋਰ ਪਾਰਟੀ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ | ਵੋਟਾਂ ਦੀ ਗਿਣਤੀ ਜਾਰੀ ਸੀ | ਬੀ.ਐਨ.ਪੀ. ਦੇ ਮੁਖੀ ਤਾਰਿਕ ਰਹਿਮਾਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ ਹੈ | ਦੇਸ਼ ਵਿਚ ਅਗਸਤ 2024 'ਚ ਅਵਾਮੀ ਲੀਗ ਸਰਕਾਰ ਡਿੱਗਣ ਤੋਂ ਬਾਅਦ ਸੱਤਾ ਸੰਭਾਲਣ ਵਾਲੇ ਅੰਤਰਿਮ ਪ੍ਰਸ਼ਾਸਨ ਦੀ ਥਾਂ ਲੈਣ ਲਈ ਨਵੀਂ ਸਰਕਾਰ ਚੁਣੀ ਜਾਵੇਗੀ | ਇਸ ਤੋਂ ਪਹਿਲਾਂ ਦੁਪਹਿਰ 2 ਵਜੇ ਤੱਕ ਦੇਸ਼ ਦੇ 36 ਹਜ਼ਾਰ ਵੋਟਿੰਗ ਕੇਂਦਰਾਂ 'ਤੇ 47.91 ਫੀਸਦੀ ਵੋਟਾਂ ਪਈਆਂ | ਅੰਤਰਿਮ ਸਰਕਾਰ ਦੇ ਮੁਖ ਸਲਾਹਕਾਰ ਮੁਹੰਮਦ ਯੂਨਸ, ਬੀ.ਪੀ.ਐੱਨ. ਮੁਖੀ ਤਾਰਿਕ ਰਹਿਮਾਨ ਅਤੇ ਵਿਦਿਆਰਥੀ ਆਗੂ ਨਾਹਿਦ ਇਸਲਾਮ ਵੋਟ ਪਾਉਣ ਪਹੁੰਚੇ | ਇਸ ਦੌਰਾਨ ਯੂਨਸ ਨੇ ਕਿਹਾ ਕਿ ਅੱਜ ਨਵੇਂ ਬੰਗਲਾਦੇਸ਼ ਦਾ ਜਨਮ ਹੋਇਆ ਹੈ | ਬੰਗਲਾਦੇਸ਼ ਚੋਣਾਂ ਨੂੰ ਲੈ ਕੇ ਭਾਰਤ ਨੇ ਨਤੀਜਿਆਂ ਦਾ ਇੰਤਜ਼ਾਰ ਕਰਨ ਦੇ ਲਈ ਕਿਹਾ ਹੈ | ਵੋਟਿੰਗ ਦੇ ਦੌਰਾਨ ਕਈ ਥਾਵਾਂ 'ਤੇ ਝੜਪਾਂ ਵੀ ਹੋਈਆਂ | ਖੁਲਨਾ ਦੇ ਇਕ ਵੋਟਿੰਗ ਸੈਂਟਰ ਦੇ ਬਾਹਰ ਜਮਾਤ-ਏ-ਇਸਲਾਮੀ ਕਾਰਕੁਨਾਂ ਦੇ ਨਾਲ ਝੜਪ 'ਚ ਇਕ ਬੀ. ਐੱਨ. ਪੀ. ਆਗੂ ਮੋਹਿਬੁਜਮਾਨ ਦੀ ਮੌਤ ਹੋ ਗਈ | ਦੂਸਰੇ ਪਾਸੇ ਮੁੰਸ਼ੀਗੰਜ-3 ਅਤੇ ਗੋਪਾਲਗੰਜ ਸਦਰ ਇਲਾਕੇ 'ਚ ਵੋਟਰ ਸੈਂਟਰ ਦੇ ਬਾਹਰ ਦੇਸੀ ਬੰਬ ਸੁੱਟੇ ਗਏ | ਗੋਪਾਲਗੰਜ ਸਦਰ ਇਲਾਕੇ 'ਚ ਧਮਾਕੇ ਨਾਲ 3 ਵਿਅਕਤੀ ਜ਼ਖ਼ਮੀ ਹੋ ਗਏ | ਦੇਸ਼ ਭਰ ਦੇ 300 ਸੰਸਦੀ ਹਲਕਿਆਂ ਵਿੱਚੋਂ 299 ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਵੇਰੇ 7:30 ਵਜੇ (ਸਥਾਨਕ ਸਮੇਂ) ਵੋਟਿੰਗ ਸ਼ੁਰੂ ਹੋਈ ਅਤੇ ਸ਼ਾਮ 4:30 ਵਜੇ ਤੱਕ ਜਾਰੀ ਰਹੀ¢ ਇੱਕ ਉਮੀਦਵਾਰ ਦੀ ਮÏਤ ਕਾਰਨ ਇੱਕ ਹਲਕੇ ਵਿੱਚ ਚੋਣ ਰੱਦ ਕਰ ਦਿੱਤੀ ਗਈ ਹੈ¢ ਇਸ ਚੋਣ ਨੂੰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ ਐੱਨ ਪੀ) ਅਤੇ ਇਸ ਦੇ ਸਾਬਕਾ ਸਹਿਯੋਗੀ, ਜਮਾਤ-ਏ-ਇਸਲਾਮੀ ਵਿਚਕਾਰ ਸਿੱਧਾ ਮੁਕਾਬਲਾ ਮੰਨਿਆ ਜਾ ਰਿਹਾ ਹੈ¢ ਇਹ ਮੁਕਾਬਲਾ ਸ਼ੇਖ ਹਸੀਨਾ ਦੀ ਹੁਣ ਭੰਗ ਕੀਤੀ ਗਈ ਅਵਾਮੀ ਲੀਗ ਦੀ ਗੈਰ ਹਾਜ਼ਰੀ ਵਿੱਚ ਹੋ ਰਿਹਾ ਹੈ¢ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅੰਤਰਿਮ ਸਰਕਾਰ ਨੇ ਪਿਛਲੇ ਸਾਲ ਅਵਾਮੀ ਲੀਗ ਨੂੰ ਭੰਗ ਕਰ ਦਿੱਤਾ ਸੀ ਅਤੇ ਇਸ ਨੂੰ ਚੋਣ ਲੜਨ ਤੋਂ ਰੋਕ ਦਿੱਤਾ ਸੀ¢ ਦੇਸ਼ ਭਰ ਦੇ 299 ਹਲਕਿਆਂ ਦੇ 42,779 ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਉਣ ਲਈ ਲਗਭਗ 127 ਮਿਲੀਅਨ ਵੋਟਰ ਰਜਿਸਟਰਡ ਸਨ¢ ਚੋਣ ਕਮਿਸ਼ਨ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹਨ, ਲਗਭਗ 10 ਲੱਖ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਹਨ, ਜੋ ਦੇਸ਼ ਦੇ ਚੋਣ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਹੈ¢ 50 ਰਾਜਨੀਤਿਕ ਪਾਰਟੀਆਂ ਦੇ ਕੁੱਲ 1,755 ਉਮੀਦਵਾਰ ਅਤੇ 273 ਆਜ਼ਾਦ ਉਮੀਦਵਾਰ ਚੋਣਾਂ ਲੜ ਰਹੇ ਹਨ¢ ਬੀ.ਐੱਨ.ਪੀ. ਦੇ ਸਭ ਤੋਂ ਵੱਧ ਉਮੀਦਵਾਰ 291 ਹਨ |
ਬੰਗਲਾਦੇਸ਼ ਚੋਣਾਂ: ਬੰਗਲਾਦੇਸ਼ ਨੇਸ਼ਨਲਿਸਟ ਪਾਰਟੀ ਨੂੰ ਮਿਲਿਆ ਬਹੁਮਤ <br/>
ਅਜੀਤ ਡੈਸਕ
13-02-2026