ਸੁਰਿੰਦਰ ਕੋਛੜ
ਅੰਮਿ੍ਤਸਰ, 12 ਫਰਵਰੀ-ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਅਖ਼ਤਰ ਮੈਂਗਲ ਨੇ ਲਾਹੌਰ ਵਿਚ ਹੋਈ 'ਅਸਮਾ ਜਹਾਂਗੀਰ ਕਾਨਫ਼ਰੰਸ' ਦੌਰਾਨ ਖੁੱਲ੍ਹ ਕੇ ਪਾਕਿਸਤਾਨ ਤੋਂ ਵੱਖ ਹੋਣ ਦੀ ਮੰਗ ਕੀਤੀ | ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਰਾਜਨੀਤਿਕ ਸਲਾਹਕਾਰ ਰਾਣਾ ਸਨਾਉੱਲਾ ਦੀ ਮੌਜੂਦਗੀ 'ਚ ਮੈਂਗਲ ਨੇ ਸਪੱਸ਼ਟ ਕਿਹਾ ਕਿ ਬਲੋਚਿਸਤਾਨ ਅਤੇ ਪਾਕਿਸਤਾਨ ਹੁਣ ਇਕੱਠੇ ਨਹੀਂ ਰਹਿ ਸਕਦੇ ਅਤੇ ਬਲੋਚਿਸਤਾਨ ਦਾ ਵੱਖ ਹੋਣਾ ਹੀ ਇੱਕੋ ਇਕ ਬਦਲ (ਵਿਕਲਪ) ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪਾਕਿਸਤਾਨ ਦੀ ਸਥਾਪਨਾ ਅਤੇ ਬਲੋਚਿਸਤਾਨ ਦੇ ਰਲੇਵੇਂ ਸਮੇਂ ਬਲੋਚਾਂ ਨਾਲ ਕੀਤੇ ਗਏ ਵਾਅਦੇ ਕਦੇ ਪੂਰੇ ਨਹੀਂ ਹੋਏ | ਉਨ੍ਹਾਂ ਨੇ ਬਲੋਚ ਲੋਕਾਂ ਦੇ ਜ਼ਬਰਦਸਤੀ ਲਾਪਤਾ ਅਤੇ ਫ਼ੌਜੀ ਵਧੀਕੀਆਂ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਇਨ੍ਹਾਂ ਹਾਲਾਤ 'ਚ ਬਲੋਚਿਸਤਾਨ ਕੋਲ ਹੁਣ ਪਾਕਿ ਨਾਲ ਰਹਿਣ ਦਾ ਕੋਈ ਕਾਰਨ ਨਹੀਂ ਹੈ | ਮੈਂਗਲ ਨੇ ਪਾਕਿਸਤਾਨੀ ਫ਼ੌਜ ਅਤੇ ਸਰਕਾਰ ਦੇ ਇਸ ਦਾਅਵੇ ਨੂੰ ਵੀ ਰੱਦ ਕੀਤਾ ਕਿ ਬਲੋਚਿਸਤਾਨ ਵਿਚ ਅਸ਼ਾਂਤੀ ਸਿਰਫ਼ ਵਿਦੇਸ਼ੀ ਦਖ਼ਲਅੰਦਾਜ਼ੀ ਕਾਰਨ ਹੈ | ਸੰਨ 1971 'ਚ ਬੰਗਲਾਦੇਸ਼ ਦੇ ਵੱਖ ਹੋਣ ਦੇ ਨਾਅਰੇ 'ਅਸੀਂ ਇੱਥੇ ਸਹੀ, ਉੱਥੇ ਤੁਸੀਂ ਸਹੀ' ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਣ ਬਲੋਚਿਸਤਾਨ ਸਿਰਫ਼ ਪਾਕਿਸਤਾਨ ਨਾਲ ਇਕ ਸ਼ਾਂਤੀਪੂਰਨ ਗੁਆਂਢੀ ਮੁਲਕ ਵਜੋਂ ਰਹਿ ਸਕਦਾ ਹੈ, ਜਦਕਿ ਪਾਕਿ ਦਾ ਸੂਬਾ ਬਣ ਕੇ ਰਹਿਣਾ ਬਲੋਚਿਸਤਾਨ ਨੂੰ ਬਿਲਕੁਲ ਮਨਜ਼ੂਰ ਨਹੀਂ | ਇਸ ਬਿਆਨ ਤੋਂ ਬਾਅਦ ਉਨ੍ਹਾਂ ਨੇ ਪਾਕਿ ਦੀ ਨੈਸ਼ਨਲ ਅਸੈਂਬਲੀ ਤੋਂ ਵੀ ਅਸਤੀਫ਼ਾ ਦੇ ਦਿੱਤਾ | ਉਨ੍ਹਾਂ ਦੇ ਪੱਖ ਅਤੇ ਸੰਸਦ ਤੋਂ ਅਸਤੀਫ਼ੇ ਨੇ ਬਲੋਚਿਸਤਾਨ ਦੇ ਆਜ਼ਾਦੀ ਅੰਦੋਲਨ ਨੂੰ ਇਕ ਨਵਾਂ ਰਾਜਨੀਤਿਕ ਪਹਿਲੂ ਦਿੱਤਾ ਹੈ, ਜਿਸ ਨਾਲ ਪਾਕਿ ਦੀ ਅਖੰਡਤਾ 'ਤੇ ਸਵਾਲ ਖੜ੍ਹੇ ਹੋਏ ਹਨ | ਪਾਕਿ ਦੇ ਸਿਆਸੀ ਹਲਕਿਆਂ 'ਚ ਅਖ਼ਤਰ ਮੈਂਗਲ ਦੇ ਬਿਆਨ ਨੂੰ ਬਹੁਤ ਗੰਭੀਰ ਮੰਨਿਆ ਜਾ ਰਿਹਾ ਹੈ ਕਿਉਂਕਿ ਉਹ ਕੋਈ ਛੋਟੇ-ਮੋਟੇ ਨੇਤਾ ਨਹੀਂ, ਸਗੋਂ ਬਲੋਚਿਸਤਾਨ ਦੇ ਸਾਬਕਾ ਮੁੱਖ ਮੰਤਰੀ ਹਨ | ਉਨ੍ਹਾਂ ਨੇ ਇਹ ਸੰਦੇਸ਼ ਬਲੋਚਿਸਤਾਨ ਦੇ ਕਿਸੇ ਦੂਰ-ਦੁਰਾਡੇ ਇਲਾਕੇ ਤੋਂ ਨਹੀਂ, ਸਗੋਂ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੀ ਰਾਜਧਾਨੀ ਲਾਹੌਰ ਤੋਂ ਦਿੱਤਾ ਹੈ, ਜਿਸ ਨੂੰ ਪਾਕਿ ਦਾ ਦਿਲ ਮੰਨਿਆ ਜਾਂਦਾ ਹੈ |
'ਬਲੋਚਿਸਤਾਨ ਹੁਣ ਪਾਕਿ ਨਾਲ ਨਹੀਂ ਰਹਿ ਸਕਦਾ' <br/>
ਅਜੀਤ ਡੈਸਕ
13-02-2026