06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਹੰਗਾਮਿਆਂ ਦੀ ਭੇਟ ਚੜਿ੍ਹਆ ਬਜਟ ਇਜਲਾਸ ਦਾ ਪਹਿਲਾ ਪੜਾਅ

ਅਜੀਤ ਡੈਸਕ 14-02-2026

ਨਵੀਂ ਦਿੱਲੀ, 13 ਫਰਵਰੀ (ਉਪਮਾ ਡਾਗਾ ਪਾਰਥ)-ਬਜਟ ਇਜਲਾਸ ਦੇ ਪਹਿਲੇ ਪੜਾਅ ਦਾ ਆਖਰੀ ਦਿਨ ਵੀ ਹੰਗਾਮਾਖੇਜ਼ ਰਿਹਾ ਜਿਸ 'ਚ ਕਾਂਗਰਸੀ ਸੰਸਦ ਮੈਂਬਰਾਂ ਨੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਐਪਸਟੀਨ ਫਾਈਲਜ਼ ਮਾਮਲੇ 'ਚ ਲਗਾਏ ਦੋਸ਼ਾਂ ਨੂੰ ਲੈ ਕੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ | ਹੰਗਾਮਿਆਂ ਕਾਰਨ ਚੇਅਰ 'ਤੇ ਬੈਠੇ ਸੰਧਿਆ ਰਾਏ ਨੇ ਸਦਨ ਦੀ ਕਾਰਵਾਈ 9 ਮਾਰਚ ਤੱਕ ਲਈ ਉਠਾ ਦਿੱਤੀ | ਹਰਦੀਪ ਸਿੰਘ ਪੁਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹਮਲਾਵਰ ਹੋਈ ਕਾਂਗਰਸ ਨੇ ਸੰਸਦ ਤੋਂ ਲੈ ਕੇ ਸੜਕ ਤੱਕ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ | ਸੰਸਦ ਦੇ ਮਕਰ ਦਵਾਰ ਦੇ ਅੱਗੇ ਕਾਂਗਰਸੀ ਸੰਸਦ ਮੈਂਬਰਾਂ ਨੇ ਇਕ ਵੱਡਾ ਬੈਨਰ ਲੈ ਕੇ ਹਰਦੀਪ ਸਿੰਘ ਪੁਰੀ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ | ਬੈਨਰ 'ਤੇ ਹਰਦੀਪ ਸਿੰਘ ਪੁਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਐਪਸਟੀਨ ਦੀਆਂ ਤਸਵੀਰਾਂ ਸ਼ਾਮਿਲ ਸਨ | ਸੰਸਦ ਭਵਨ ਤੋਂ ਇਲਾਵਾ ਭਾਰਤੀ ਯੂਥ ਕਾਂਗਰਸ ਨੇ ਵੀ ਇਸ ਮੁੱਦੇ 'ਤੇ ਸੰਸਦ ਭਵਨ ਦੇ ਬਾਹਰ ਅਤੇ ਭਾਰਤੀ ਯੂਥ ਕਾਂਗਰਸ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ | ਕਾਂਗਰਸੀ ਆਗੂਆਂ ਨੇ ਹਰਦੀਪ ਸਿੰਘ ਪੁਰੀ ਦੀਆਂ ਤਸਵੀਰਾਂ ਵਾਲੇ ਪੋਸਟਰਾਂ ਦੇ ਨਾਲ ਉਨ੍ਹਾਂ ਦੇ ਅਸਤੀਫ਼ੇ ਅਤੇ ਬਰਖ਼ਾਸਤਗੀ ਦੀ ਮੰਗ ਕੀਤੀ | ਪੋਸਟਰਾਂ 'ਚ ਉਨ੍ਹਾਂ ਹਰਦੀਪ ਸਿੰਘ ਅਤੇ ਐਪਸਟੀਨ ਦੀ ਇਕੱਠਿਆਂ ਤਸਵੀਰ ਦੇ ਨਾਲ 'ਡਿਪਲੋਮੇਸੀ ਦੀ ਆੜ 'ਚ, ਦਰਿੰਦਗੀ ਨਾਲ ਦੋਸਤੀ' ਅਤੇ ਪੁਰੀ ਦੀ ਐਪਸਟੀਨ ਨਾਲ 4 ਵਾਰ ਮੁਲਾਕਾਤਾਂ ਨੂੰ ਲੈ ਕੇ ਸਵਾਲ ਚੁੱਕੇ | ਪੁਲਿਸ ਵਲੋਂ ਬੈਰੀਕੇਡ ਲਾ ਕੇ ਪ੍ਰਦਰਸ਼ਨ ਰੋਕਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਯੂਥ ਕਾਂਗਰਸ ਦੇ ਮੈਂਬਰ ਬੈਰੀਕੇਡ 'ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਲੱਗੇ |
ਸੰਸਦ ਦੇ ਅੰਦਰ ਵੀ ਪ੍ਰਦਰਸ਼ਨ
ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਮੈਂਬਰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕਰਦਿਆਂ ਸਭਾ ਦੇ ਵਿਚਕਾਰ ਆ ਗਏ | ਹੰਗਾਮਿਆਂ ਕਾਰਨ ਚੇਅਰ 'ਤੇ ਬੈਠੇ ਸੰਧਿਆ ਰਾਏ ਨੇ ਸਦਨ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਉਠਾ ਦਿੱਤੀ | ਦੁਪਹਿਰ 12 ਵਜੇ ਸਭਾ ਮੁੜ ਜੁੜਨ 'ਤੇ ਹੰਗਾਮਾ ਸ਼ੁਰੂ ਹੋਣ 'ਤੇ ਸਦਨ ਦੀ ਕਾਰਵਾਈ 9 ਮਾਰਚ ਤੱਕ ਲਈ ਉਠਾ ਦਿੱਤੀ ਗਈ | ਜ਼ਿਕਰਯੋਗ ਬਜਟ ਇਜਲਾਸ ਦੋ ਪੜਾਵਾਂ 'ਚ ਹੋ ਰਿਹਾ ਹੈ | ਪਹਿਲਾ ਪੜਾਅ 28 ਜਨਵਰੀ ਤੋਂ 13 ਫਰਵਰੀ ਤੱਕ ਚਲਿਆ | ਹੁਣ 23 ਦਿਨਾਂ ਬਾਅਦ ਇਜਲਾਸ ਦਾ ਦੂਜਾ ਪੜਾਅ ਹੋਵੇਗਾ ਜੋ 9 ਮਾਰਚ ਤੋਂ ਸ਼ੁਰੂ ਹੋ ਕੇ 2 ਅਪ੍ਰੈਲ ਤੱਕ ਚਲੇਗਾ |
ਸੱਤਾ ਲਈ ਦੇਸ਼ ਦੀ ਵੰਡ ਦੀ ਯੋਜਨਾ ਬਣਾ ਰਹੇ ਹਨ ਰਾਹੁਲ-ਭਾਜਪਾ
ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ 'ਤੇ ਵੱਡਾ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸੱਤਾ ਪਾਉਣ ਲਈ ਦੇਸ਼ ਦੀ ਵੰਡ ਦੀ ਯੋਜਨਾ ਬਣਾ ਰਹੇ ਹਨ | ਦੂਬੇ ਨੇ ਸੋਸ਼ਲ ਮੀਡੀਆ 'ਐਕਸ' 'ਤੇ ਪਾਏ ਸੰਦੇਸ਼ 'ਚ ਉਨ੍ਹਾਂ ਲੋਕ ਸਭਾ 'ਚ ਪੇਸ਼ ਕੀਤੇ ਸਬਸਟੇਂਸਿਵ ਮੋਸ਼ਨ ਸਾਂਝਾ ਕੀਤਾ | ਦੂਬੇ ਨੇ ਇਸ ਦੇ ਨਾਲ ਇਹ ਵੀ ਕਿਹਾ ਕਿ ਕੀ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੱਤਾ ਪਾਉਣ ਲਈ ਵੰਡ ਦੀ ਯੋਜਨਾ ਕਰ ਰਹੇ ਹਨ |
ਕਈ ਮੁੱਦਿਆਂ 'ਤੇ ਰਾਹੁਲ ਗਾਂਧੀ ਨੂੰ ਨੋਟਿਸ ਦੇਣਾ ਚਾਹੁੰਦੀ ਸੀ ਸਰਕਾਰ-ਰਿਜਿਜੂ
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਸਰਕਾਰ ਵਲੋਂ ਰਾਹੁਲ ਗਾਂਧੀ ਵਲੋਂ ਲਿਆਂਦੇ ਜਾਣ ਵਾਲੇ ਵਿਸ਼ੇਸ਼ ਅਧਿਕਾਰ ਦੀ ਉਲੰਘਣਾ ਬਾਰੇ ਪ੍ਰਸਤਾਵ ਨੂੰ ਫਿਲਹਾਲ ਨਾ ਲਿਆਉਣ ਬਾਰੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਪ੍ਰਸਤਾਵ ਲਿਆਉਣ ਦਾ ਫ਼ੈਸਲਾ ਕੀਤਾ ਸੀ | ਰਾਹੁਲ ਗਾਂਧੀ ਨੇ ਨੇਮਾਂ ਨੂੰ ਤੋੜਦਿਆਂ ਇਕ ਅਪ੍ਰਕਾਸ਼ਿਤ ਕਿਤਾਬ ਦਾ ਗ਼ੈਰ-ਕਾਨੂੰਨੀ ਤਰੀਕੇ ਨਾਲ ਜ਼ਿਕਰ ਕੀਤਾ | ਉਨ੍ਹਾਂ ਆਪਣੇ ਭਾਸ਼ਨ 'ਚ 'ਦੇਸ਼ ਵਿਕ ਗਿਆ' ਸਮੇਤ ਕਈ ਹੋਰ ਗੱਲਾਂ ਕੀਤੀਆਂ ਜਿਸ 'ਤੇ ਸਰਕਾਰ ਉਨ੍ਹਾਂ ਨੂੰ ਨੋਟਿਸ ਦੇਣਾ ਚਾਹੁੰਦੀ ਸੀ | ਪਰ ਫਿਲਹਾਲ ਅਸੀਂ ਉਸ ਨੂੰ ਹਟਾ ਰਹੇ ਹਾਂ |
ਰਿਜਿਜੂ ਨੇ ਨਿਸ਼ੀਕਾਂਤ ਦੂਬੇ ਵਲੋਂ ਲਿਆਂਦੇ ਸਬਸਟੇਂਟਿਵ ਮੋਸ਼ਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਸਤਾਵ ਮਨਜ਼ੂਰ ਹੋਣ 'ਤੇ ਅਸੀਂ ਸਪੀਕਰ ਨਾਲ ਗੱਲ ਕਰ ਕੇ ਤੈਅ ਕਰਾਂਗੇ ਕਿ ਅਸੀਂ ਉਸ ਨੂੰ ਪਿ੍ਵਿਲੇਜ਼ ਕਮੇਟੀ ਜਾਂ ਅਥਿਕਸ ਕਮੇਟੀ ਭੇਜਾਂਗੇ ਜਾਂ ਸਿੱਧੇ ਸਦਨ 'ਚ ਚਰਚਾ ਲਈ ਲਿਆਵਾਂਗੇ |

ਪਿਛਲੀ ਖ਼ਬਰ ਅੱਜ 'ਭਾਰਤ ਦੀ ਵਿਕਾਸ ਯਾਤਰਾ' ਦੀ ਇਕ ਨਵੀਂ ਸ਼ੁਰੂਆਤ ਹੋਈ-ਮੋਦੀ ਅਗਲੀ ਖ਼ਬਰ ਆਪਣੇ ਨਵੇਂ ਦਫ਼ਤਰ 'ਸੇਵਾ ਤੀਰਥ' 'ਚ ਤਬਦੀਲ ਹੋਏ ਪ੍ਰਧਾਨ ਮੰਤਰੀ ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।