ਨਵੀਂ ਦਿੱਲੀ, 14 ਫਰਵਰੀ (ਜਗਤਾਰ ਸਿੰਘ)-ਦਿੱਲੀ ਪੁਲਿਸ ਦੀ ਇਕ ਗ਼ਲਤੀ ਕਾਰਨ ਦਿੱਲੀ ਹਾਈ ਕੋਰਟ ਨੇ ਸਾਲ 2024 'ਚ ਗ਼ਲਤ ਪਛਾਣ ਦੇ ਚਲਦਿਆਂ ਫ਼ਰਸ਼ ਬਾਜ਼ਾਰ 'ਚ ਹੋਈ ਇਕ ਕਾਰੋਬਾਰੀ ਦੀ ਹੱਤਿਆ ਦੇ ਮਾਮਲੇ 'ਚ ਅੰਮਿ੍ਤਸਰ ਹਵਾਈ ਅੱਡੇ ਤੋਂ ਗਿ੍ਫ਼ਤਾਰ ਕੀਤੇ ਗਏ ਇਕ ਸ਼ੱਕੀ ਗੈਂਗਸਟਰ ਨੂੰ ਜ਼ਮਾਨਤ ਦੇ ਦਿੱਤੀ ਹੈ | ਹਾਲਾਂਕਿ ਅਦਾਲਤ ਨੇ ਜ਼ਮਾਨਤ ਨਾਲ ਕੁਝ ਸ਼ਰਤਾਂ ਵੀ ਲਾਈਆਂ ਹਨ | ਅਦਾਲਤ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਮੁਲਜ਼ਮ ਨੂੰ ਗਿ੍ਫ਼ਤਾਰ ਕਰਨ ਦੇ 24 ਘੰਟੇ ਦੇ ਅੰਦਰ ਮੈਜਿਸਟ੍ਰੇਟ ਸਾਹਮਣੇ ਪੇਸ਼ ਕਰਨ 'ਚ ਨਾਕਾਮ ਰਿਹਾ ਸੀ | ਮੁਲਜ਼ਮ ਹਰਸ਼ਪਾਲ 'ਤੇ ਮਕੋਕਾ ਤਹਿਤ ਦੋਸ਼ ਲਾਇਆ ਗਿਆ ਸੀ | ਇਸ 'ਤੇ ਦੋਸ਼ ਸੀ ਕਿ ਉਸ ਨੇ ਹਮਲਾਵਰਾਂ ਦੀ ਪੈਸੇ ਰਾਹੀਂ ਮਦਦ ਕੀਤੀ ਤੇ ਹੱਤਿਆ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਤੋਂ ਬਚਾਉਣ 'ਚ ਮਦਦ ਕੀਤੀ | ਅਦਾਲਤ ਨੇ ਕਿਹਾ ਕਿ ਪੁਲਿਸ ਦੇ ਰਿਕਾਰਡ ਤੋਂ ਪਤਾ ਚੱਲਦਾ ਹੈ ਕਿ ਅਪੀਲਕਰਤਾ ਨੂੰ ਉਸ ਦੀ ਗਿ੍ਫ਼ਤਾਰੀ ਦੇ 24 ਘੰਟੇ ਦੇ ਅੰਦਰ ਸਭ ਤੋਂ ਨੇੜੇ ਦੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਨਹੀਂ ਕੀਤਾ ਗਿਆ | ਇਸ ਲਈ ਅਪੀਲਕਰਤਾ ਨੂੰ ਲਗਾਤਾਰ ਹਿਰਾਸਤ 'ਚ ਰੱਖਣਾ ਸੰਵਿਧਾਨ ਦੀ ਧਾਰਾ 22(2) ਦੀ ਉਲੰਘਣਾ ਹੈ | ਅਦਾਲਤ ਨੇ ਕਿਹਾ ਕਿ ਕਿਉਂਕਿ ਕਾਨੂੰਨ ਦੇ ਜ਼ਰੂਰੀ ਨਿਯਮਾਂ ਦੀ ਉਲੰਘਣਾ ਹੋਈ ਹੈ, ਇਸ ਲਈ ਅਪੀਲਕਰਤਾ ਨੂੰ ਜ਼ਮਾਨਤ 'ਤੇ ਰਿਹਾਅ ਕਰਨਾ ਹੋਵੇਗਾ |