ਸ੍ਰੀਨਗਰ, 18 ਫਰਵਰੀ (ਏਜੰਸੀ)-ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਸ੍ਰੀਨਗਰ-ਬਾਰਾਮੂਲਾ ਹਾਈਵੇਅ 'ਤੇ ਅੱਤਵਾਦੀਆਂ ਵਲੋਂ ਲਗਾਇਆ ਗਿਆ ਇਕ ਆਈ.ਈ.ਡੀ. ਬਰਾਮਦ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ ਗਿਆ ਹੈ | ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਸਵੇਰੇ ਕਰੀਬ 7 ਵਜੇ ਹਾਈਵੇਅ 'ਤੇ ਨਰਬਲ ਨੇੜੇ ਸੜਕ ਕਿਨਾਰੇ ਰੱਖਿਆ ਇਕ ਬ੍ਰੀਫਕੇਸ ਦੇਖਿਆ | ਇਸ ਤੋਂ ਤੁਰੰਤ ਬਾਅਦ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਤੇ ਹਾਈਵੇਅ 'ਤੇ ਆਵਾਜਾਈ ਨੂੰ ਕੁਝ ਸਮੇਂ ਲਈ ਰੋਕ ਕੇ ਬੰਬ ਨਿਰੋਧਕ ਦਸਤੇ ਨੂੰ ਮੌਕੇ 'ਤੇ ਬੁਲਾਇਆ ਗਿਆ | ਪੂਰੇ ਇਲਾਕੇ ਦੀ ਜਾਂਚ ਕਰਨ ਤੋਂ ਬਾਅਦ ਬੰਬ ਨਿਰੋਧਕ ਦਸਤੇ ਨੇ ਬਿਨਾਂ ਕਿਸੇ ਨੁਕਸਾਨ ਦੇ ਆਈ.ਈ.ਡੀ. ਨੂੰ ਸਫਲਤਾਪੂਰਵਕ ਨਸ਼ਟ ਕਰ ਦਿੱਤਾ |