ਪਾਕਿ ਵਲੋਂ ਅਫ਼ਗਾਨਿਸਤਾਨ ਖ਼ਿਲਾਫ਼ ਖੁੱਲ੍ਹੀ ਜੰਗ ਦਾ ਐਲਾਨ-ਹਵਾਈ ਹਮਲਿਆਂ 'ਚ 274 ਹਲਾਕ <br/>
ਅਜੀਤ ਡੈਸਕ
28-02-2026
ਪਾਕਿ ਨੇ ਨਿਸ਼ਾਨਾ ਬਣਾਏ ਗਏ ਟੀਚਿਆਂ ਦੀ ਸੂਚੀ ਕੀਤੀ ਜਾਰੀ
ਪਾਕਿ ਦੇ ਸਰਕਾਰੀ ਟੀ. ਵੀ. ਨੇ ਦਾਅਵਾ ਕੀਤਾ ਹੈ ਕਿ ਹਾਲ ਹੀ ਦੇ ਹਮਲਿਆਂ 'ਚ ਕਈ ਤਾਲਿਬਾਨ ਟਿਕਾਣਿਆਂ ਨੂੰ ਨਸ਼ਟ ਕੀਤਾ ਗਿਆ | ਉਸ ਨੇ ਇਨ੍ਹਾਂ ਟਿਕਾਣਿਆਂ ਦੀ ਇਕ ਸੂਚੀ ਵੀ ਜਾਰੀ ਕੀਤੀ | ਹਾਲਾਂਕਿ, ਇਨ੍ਹਾਂ ਦਾਅਵਿਆਂ ਦੀ ਸੁਤੰਤਰ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ ਹੈ | ਪਾਕਿ ਦਾ ਦਾਅਵਾ ਹੈ ਕਿ ਅਫ਼ਗਾਨਿਸਤਾਨ ਦੇ ਵਲੀ ਖ਼ਾਨ ਸੈਕਟਰ, ਅੰਗੂਰ ਅੱਡਾ ਅਤੇ ਸ਼ਾਵਾਲ ਸੈਕਟਰ ਦੇ ਨੇੜੇ ਪਕਤਿਕਾ 'ਚ ਤਾਲਿਬਾਨ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਬਾਜੌਰ ਖੇਤਰ 'ਚ ਤਾਲਿਬਾਨ ਟਿਕਾਣਿਆਂ ਨੂੰ ਤਬਾਹ ਕੀਤਾ ਗਿਆ |
ਪਾਕਿ-ਅਫ਼ਗਾਨ ਯੁੱਧ ਦੌਰਾਨ ਈਰਾਨ ਨੇ ਕੀਤੀ ਵਿਚੋਲਗੀ ਦੀ ਪੇਸ਼ਕਸ਼
ਪਾਕਿਸਤਾਨ ਤੇ ਅਫ਼ਗਾਨਿਸਤਾਨ ਦੇ ਵਧਦੇ ਤਣਾਅ ਦੇ ਵਿਚਕਾਰ ਈਰਾਨ ਨੇ ਇਸਲਾਮਾਬਾਦ ਅਤੇ ਕਾਬੁਲ ਵਿਚਕਾਰ ਗੱਲਬਾਤ ਨੂੰ ਸੁਚਾਰੂ ਬਣਾਉਣ 'ਚ ਮਦਦ ਕਰਨ ਦੀ ਪੇਸ਼ਕਸ਼ ਕੀਤੀ ਹੈ | ਈਰਾਨੀ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਕਿਹਾ ਕਿ ਅਫ਼ਗਾਨਿਸਤਾਨ ਅਤੇ ਪਾਕਿ ਚੰਗੇ ਗੁਆਂਢੀ ਸੰਬੰਧਾਂ ਦੇ ਢਾਂਚੇ ਦੇ ਅੰਦਰ ਅਤੇ ਗੱਲਬਾਤ ਦੇ ਰਸਤੇ ਰਾਹੀਂ ਆਪਣੇ ਮੌਜੂਦਾ ਮਤਭੇਦਾਂ ਦਾ ਪ੍ਰਬੰਧਨ ਕਰਨ ਅਤੇ ਹੱਲ ਕਰਨ | ਕਤਰ ਨੇ ਪਿਛਲੇ ਸਾਲ ਇਨ੍ਹਾਂ ਦੋਵਾਂ ਗੁਆਂਢੀ ਦੇਸ਼ਾਂ ਵਿਚਕਾਰ ਜੰਗਬੰਦੀ ਦੀ ਵਿਚੋਲਗੀ ਕੀਤੀ ਸੀ ਅਤੇ ਛਿੱਟਪੁੱਟ ਸਰਹੱਦੀ ਉਲੰਘਣਾਵਾਂ ਦੇ ਬਾਵਜੂਦ ਇਹ ਪ੍ਰਬੰਧ ਵੱਡੇ ਪੱਧਰ 'ਤੇ ਕਾਇਮ ਰਿਹਾ ਹੈ |
ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਡੇਗਣ ਦਾ ਦਾਅਵਾ
ਪਾਕਿ ਮੀਡੀਆ ਦੇ ਅਨੁਸਾਰ ਤਾਲਿਬਾਨ ਦੇ ਟਿਕਾਣਿਆਂ 'ਤੇ ਹਵਾਈ ਹਮਲਿਆਂ ਤੋਂ ਬਾਅਦ ਪਾਕਿਸਤਾਨੀ ਹਵਾਈ ਸੈਨਾ ਦੇ ਜੈੱਟਾਂ ਨੇ ਅਫ਼ਗਾਨਿਸਤਾਨ ਦੇ ਕੰਧਾਰ 'ਚ ਹਵਾਈ ਗਸ਼ਤ ਸ਼ੁਰੂ ਕੀਤੀ | ਅਫ਼ਗਾਨਿਸਤਾਨ 'ਚ ਤਾਲਿਬਾਨ ਬਲਾਂ ਵਲੋਂ ਇਕ ਪਾਕਿਸਤਾਨੀ ਲੜਾਕੂ ਜਹਾਜ਼ ਨੂੰ ਡੇਗਣ ਦਾ ਦਾਅਵਾ ਕੀਤਾ ਗਿਆ ਹੈ | ਪਾਕਿ ਵਲੋਂ ਭੇਜੇ ਗਏ ਕਈ ਡਰੋਨ ਵੀ ਡੇਗੇ ਗਏ | ਦੱਸਿਆ ਜਾ ਰਿਹਾ ਹੈ ਕਿ ਕਾਬੁਲ ਅਤੇ ਕੰਧਾਰ ਸਮੇਤ ਪ੍ਰਮੁੱਖ ਸ਼ਹਿਰਾਂ 'ਤੇ ਹਵਾਈ ਹਮਲਿਆਂ ਤੋਂ ਕੁਝ ਘੰਟਿਆਂ ਬਾਅਦ ਅਫ਼ਗਾਨਿਸਤਾਨ ਨੇ ਸਾਂਝੀ ਸਰਹੱਦ ਦੇ ਨਾਲ ਪਾਕਿਸਤਾਨੀ ਫ਼ੌਜਾਂ 'ਤੇ ਤਾਜ਼ਾ ਹਮਲੇ ਸ਼ੁਰੂ ਕੀਤੇ, ਜਿਨ੍ਹਾਂ ਨਾਲ ਪਾਕਿ ਨੂੰ ਭਾਰੀ ਨੁਕਸਾਨ ਪਹੁੰਚਿਆ |
ਤੋਰਖਮ ਸਰਹੱਦ 'ਤੇ ਫਿਰ ਤੋਂ ਹਿੰਸਕ ਝੜਪਾਂ ਸ਼ੁਰੂ
ਪਾਕਿ-ਅਫ਼ਗਾਨ ਤੋਰਖਮ ਸਰਹੱਦ 'ਤੇ ਦੋਵਾਂ ਦੇਸ਼ਾਂ ਵਿਚਕਾਰ ਸ਼ੁੱਕਰਵਾਰ ਸਵੇਰੇ ਪਾਕਿਸਤਾਨੀ ਸਮੇਂ ਮੁਤਾਬਿਕ 11.30 ਵਜੇ ਹਿੰਸਕ ਝੜਪਾਂ ਸ਼ੁਰੂ ਹੋਈਆਂ ਅਤੇ ਦੋਵੇਂ ਪਾਸਿਓਾ ਭਾਰੀ ਗੋਲੀਬਾਰੀ ਕੀਤੀ ਗਈ | ਰਿਪੋਰਟਾਂ ਅਨੁਸਾਰ ਅਫ਼ਗਾਨ ਪੱਖ ਨੇ ਪਹਿਲਾਂ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਦਾ ਆਦਾਨ-ਪ੍ਰਦਾਨ ਹੋਇਆ | ਲੜਾਈ 'ਚ ਸਰਹੱਦ ਦੇ ਨੇੜੇ ਓਮਾਰੀ ਕੈਂਪ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ ਕਾਰਨ ਲੋਕ ਆਪਣੀ ਜਾਨ ਬਚਾਉਣ ਲਈ ਭੱਜ ਗਏ | ਹਮਲੇ 'ਚ ਕਈ ਬੱਚੇ ਅਤੇ ਔਰਤਾਂ ਜ਼ਖ਼ਮੀ ਹੋਈਆਂ ਹਨ |