23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਪੰਜਾਬ ਵਲੋਂ ਡੀ.ਜੀ.ਪੀ. ਦੀ ਨਿਯੁਕਤੀ ਸੰਬੰਧੀ ਯੂ.ਪੀ.ਐਸ.ਈ. ਦੇ ਪੱਤਰ 'ਤੇ ਕਾਰਵਾਈ ਨਹੀਂ

ਅਜੀਤ ਡੈਸਕ 28-02-2026

ਡੀ.ਜੀ.ਪੀ. ਦੀ ਚੋਣ ਸੰਬੰਧੀ ਸੂਬਾ ਸਰਕਾਰ ਪਾਸ ਕਰ ਚੁੱਕੀ ਹੈ ਨਵਾਂ ਕਾਨੂੰਨ
ਚੰਡੀਗੜ੍ਹ, 27 ਫਰਵਰੀ (ਹਰਕਵਲਜੀਤ ਸਿੰਘ)-ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਰਾਜ 'ਚ ਸਥਾਈ ਡੀ.ਜੀ.ਪੀ. ਦੀ ਨਿਯੁਕਤੀ ਲਈ ਸੰਘ ਲੋਕ ਸੇਵਾ ਕਮਿਸ਼ਨ ਵਲੋਂ ਪੰਜਾਬ ਸਰਕਾਰ ਨੂੰ ਪੈਨਲ ਭੇਜਣ ਸੰਬੰਧੀ ਲਿਖੇ ਗਏ ਪੱਤਰ ਦਾ ਰਾਜ ਸਰਕਾਰ ਵਲੋਂ ਅੱਜ 10 ਦਿਨਾਂ ਦਾ ਸਮਾਂ ਖਤਮ ਹੋਣ 'ਤੇ ਕੋਈ ਜਵਾਬ ਨਹੀਂ ਭੇਜਿਆ ਗਿਆ | ਸੰਘ ਲੋਕ ਸੇਵਾ ਕਮਿਸ਼ਨ ਰਾਜ ਸਰਕਾਰ ਨੂੰ ਪਹਿਲਾਂ ਵੀ ਦੋ ਵਾਰ ਅਜਿਹੇ ਪੱਤਰ ਲਿਖ ਚੁੱਕੀ ਹੈ, ਪਰ ਰਾਜ ਸਰਕਾਰ ਇਹ ਸਪਸ਼ਟ ਕਰ ਚੁੱਕੀ ਹੈ ਕਿ ਅਮਨ ਕਾਨੂੰਨ ਤੇ ਪੁਲਿਸ ਅਧਿਕਾਰੀਆਂ ਦੀਆਂ ਨਿਯੁਕਤੀਆਂ ਰਾਜਾਂ ਦੇ ਅਧਿਕਾਰ ਖੇਤਰ 'ਚ ਹਨ | ਮੌਜੂਦਾ ਪੰਜਾਬ ਸਰਕਾਰ ਇਸ ਸੰਬੰਧੀ ਵਿਧਾਨ ਸਭਾ 'ਚ ਪੰਜਾਬ ਪੁਲਿਸ ਸੋਧ ਬਿੱਲ 2023 ਪਾਸ ਕਰ ਚੁੱਕੀ ਹੈ, ਜੋ ਡੀ.ਜੀ.ਪੀ. ਦੀ ਨਿਯੁਕਤੀ ਦਾ ਅਧਿਕਾਰ ਸੂਬਾ ਸਰਕਾਰ ਨੂੰ ਦਿੰਦਾ ਹੈ ਤੇ ਡੀ.ਜੀ.ਪੀ. ਦੀ ਚੋਣ ਲਈ ਇਸ ਬਿੱਲ 'ਚ ਤਜਵੀਜ਼ ਕੀਤੀ ਗਈ ਕਮੇਟੀ 'ਚ ਵੀ ਕੇਂਦਰੀ ਗ੍ਰਹਿ ਵਿਭਾਗ ਅਤੇ ਸੰਘ ਲੋਕ ਸੇਵਾ ਕਮਿਸ਼ਨ ਦੇ ਨੁਮਾਇੰਦੇ ਨੂੰ ਸ਼ਾਮਿਲ ਕੀਤਾ ਗਿਆ ਹੈ | ਦਿਲਚਸਪ ਗੱਲ ਇਹ ਹੈ ਕਿ ਭਾਵੇਂ ਰਾਜਾਂ ਦੇ ਡੀ.ਜੀ.ਪੀ. ਦੀ ਨਿਯੁਕਤੀ ਲਈ 30 ਸਾਲ ਤੋਂ ਵੱਧ ਸੇਵਾ ਵਾਲੇ ਅਧਿਕਾਰੀਆਂ 'ਚੋਂ ਤਿੰਨ ਅਧਿਕਾਰੀਆਂ ਦਾ ਪੈਨਲ ਰਾਜ ਸਰਕਾਰ ਨੂੰ ਭੇਜਣ ਲਈ ਸੰਘ ਲੋਕ ਸੇਵਾ ਕਮਿਸ਼ਨ ਨੂੰ ਅਧਿਕਾਰਤ ਕਰਨ ਦਾ ਫ਼ੈਸਲਾ ਸੁਪਰੀਮ ਕੋਰਟ ਵਲੋਂ ਲਿਆ ਗਿਆ ਸੀ ਪਰ ਯੂ.ਪੀ. ਸਮੇਤ ਭਾਜਪਾ ਸਰਕਾਰਾਂ ਵਾਲੇ ਕਈ ਰਾਜ ਵੀ ਆਪਣੀ ਮਰਜ਼ੀ ਅਨੁਸਾਰ ਅਸਥਾਈ ਡੀ.ਜੀ.ਪੀ. ਦੀਆਂ ਨਿਯੁਕਤੀਆਂ ਨੂੰ ਤਰਜੀਹ ਦਿੰਦੇ ਰਹੇ ਹਨ | ਪੰਜਾਬ ਸਰਕਾਰ ਵਲੋਂ ਵੀ ਪੰਜਾਬ ਪੁਲਿਸ ਸੋਧ ਬਿੱਲ 2023 ਪਾਸ ਕੀਤਾ ਗਿਆ ਸੀ ਪਰ ਰਾਜਪਾਲ ਵਲੋਂ ਇਹ ਬਿੱਲ ਪ੍ਰਵਾਨਗੀ ਲਈ ਰਾਸ਼ਟਰਪਤੀ ਨੂੰ ਭੇਜ ਦਿੱਤੇ ਜਾਣ ਕਾਰਨ ਇਹ ਬਿੱਲ 2 ਸਾਲ ਤੋਂ ਵੀ ਵੱਧ ਸਮੇਂ ਤੋਂ ਪ੍ਰਵਾਨਗੀ ਲਈ ਲੰਬਿਤ ਹੈ | ਦਿਲਚਸਪ ਗੱਲ ਇਹ ਹੈ ਕਿ ਅਗਰ ਪੰਜਾਬ ਸਰਕਾਰ 30 ਸਾਲ ਤੋਂ ਵੱਧ ਸੇਵਾ ਵਾਲੇ ਅਧਿਕਾਰੀਆਂ ਦਾ ਪੈਨਲ ਸੰਘ ਲੋਕ ਸੇਵਾ ਕਮਿਸ਼ਨ ਨੂੰ ਭੇਜਦੀ ਹੈ ਤਾਂ ਮੌਜੂਦਾ ਡੀ.ਜੀ.ਪੀ. ਗੌਰਵ ਯਾਦਵ ਉਸ ਵਿਚ ਵੀ ਪਹਿਲੇ ਤਿੰਨ ਸੀਨੀਅਰ ਅਧਿਕਾਰੀਆਂ 'ਚ ਸ਼ਾਮਿਲ ਹੋਣਗੇ, ਜਿਸ ਵਿਚੋਂ ਰਾਜ ਸਰਕਾਰ ਵਲੋਂ ਡੀ.ਜੀ.ਪੀ. ਦੀ ਚੋਣ ਕੀਤੀ ਜਾਣੀ ਹੁੰਦੀ ਹੈ | ਰਾਜ ਦੇ ਸਭ ਤੋਂ ਸੀਨੀਅਰ ਪੁਲਿਸ ਅਧਿਕਾਰੀ ਸੰਜੀਵ ਕਾਲੜਾ ਦਾ ਕਾਰਜਕਾਲ 28 ਫਰਵਰੀ 2026 ਤੱਕ ਹੈ ਤੇ ਉਨ੍ਹਾਂ ਲਈ ਕੰਮਕਾਜ ਦਾ ਕੱਲ੍ਹ ਆਖਰੀ ਦਿਨ ਹੈ | ਇਸ ਤਰ੍ਹਾਂ ਇਕ ਹੋਰ ਸੀਨੀਅਰ ਅਧਿਕਾਰੀ ਪਰਾਗ ਜੈਨ ਭਾਰਤ ਸਰਕਾਰ 'ਚ ਨਿਯੁਕਤ ਹਨ ਅਤੇ ਚਰਚਾ ਹੈ ਕਿ ਉਨ੍ਹਾਂ ਨੂੰ ਦੇਸ਼ ਦੇ ਇਕ ਅਹਿਮ ਅਹੁਦੇ ਅਰਥਾਤ ਰਾਅ ਦੇ ਮੁਖੀ ਵਜੋਂ ਨਿਯੁਕਤ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਹ ਪੰਜਾਬ 'ਚ ਵਾਪਸ ਨਹੀਂ ਆਉਣਾ ਚਾਹੁਣਗੇ | ਰਾਜ 'ਚ ਇਕ ਹੋਰ ਅਧਿਕਾਰੀ ਸ਼ਰਦ ਸੱਤਿਆ ਚੌਹਾਨ ਅਤੇ ਮੌਜੂਦ ਡੀ.ਜੀ.ਪੀ. ਦੇ 1992 ਬੈਚ ਦੇ ਅਧਿਕਾਰੀ ਹਰਪ੍ਰੀਤ ਸਿੰਘ ਸਿੱਧੂ ਹਨ, ਜੋ ਕੁੱਝ ਸਮਾਂ ਪਹਿਲਾਂ ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਆਏ ਹਨ | ਪ੍ਰਸ਼ਾਸਨਿਕ ਹਲਕਿਆਂ ਦਾ ਮੰਨਣਾ ਹੈ ਕਿ ਪੰਜਾਬ ਸਰਕਾਰ ਕੇਂਦਰ ਨੂੰ ਆਉਂਦੇ ਦਿਨਾਂ ਦੌਰਾਨ ਪੈਨਲ ਭੇਜੇ ਜਾਂ ਨਾ ਭੇਜੇ, ਸੂਬੇ ਦੇ ਡੀ.ਜੀ.ਪੀ. ਗੌਰਵ ਯਾਦਵ ਹੀ ਬਣੇ ਰਹਿਣਗੇ ਕਿਉਂਕਿ ਹੁਣ ਉਹ ਸੀਨੀਆਰਤਾ ਪੱਖੋਂ ਵੀ ਤਿੰਨ ਸੀਨੀਅਰ ਅਧਿਕਾਰੀਆਂ 'ਚ ਸ਼ਾਮਿਲ ਹੋ ਗਏ ਹਨ | ਮੁੱਖ ਮੰਤਰੀ ਭਗਵੰਤ ਮਾਨ, ਜੋ ਇਲਾਜ ਲਈ 5 ਮਾਰਚ ਤੱਕ ਬੈਂਗਲੁਰੂ ਗਏ ਹੋਏ ਹਨ, ਉਨ੍ਹਾਂ ਦੀ ਵਾਪਸੀ ਤੋਂ ਬਾਅਦ ਹੀ ਰਾਜ ਸਰਕਾਰ ਇਸ ਮਾਮਲੇ 'ਤੇ ਵਿਚਾਰ ਕਰ ਸਕਦੀ ਹੈ |

ਪਿਛਲੀ ਖ਼ਬਰ ਪੰਜਾਬ ਦੇ ਅਧਿਕਾਰੀ ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼ ਅਗਲੀ ਖ਼ਬਰ ਕਾਂਗਰਸ ਨੇ ਏ.ਆਈ. ਸੰਮੇਲਨ 'ਚ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ-ਮੋਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।