23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-02-2026

ਭਾਰਤ ਪੁੱਜੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਅਜੀਤ ਡੈਸਕ 28-02-2026

ਮੁੰਬਈ 'ਚ ਵਪਾਰਕ ਆਗੂਆਂ ਨਾਲ ਕਰਨਗੇ ਗੱਲਬਾਤ
ਕੈਨੇਡਾ ਤੋਂ 'ਅਜੀਤ' ਦੇ ਵਿਸ਼ੇਸ਼ ਪ੍ਰਤੀਨਿਧ ਸਤਪਾਲ ਸਿੰਘ ਜੌਹਲ ਦੀ ਵਿਸ਼ੇਸ਼ ਰਿਪੋਰਟ

ਮੁੰਬਈ, 27 ਫਰਵਰੀ-ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ 4 ਦਿਨਾਂ ਭਾਰਤ ਦੌਰੇ 'ਤੇ ਅੱਜ ਬਾਅਦ ਦੁਪਹਿਰ ਮੁੰਬਈ ਵਿਖੇ ਸ਼ਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪੁੱਜੇ | ਜਿੱਥੇ ਮਹਾਰਾਸ਼ਟਰ ਸਰਕਾਰ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਰਸਮੀ ਸਵਾਗਤ ਕਰਨ ਲਈ ਮਹਾਰਾਸ਼ਟਰ ਸਰਕਾਰ ਦੇ ਮੰਤਰੀ ਜੈਕੁਮਾਰ ਰਾਵਲ, ਸਕੱਤਰ ਰਾਜੇਸ਼ ਅਗਰਵਾਲ, ਚੀਫ਼ ਪ੍ਰੋਟੋਕਾਲ ਰਾਜੇਸ਼ ਗਾਵੜੇ, ਮੁੰਬਈ (ਸ਼ਹਿਰੀ) ਦੇ ਕੁਲੈਕਟਰ ਸੌਰਭ ਕਤਿਆਰ, ਮੁੰਬਈ ਦੇ ਪੁਲਿਸ ਕਮਿਸ਼ਨਰ ਦੇਵਨ ਭਾਰਤੀ, ਕੈਨੇਡਾ ਵਿਚ ਭਾਰਤ ਦੇ ਰਾਜਦੂਤ ਦਿਨੇਸ਼ ਪਟਨਾਇਕ ਅਤੇ ਮੁੰਬਈ 'ਚ ਕੈਨੇਡਾ ਦੇ ਕੌਂਸਲ ਜਨਰਲ ਜੈੱਫ ਡੇਵਿਡ ਹਾਜ਼ਰ ਸਨ | ਪ੍ਰਧਾਨ ਮੰਤਰੀ ਮਾਰਕ ਕਾਰਨੀ ਕੈਨੇਡਾ ਦੀ ਰਾਜਧਾਨੀ ਓਟਾਵਾ ਤੋਂ ਆਪਣੀ ਪਤਨੀ ਡਿਆਨਾ ਫੌਕਸ ਕਾਰਨੀ ਨਾਲ ਭਾਰਤ ਪੁੱਜੇ ਹਨ | ਮਾਰਕ ਕਾਰਨੀ ਦੇ ਭਾਰਤ ਦੇ ਇਸ ਪਹਿਲੇ ਦੌਰੇ ਨੂੰ ਸੰਭਾਵਨਾਵਾਂ ਭਰਪੂਰ ਸਮਝਿਆ ਜਾ ਰਿਹਾ ਹੈ, ਕਿਉਂਕਿ ਅਮਰੀਕਾ ਨਾਲ ਬੀਤੇ ਸਵਾ ਕੁ ਸਾਲ ਤੋਂ ਚੱਲ ਰਹੀ ਠੰਢੀ ਵਪਾਰਕ ਜੰਗ ਕਾਰਨ ਕੈਨੇਡਾ ਨੂੰ ਨਵੇਂ ਭਾਈਵਾਲਾਂ ਦੀ ਜ਼ਰੂਰਤ ਹੈ, ਜਿਸ ਲਈ ਯੂਰਪੀ ਯੂਨੀਅਨ ਅਤੇ ਚੀਨ ਦੇ ਨਾਲ ਮਾਰਕ ਕਾਰਨੀ ਭਾਰਤ ਨੂੰ ਵੱਡਾ ਮਹੱਤਵ ਦੇ ਰਹੇ ਹਨ | ਇਸ ਦੌਰੇ ਦਾ ਮਕਸਦ ਭਾਰਤ ਅਤੇ ਕੈਨੇਡਾ ਦਰਮਿਆਨ ਵਪਾਰ, ਊਰਜਾ, ਤਕਨੀਕ ਅਤੇ ਰੱਖਿਆ ਵਰਗੇ ਖੇਤਰਾਂ 'ਚ ਨਵੀਂ ਸਾਂਝੇਦਾਰੀ ਨੂੰ ਮਜ਼ਬੂਤ ਕਰਨ 'ਤੇ ਕੇਂਦਰਿਤ ਕਰਨਾ ਹੈ | ਕੈਨੇਡਾ 'ਚ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਮਾਰਕ ਕਰਨੀ ਮੁੰਬਈ 'ਚ ਕਾਰੋਬਾਰੀ ਆਗੂਆਂ ਨਾਲ ਗੱਲਬਾਤ ਕਰਨਗੇ | ਭਾਰਤ ਵਿਚ ਉਦਯੋਗ ਅਤੇ ਵਪਾਰ ਦੇ ਖੇਤਰਾਂ ਵਿਚ ਮੀਟਿੰਗਾਂ ਦੇ ਦੌਰ ਦੌਰਾਨ ਮਾਰਕ ਕਾਰਨੀ ਕੱਲ੍ਹ ਸ਼ਾਮ ਨੂੰ ਟਾਟਾ ਐਂਡ ਸੰਨਜ਼ ਦੇ ਚੇਅਰਮੈਨ ਨਟਰਾਜਨ ਚੰਦਰਾਸੇਖਰਨ ਨਾਲ ਵਿਸ਼ੇਸ਼ ਮੁਲਾਕਾਤ ਕਰਨਗੇ | ਮਾਰਕ ਕਾਰਨੀ ਪਹਿਲੀ ਮਾਰਚ ਨੂੰ ਨਵੀਂ ਦਿੱਲੀ ਪਹੁੰਚਣਗੇ ਅਤੇ 2 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ | ਇਸੇ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨਾਲ ਕੈਨੇਡਾ ਤੋਂ ਆਏ ਸਸਕਾਚਵਾਨ ਦੇ ਮੁੱਖ ਮੰਤਰੀ ਸਕਾਟ ਮੌਅ ਨੇ ਨਾਰਮੀਨ ਪੁਆਇੰਟ ਵਿਖੇ ਓਬਰਾਏ ਹੋਟਲ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਦਾਲਾਂ, ਊਰਜਾ (ਤੇਲ, ਯੂਰੇਨੀਅਮ), ਤਕਨੀਕ, ਪੁਲਾੜ ਆਦਿ ਖੇਤਰਾਂ ਵਿਚ ਕੈਨੇਡਾ ਦੇ ਪ੍ਰਾਂਤਾਂ ਵਾਸਤੇ ਭਾਰਤ ਇਕ ਮਹੱਤਵਪੂਰਨ ਮੰਡੀ ਹੈ, ਜਿਸ ਕਰਕੇ ਭਾਰਤ ਨਾਲ ਵਪਾਰਕ ਲੈਣ-ਦੇਣ ਕਰਨਾ ਅਤੇ ਵਧਾਉਣਾ ਕੈਨੇਡਾ ਦੇ ਲੋਕਾਂ ਦੇ ਹਿੱਤ ਵਿਚ ਹੈ | ਉਨ੍ਹਾਂ ਕਿਹਾ ਕਿ ਸਸਕਾਚਵਾਨ ਨੂੰ ਮੁਹਾਰਤ ਵਾਲੇ (ਸਕਿੱਲਡ) ਕਾਮਿਆਂ ਦੀ ਜ਼ਰੂਰਤ ਹੈ, ਜਿਸ ਕਰਕੇ ਇਮੀਗ੍ਰੇਸ਼ਨ ਦੇ ਖੇਤਰ ਵਿਚ ਵੀ ਭਾਰਤ ਨਾਲ ਸਹਿਯੋਗ ਹੋ ਸਕਦਾ ਹੈ | ਬੀਤੇ ਕੁਝ ਸਮੇਂ ਤੋਂ ਕੈਨੇਡਾ ਵਿਚ ਹਿੰਸਕ ਅਪਰਾਧਾਂ 'ਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ 'ਤੇ ਸਕਾਟ ਮੌਅ ਨੇ ਆਖਿਆ ਕਿ ਵੱਖ-ਵੱਖ ਮੁੱਦਿਆਂ 'ਤੇ ਕਈ ਦੇਸ਼ਾਂ ਨਾਲ ਸਾਡੇ ਮਤਭੇਦ ਹੋ ਸਕਦੇ ਹਨ, ਜਿਸ ਨਾਲ ਵਪਾਰ 'ਤੇ ਨਾਂਹਪੱਖੀ ਅਸਰ ਪੈ ਸਕਦੇ ਹਨ, ਪਰ ਇਸ ਦੇ ਨਾਲ ਹੀ ਸਾਨੂੰ ਗੱਲਬਾਤ ਦੇ ਦਰਵਾਜ਼ੇ ਬੰਦ ਨਹੀਂ ਕਰਨੇ ਚਾਹੀਦੇ | ਉਨ੍ਹਾਂ ਆਖਿਆ ਕਿ ਭਾਰਤ ਵਿਚ ਡੇਢ ਅਰਬ ਲੋਕਾਂ ਦਾ ਵਾਸਾ ਹੈ | ਵਪਾਰਕ ਸਾਂਝ ਵੀ ਮਹੱਤਵਪੂਰਨ ਹੈ, ਜਿਸ ਵਿਚ ਅਸੀਂ ਅਤੇ ਭਾਰਤ ਸਰਕਾਰ ਨਿਸ਼ਚੇ ਹੀ ਸਹਿਯੋਗ ਕਰ ਸਕਦੇ ਹਾਂ | ਉਨ੍ਹਾਂ ਆਖਿਆ ਕਿ ਬੀਤੇ ਕੁਝ ਸਮੇਂ ਤੋਂ ਗੱਲਬਾਤ ਬੰਦ ਕਰਕੇ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਭਾਰਤ ਨਾਲ ਸਾਡਾ ਵਪਾਰਕ ਲੈਣ-ਦੇਣ ਪੱਛੜ ਚੁੱਕਾ ਹੈ | ਇਹ ਵੀ ਕਿ ਭਾਰਤ ਵਿਚ ਲੋਕਾਂ ਦੀ ਆਮਦਨ ਵਧ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਖ਼ਰੀਦ ਸ਼ਕਤੀ ਉੱਪਰ ਜਾਂਦੀ ਹੈ ਅਤੇ ਵਸਤੂਆਂ ਦੀ ਮੰਗ ਵਧਦੀ ਹੈ | ਅਜਿਹੇ ਵਿਚ ਸਾਨੂੰ ਗੱਲਬਾਤ ਜਾਰੀ ਰੱਖਣੀ ਚਾਹੀਦੀ ਹੈ |

ਪਿਛਲੀ ਖ਼ਬਰ ਰਾਸ਼ਟਰਪਤੀ ਨੇ ਜੈਸਲਮੇਰ 'ਚ ਭਾਰਤ-ਪਾਕਿ ਸਰਹੱਦ ਨੇੜੇ ਲੜਾਕੂ ਹੈਲੀਕਾਪਟਰ 'ਪ੍ਰਚੰਡ' 'ਚ ਭਰੀ ਉਡਾਣ ਅਗਲੀ ਖ਼ਬਰ ਪੰਜਾਬ ਦੇ ਅਧਿਕਾਰੀ ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਅੱਗੇ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।