ਜੈਪੁਰ, 27 ਫਰਵਰੀ (ਪੀ.ਟੀ.ਆਈ.)-ਜੈਤੂਨੀ ਹਰੇ ਰੰਗ ਦੇ ਫਲਾਇੰਗ ਸੂਟ ਅਤੇ ਹੈਲਮਟ ਪਾਈ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ 'ਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇਕ ਲੜਾਕੂ ਹੈਲੀਕਾਪਟਰ 'ਪ੍ਰਚੰਡ' ਵਿਚ ਸਹਿ-ਪਾਇਲਟ ਵਜੋਂ 25 ਮਿੰਟ ਦੀ ਉਡਾਣ ਭਰੀ | ਭਾਰਤੀ ਹਵਾਈ ਫ਼ੌਜ (ਆਈ.ਏ.ਐਫ਼) ਅਨੁਸਾਰ ਕਪਤਾਨ ਵਲੋਂ ਜਾਣਕਾਰੀ ਦਿੱਤੇ ਜਾਣ ਤੋਂ ਬਾਅਦ ਹੈਲੀਕਾਪਟਰ ਨੇ ਜੈਸਲਮੇਰ ਏਅਰ ਫੋਰਸ ਸਟੇਸ਼ਨ ਤੋਂ ਉਡਾਣ ਭਰੀ | ਉਡਾਣ ਦੌਰਾਨ ਹਥਿਆਰਬੰਦ ਸੈਨਾਵਾਂ ਦੀ ਸਰਬਉੱਚ ਕਮਾਂਡਰ ਮੁਰਮੂ ਨੇ ਕਾਕਪਿਟ ਤੋਂ ਦੇਸ਼ ਦੇ ਨਾਂਅ ਸੰਦੇਸ਼ ਦਿੱਤਾ | ਉਨ੍ਹਾਂ ਕਿਹਾ ਕਿ ਪ੍ਰਚੰਡ ਹੈਲੀਕਾਪਟਰ ਆਤਮ-ਨਿਰਭਰਤਾ ਦਾ ਇਕ ਸ਼ਕਤੀਸ਼ਾਲੀ ਪ੍ਰਤੀਕ ਹੈ | ਇਸ ਸਮੇਂ, ਮੈਂ ਜੈਸਲਮੇਰ ਜ਼ਿਲ੍ਹੇ ਦੇ ਉੱਪਰ ਉੱਡ ਰਹੀ ਹਾਂ | ਮੈਂ ਆਪਣੇ ਬਹਾਦਰ ਸੈਨਿਕਾਂ ਦਾ ਤਹਿ ਦਿਲੋਂ ਸਵਾਗਤ ਅਤੇ ਧੰਨਵਾਦ ਕਰਦੀ ਹਾਂ | ਹੈਲੀਕਾਪਟਰ ਪੋਖਰਨ ਫਾਇਰਿੰਗ ਰੇਂਜ ਦੇ ਉੱਪਰੋਂ ਉੱਡਿਆ,ਜਿੱਥੇ ਹਵਾਈ ਸੈਨਾ ਸ਼ੁੱਕਰਵਾਰ ਸ਼ਾਮ ਨੂੰ ਆਪਣਾ ਫਾਇਰਪਾਵਰ ਪ੍ਰਦਰਸ਼ਨ 'ਵਾਯੂ ਸ਼ਕਤੀ' ਕਰਵਾਉਣ ਜਾ ਰਹੀ ਹੈ | ਮੁਰਮੂ ਇਸ ਦਿਨ-ਸ਼ਾਮ-ਰਾਤ ਦੇ ਪ੍ਰਦਰਸ਼ਨ ਦੀ ਗਵਾਹ ਬਣਨਗੇ | ਇਸ ਤੋਂ ਪਹਿਲਾਂ ਹਵਾਈ ਫ਼ੌਜ ਦੇ ਮੁਖੀ ਏਅਰ ਮਾਰਸ਼ਲ ਏ.ਪੀ.ਸਿੰਘ ਨੇ ਹਵਾਈ ਸੈਨਾ ਸਟੇਸ਼ਨ 'ਤੇ ਰਾਸ਼ਟਰਪਤੀ ਦਾ ਸਵਾਗਤ ਕੀਤਾ¢ ਅੱਜ ਦੀ ਉਡਾਣ ਦੇ ਨਾਲ ਮੁਰਮੂ ਹਮਲਾਵਰ ਹੈਲੀਕਾਪਟਰ ਵਿਚ ਉੱਡਣ ਵਾਲੇ ਪਹਿਲੇ ਭਾਰਤੀ ਰਾਸ਼ਟਰਪਤੀ ਬਣ ਗਏ ਹਨ, ਜੋ ਕਿ ਫਰੰਟਲਾਈਨ ਮਿਲਟਰੀ ਪਲੇਟਫਾਰਮਾਂ ਦੇ ਨਾਲ ਉਨ੍ਹਾਂ ਦੇ ਰੁਝੇਵਿਆਂ ਵਿਚ ਇਕ ਹੋਰ ਮੀਲ ਪੱਥਰ ਹੈ | ਦੱਸਣਯੋਗ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਮਹੀਨੇ 'ਚ ਅੰਬਾਲਾ ਏਅਰ ਫੋਰਸ ਸਟੇਸ਼ਨ 'ਤੇ ਰਾਫੇਲ ਲੜਾਕੂ ਜਹਾਜ਼ ਵਿਚ ਉਡਾਣ ਭਰੀ ਸੀ |