• ਕਿਹਾ, ਗੁਰੂ ਸਾਹਿਬ ਦੀ ਸ਼ਹਾਦਤ ਸਮੁੱਚੀ ਲੋਕਾਈ ਲਈ ਪ੍ਰੇਰਨਾਸਰੋਤ • ਸ਼ਤਾਬਦੀ ਸਮਾਗਮ ਨੂੰ ਵਰਚੂਅਲੀ ਕੀਤਾ ਸੰਬੋਧਨ
ਨਵੀਂ ਮੁੰਬਈ ਤੋਂ ਸੁਰਿੰਦਰਪਾਲ ਸਿੰਘ ਵਰਪਾਲ ਦੀ ਵਿਸ਼ੇਸ਼ ਰਿਪੋਰਟ
ਨਵੀਂ ਮੁੰਬਈ (ਮਹਾਰਾਸ਼ਟਰ), 1 ਮਾਰਚ-ਗੁਰੂ ਤੇਗ ਬਹਾਦੁਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਮਹਾਰਾਸ਼ਟਰ ਸਰਕਾਰ ਵਲੋਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਸਰਪ੍ਰਸਤ ਸ਼ਤਾਬਦੀ ਸਮਾਗਮ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸਤਿਕਾਰ ਸਹਿਤ ਮਨਾਈ ਗਈ ਸ਼ਹੀਦੀ ਸ਼ਤਾਬਦੀ ਦਾ ਤੀਜਾ ਅਤੇ ਆਖ਼ਰੀ ਸੂਬਾ ਪੱਧਰੀ ਵਿਸ਼ਾਲ ਸਮਾਗਮ ਅੱਜ ਇਤਿਹਾਸਿਕ ਪੈੜਾਂ ਸਿਰਜਦਾ ਨਵੀ ਮੁੰਬਈ ਵਿਖੇ ਸੰਪੂਰਨ ਹੋ ਨਿੱਬੜਿਆ | ਖਾਰਗਰ ਦੇ ਉਵੇਂ ਮੈਦਾਨ 'ਚ ਸਜਾਏ ਵਿਸ਼ਾਲ ਪੰਡਾਲ 'ਚ ਜਿਥੇ ਰਾਗੀ ਜਥਿਆਂ ਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਉਥੇ ਹੀ ਸੰਤ ਸਮਾਜ ਦੇ ਵੱਡੇ ਆਗੂਆਂ ਨੇ ਵੀ ਗੁਰੂ ਸਾਹਿਬਾਨ ਦਾ ਗੁਣਗਾਨ ਕੀਤਾ | ਸਮਾਗਮ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀਆਂ ਏਕਨਾਥ ਸ਼ਿੰਦੇ ਤੇ ਸੁਨੇਤਰਾ ਪਵਾਰ ਨੇ ਸ਼ਮੂਲੀਅਤ ਕੀਤੀ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਲੂਆ ਨੂੰ ਇਕ ਖ਼ਾਸ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕਰਕੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਨੂੰ ਸਿਜਦਾ ਕੀਤਾ | ਉਥੇ ਹੀ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ 'ਚ ਪਹੁੰਚੀ ਸੰਗਤ ਨੇ ਗੁਰੂ ਸਾਹਿਬਾਨ ਦੇ ਜੀਵਨ ਅਤੇ ਸ਼ਹਾਦਤ ਬਾਰੇ ਜਾਣਕਾਰੀ ਹਾਸਿਲ ਕੀਤੀ | ਸ਼ਾਮ ਨੂੰ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਗਤਕੇ ਦੇ ਜੌਹਰ ਵਿਖਾਏ | ਇਸ ਦੌਰਾਨ ਬਾਬਾ ਹਰਨਾਮ ਸਿੰਘ ਖਾਲਸਾ ਨੇ ਸਮੂਹ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ |
ਗੁਰੂ ਜੀ ਨੇ ਧਰਮ ਅਤੇ ਦੇਸ਼ ਲਈ ਮਹਾਨ ਕੁਰਬਾਨੀ ਦਿੱਤੀ-ਫੜਨਵੀਸ
ਇਸ ਮੌਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਲਈ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਵਲੋਂ ਤਨਦੇਹੀ ਨਾਲ ਮਿਹਨਤ ਕੀਤੀ ਗਈ ਅਤੇ ਸ਼ਤਾਬਦੀ ਸਮਾਗਮ ਸਮਿਤੀ ਦੇ ਚੇਅਰਮੈਨ ਵਜੋਂ ਲਾਈ ਗਈ ਜਿੰਮੇਵਾਰੀ ਨੂੰ ਵੀ ਬਾਖੂਬੀ ਨਿਭਾਇਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਮਹਾਰਾਸ਼ਟਰ ਦੇ ਸਕੂਲੀ ਸਿਲੇਬਸ 'ਚ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਇਕ ਚੈਪਟਰ ਸ਼ਾਮਿਲ ਕੀਤਾ ਗਿਆ ਹੈ | ਉਨ੍ਹਾਂ ਐਲਾਨ ਕੀਤੀ ਕਿ ਨਵੀਂ ਮੁੰਬਈ ਦੇ ਇਸ ਓਵਾੇ ਗਰਾਉਂਡ ਵਿਚ ਗੁਰੂ ਸਾਹਿਬਾਨ ਦੀ ਯਾਦ ਵਿਚ ਹਸਪਤਾਲ ਖੋਲਿ੍ਹਆ ਜਾਵੇਗਾ | ਇਸ ਮੌਕੇ ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਸੁਨੇਤਰਾ ਪਵਾਰ ਨੇ ਵੀ ਸੰਬੋਧਨ ਕੀਤਾ |
ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਕਿਸੇ ਦਾ ਵੀ ਧਰਮ ਨਹੀਂ ਬਦਲ ਸਕਿਆ-ਬਾਬਾ ਹਰਨਾਮ ਸਿੰਘ ਖ਼ਾਲਸਾ
ਇਸ ਮੌਕੇ ਸ਼ਤਾਬਦੀ ਸਮਾਗਮਾਂ ਦੇ ਚੇਅਰਮੈਨ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸ਼ਹਾਦਤ ਨਾ ਦਿੰਦੇ ਤਾਂ ਭਾਰਤ ਵਿਚ ਇਸਲਾਮ ਤੋਂ ਇਲਾਵਾ ਕੋਈ ਹੋਰ ਦੂਜਾ ਧਰਮ ਨਹੀਂ ਰਹਿਣਾ ਸੀ | ਉਨ੍ਹਾਂ ਕਿਹਾ ਕਿ ਜ਼ਾਲਮ ਮੁਗ਼ਲ ਹਕੂਮਤ ਖਿਲਾਫ਼ ਸਿਰਫ਼ ਗੁਰੂ ਤੇਗ ਬਹਾਦਰ ਜੀ ਨੇ ਹੀ ਆਵਾਜ਼ ਬੁਲੰਦ ਕੀਤੀ ਅਤੇ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਭਾਰਤ ਵਿਚ ਕਿਸੇ ਦਾ ਵੀ ਧਰਮ ਨਹੀਂ ਬਦਲ ਸਕਿਆ | ਇਸ ਮੌਕੇ ਉਨ੍ਹਾਂ ਗੁਰੂ ਸਾਹਿਬਾਨ ਦਾ ਇਤਿਹਾਸ ਮਹਾਰਾਸ਼ਟਰ ਦੇ ਸਕੂਲੀ ਸਿਲੇਬਸ ਵਿਚ ਜੋੜਨ ਅਤੇ ਹਸਪਤਾਲ ਬਣਾਉਣ ਲਈ ਵੀ ਫੜਨਵੀਸ ਸਰਕਾਰ ਦੀ ਸ਼ਲਾਘਾ ਕੀਤੀ |
ਇਸ ਤਰ੍ਹਾਂ ਦੇ ਸਮਾਗਮ ਪੂਰੇ ਦੇਸ਼ 'ਚ ਮਨਾਏ ਜਾਣਗੇ-ਮੋਦੀ
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਗਤ ਨੂੰ ਵੀਡੀਓ ਸੰਦੇਸ਼ ਰਾਹੀਂ ਸੰਬੋਧਨ ਕੀਤਾ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਨੂੰ ਯਾਦ ਕਰਦਿਆਂ ਮਹਾਰਾਸ਼ਟਰ ਸਰਕਾਰ ਵਲੋਂ ਕਰਵਾਏ ਸਮਾਗਮਾਂ ਲਈ ਸੂਬਾ ਸਰਕਾਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗੁਰੂ ਸਾਹਿਬਾਨ ਨੂੰ ਸਮਰਪਿਤ ਇਸ ਤਰ੍ਹਾਂ ਦੇ ਸਮਾਗਮ ਪੂਰੇ ਦੇਸ਼ ਵਿਚ ਮਨਾਏ ਜਾਣਗੇ ਅਤੇ ਹਰ ਸਮਾਗਮ ਨੂੰ ਰਾਸ਼ਟਰੀ ਪੱਧਰ 'ਤੇ ਮਨਾਏ ਜਾਣ ਦਾ ਐਲਾਨ ਵੀ ਕੀਤਾ | ਉਨ੍ਹਾਂ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਸਮਾਗਮ ਅਤੇ ਉਨ੍ਹਾਂ ਨੂੰ ਸਮਰਪਿਤ ਵਿਸ਼ੇਸ਼ ਡਾਕ ਟਿਕਟ ਤੇ ਵਿਸ਼ੇਸ਼ ਸਿੱਕਾ ਜਾਰੀ ਕਰਨਾ, ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਤੇ ਸਿੱਕਾ ਜਾਰੀ ਕਰਨਾ ਅਤੇ ਨਾਲ ਹੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਬਣਵਾਉਣ ਅਤੇ ਖੁੱਲਵਾਉਣ ਦੇ ਕੰਮ ਪੂਰੀ ਸ਼ਰਧਾ ਨਾਲ ਕੀਤੇ ਗਏ ਅਤੇ ਇਸ ਦੇ ਨਾਲ ਹੀ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ 'ਵੀਰ ਬਾਲ ਦਿਵਸ' ਮਨਾਉਣ ਦੀ ਸ਼ੁਰੂਆਤ ਵੀ ਉਨ੍ਹਾਂ ਦੀ ਸਰਕਾਰ ਵਲੋਂ ਕੀਤੀ ਗਈ |
ਗੁਰੂ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਅੱਜ ਵਿਸ਼ਵ 'ਚ ਕੋਈ ਹਿੰਦੂ ਨਹੀਂ ਹੋਣਾ ਸੀ-ਅਮਿਤ ਸ਼ਾਹ
ਸ਼ਤਾਬਦੀ ਸਮਾਗਮ ਦੌਰਾਨ ਕੇਸਰੀ ਦਸਤਾਰ ਸਜਾ ਕੇ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਬੋਧਨ ਕਰਦਿਆਂ ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਨੂੰ ਸ਼ਰਧਾ ਭੇਟ ਕਰਦਿਆਂ ਜਾਣਕਾਰੀ ਦਿੱਤੀ ਕਿ ਇਹ ਪ੍ਰਧਾਨ ਮੰਤਰੀ ਦਾ ਫੈਸਲਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਸ਼ਤਾਬਦੀ ਸਮਾਗਮ ਪੂਰੇ ਦੇਸ਼ ਵਿਚ ਮਨਾਏ ਜਾਣਗੇ ਅਤੇ ਮਹਾਰਾਸ਼ਟਰ ਸਰਕਾਰ ਵਲੋਂ ਇਨ੍ਹਾਂ ਸਮਾਗਮਾਂ ਨੂੰ ਵੱਧ ਚੜ੍ਹ ਕੇ ਮਨਾਇਆ ਗਿਆ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਜੇਕਰ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਨਾ ਦਿੰਦੇ ਤਾਂ ਅੱਜ ਦੁਨੀਆਂ ਭਰ ਵਿਚ ਕੋਈ ਹਿੰਦੂ ਨਹੀਂ ਹੋਣਾ ਸੀ | ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਸਮੁੱਚੀ ਮਨੁੱਖਤਾ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਤਿੰਨ ਸਿਧਾਂਤਾਂ 'ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ' 'ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ |
ਸਿੱਖ ਭਾਈਚਾਰੇ ਦੇ ਸਨਮਾਨ ਤੇ ਨਿਆਂ ਲਈ ਵਚਨਬੱਧ ਹੈ ਸਰਕਾਰ-ਮੋਦੀ
ਅਜੀਤ ਡੈਸਕ
02-03-2026