ਨਵੀਂ ਦਿੱਲੀ, 1 ਮਾਰਚ (ਉਪਮਾ ਡਾਗਾ ਪਾਰਥ)-ਇਜ਼ਰਾਈਲ-ਈਰਾਨ ਜੰਗ ਦੇ ਮੱਦੇਨਜ਼ਰ ਬਣੇ ਹਾਲਾਤ ਕਾਰਨ ਏਅਰ ਇੰਡੀਆ, ਇੰਡੀਗੋ ਅਤੇ ਸਪਾਈਸ ਜੈੱਟ ਨੇ ਭਾਰਤ ਦੇ ਮੱਧ ਪੂਰਬੀ ਖਿਤੇ ਦੀਆਂ ਸਾਰੀਆਂ ਉਡਾਣਾਂ ਨੂੰ ਅਗਲੇ ਆਦੇਸ਼ਾਂ ਤੱਕ ਰੱਦ ਕਰ ਦਿੱਤਾ ਹੈ | ਏਅਰ ਇੰਡੀਆ ਐਕਸਪ੍ਰੈੱਸ ਨੇ ਬਹਿਰੀਨ, ਕੁਵੈਤ, ਕਤਰ, ਉਮਾਨ, ਸਾਉਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਲਈ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਰੋਕ ਬਾਰੇ ਕਿਹਾ ਕਿ ਜਿਨ੍ਹਾਂ ਨੇ 5 ਮਾਰਚ, 2026 ਤੱਕ ਦੀ ਯਾਤਰਾ ਲਈ 28 ਫਰਵਰੀ, 2026 ਤੱਕ ਖਾੜੀ ਖੇਤਰ ਦੀ ਯਾਤਰਾ ਬੁੱਕ ਕੀਤੀ ਹੈ, ਉਨ੍ਹਾਂ ਦੀ ਮਦਦ ਲਈ ਏਅਰਲਾਈਨਜ਼ ਬਿਨਾਂ ਕਿਸੇ ਫ਼ੀਸ ਬਦਲਣ ਦੀ ਤਰੀਕ ਦੇ ਯਾਤਰਾ ਨੂੰ ਅੱਗੇ ਦੀ ਤਰੀਕ ਤੋਂ ਬੁੱਕ ਕਰਵਾਉਣ ਜਾਂ ਰੱਦ ਕਰ ਕੇ ਪੂਰੀ ਰਕਮ ਦੇਣ ਦਾ ਵਿਕਲਪ ਦੇ ਰਹੇ ਹਨ | ਏਅਰ ਇੰਡੀਆ ਨੇ ਤਲ-ਅਵੀਵ ਜਾਣ ਵਾਲੀਆਂ ਉਡਾਣਾਂ ਨੂੰ 7 ਮਾਰਚ ਤੱਕ ਰੋਕ ਦਿੱਤਾ ਹੈ | ਉਡਾਣਾਂ ਰੱਦ ਹੋਣ ਕਾਰਨ ਦਿੱਲੀ ਹਵਾਈ ਅੱਡੇ 'ਤੇ ਮੁਸਾਫ਼ਿਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ | ਹਵਾਈ ਅੱਡੇ 'ਤੇ ਕਈ ਵਿਦੇਸ਼ੀ ਮੁਸਾਫ਼ਿਰ ਵੀ ਫਸੇ ਨਜ਼ਰ ਆਏ | ਹਾਸਿਲ ਜਾਣਕਾਰੀ ਮੁਤਾਬਿਕ ਮੱਧ ਪੂਰਬੀ ਖੇਤਰ 'ਚ ਏਅਰਸਪੇਸ ਬੰਦ ਹੋਣ ਕਾਰਨ ਭਾਰਤੀ ਘਰੇਲੂ ਏਅਰਲਾਈਨਜ਼ ਦੀਆਂ ਤਕਰੀਬਨ 350 ਉਡਾਣਾਂ ਰੱਦ ਕੀਤੀਆਂ ਗਈਆਂ |