19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ-ਭਗਵੰਤ ਮਾਨ

ਅਜੀਤ ਡੈਸਕ 29-04-2026

ਕਿਹਾ, ਜ਼ਾਇਕਾ ਕੰਪਨੀ ਦੇ 1300 ਕਰੋੜ ਦੇ ਨਿਵੇਸ਼ ਨਾਲ ਸੂਬੇ 'ਚ ਉੱਚ ਗੁਣਵੱਤਾ ਵਾਲੀ ਖੇਤੀ ਤੇ ਉਦਯੋਗ ਨੂੰ ਹੁਲਾਰਾ ਮਿਲੇਗਾ
ਚੰਡੀਗੜ੍ਹ, 28 ਅਪ੍ਰੈਲ (ਅਜੀਤ ਬਿਊਰੋ)-ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਨੀਦਰਲੈਂਡ-ਫਿਨਲੈਂਡ ਦੌਰੇ ਬਾਰੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਤੀਬਾੜੀ, ਉਦਯੋਗ ਅਤੇ ਨਵੀਨਤਾ 'ਚ ਵਿਸ਼ਵ ਭਰ ਤੋਂ ਮਜ਼ਬੂਤ ਸਹਿਯੋਗ ਹਾਸਲ ਕੀਤਾ ਹੈ, ਜਿਸ ਨਾਲ ਕਿਸਾਨਾਂ, ਨੌਜਵਾਨਾਂ ਅਤੇ ਸੂਬੇ ਦੀ ਆਰਥਿਕਤਾ ਨੂੰ ਸਿੱਧਾ ਲਾਭ ਹੋਵੇਗਾ | ਜ਼ਾਇਕਾ ਕੰਪਨੀ ਦੇ 1300 ਕਰੋੜ ਰੁਪਏ ਦੇ ਨਿਵੇਸ਼, ਵਿਸ਼ਵ-ਵਿਆਪੀ ਕੰਪਨੀਆਂ ਦੀ ਦਿਲਚਸਪੀ ਅਤੇ ਕੇਉਕੇਨਹੌਫ ਤੋਂ ਫਿਨਲੈਂਡ ਤੱਕ ਉੱਨਤ ਖੇਤੀਬਾੜੀ-ਤਕਨੀਕੀ ਸਹਿਯੋਗ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਰਣਨੀਤਕ ਗੱਠਜੋੜ ਫਸਲੀ ਵਿਭਿੰਨਤਾ ਨੂੰ ਤੇਜ਼ ਕਰਨਗੇ, ਨਿਵੇਸ਼ ਨੂੰ ਆਕਰਸ਼ਿਤ ਕਰਨਗੇ ਅਤੇ ਪੰਜਾਬ ਨੂੰ ਨਵੀਨਤਾ, ਖੋਜ ਅਤੇ ਵਿਕਾਸ ਤੇ ਉੱਚ ਗੁਣਵੱਤਾ ਵਾਲੀ ਖੇਤੀ ਲਈ ਵਿਸ਼ਵ-ਵਿਆਪੀ ਕੇਂਦਰ ਵਜੋਂ ਮਜ਼ਬੂਤੀ ਨਾਲ ਸਥਾਪਿਤ ਕਰਨਗੇ | ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲੇ ਦਿਨ ਨੀਦਰਲੈਂਡ 'ਚ ਭਾਰਤ ਦੇ ਸਫ਼ੀਰ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਤੇ 19 ਅਪ੍ਰੈਲ ਨੂੰ ਵਫ਼ਦ ਨੇ ਵਿਸ਼ਵ-ਪ੍ਰਸਿੱਧ ਬਾਗਬਾਨੀ ਮਾਡਲ ਕੇਉਕੇਨਹੌਫ ਦਾ ਦੌਰਾ ਕੀਤਾ ਅਤੇ ਬਾਗਬਾਨੀ ਦੇ ਵਿਕਾਸ ਲਈ ਸਹਿਯੋਗ ਬਾਰੇ ਚਰਚਾ ਕੀਤੀ ਗਈ ਤੇ ਪੰਜਾਬ ਤੋਂ ਗੁਲਾਬ ਦੀ ਬਰਾਮਦ ਦੀ ਸੰਭਾਵਨਾ ਦਾ ਪਤਾ ਲਾਇਆ ਗਿਆ | ਉਨ੍ਹਾਂ ਕਿਹਾ ਕਿ ਜ਼ਾਇਕਾ ਵਲੋਂ ਕੀਤੇ ਜਾ ਰਹੇ 1300 ਕਰੋੜ ਰੁਪਏ ਦੇ ਨਿਵੇਸ਼ ਤੋਂ ਇਲਾਵਾ ਇਹ ਸਮਝੌਤਾ ਫਸਲੀ ਵਿਭਿੰਨਤਾ ਨੂੰ 
ਵੱਡਾ ਹੁਲਾਰਾ ਦੇਣ 'ਚ ਮੁੱਖ ਭੂਮਿਕਾ ਨਿਭਾਏਗਾ | ਮੁੱਖ ਮੰਤਰੀ ਨੇ ਕਿਹਾ ਕਿ ਦੌਰੇ ਦਾ ਉਦੇਸ਼ ਉਦਯੋਗਿਕ ਨਿਵੇਸ਼ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਨਾ, ਸਿੱਖਿਆ ਤੇ ਖੋਜ ਅਦਾਨ-ਪ੍ਰਦਾਨ 'ਚ ਸਹਿਯੋਗ ਨੂੰ ਮਜ਼ਬੂਤ ਕਰਨਾ, ਤਕਨਾਲੋਜੀ ਦੇ ਪਰਸਪਰ ਵਟਾਂਦਰੇ 'ਤੇ ਧਿਆਨ ਕੇਂਦਰਿਤ ਕਰਨਾ ਤੇ ਪੰਜਾਬ ਦੇ ਸੰਪੂਰਨ ਵਿਕਾਸ ਲਈ ਯੋਜਨਾ ਬਣਾਉਣਾ ਵੀ ਸੀ |
ਉਨ੍ਹਾਂ ਅੱਗੇ ਕਿਹਾ ਕਿ ਗੱਲਬਾਤ ਦੌਰਾਨ ਇਸ ਗੱਲ 'ਤੇ ਸਹਿਮਤੀ ਬਣੀ ਕਿ ਉੱਚ-ਮੁੱਲ ਵਾਲੀਆਂ ਫਸਲਾਂ ਅਤੇ ਗੁਣਵੱਤਾ ਭਰਪੂਰ ਬਰਾਮਦ ਉਤਪਾਦਨ ਲਈ ਸਹਿਯੋਗ ਕੀਤਾ ਜਾਵੇਗਾ | ਉਨ੍ਹਾਂ ਰਣਨੀਤਕ ਭਾਈਵਾਲੀ ਬਣਾਉਣ 'ਤੇ ਜ਼ੋਰ ਦਿੰਦੇ ਹੋਏ ਤਕਨਾਲੋਜੀ ਤੇ ਨਵੀਨਤਾ ਅਦਾਨ-ਪ੍ਰਦਾਨ 'ਤੇ ਵੀ ਸਮਝੌਤਾ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ 20 ਅਪ੍ਰੈਲ ਨੂੰ ਵਫ਼ਦ ਨੇ ਵਿਸ਼ਵ ਬਾਗਬਾਨੀ ਕੇਂਦਰ ਦਾ ਦੌਰਾ ਕੀਤਾ ਤੇ ਨੀਦਰਲੈਂਡਜ਼ ਇੰਡੀਆ ਚੈਂਬਰ ਆਫ਼ ਕਾਮਰਸ ਐਂਡ ਟਰੇਡ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕੀਤੀ ਤੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕੀਤੀ | ਉਨ੍ਹਾਂ ਦੱਸਿਆ ਕਿ ਵਫ਼ਦ ਨੂੰ ਦੱਸਿਆ ਗਿਆ ਕਿ ਸਾਡੇ ਵਾਂਗ ਖੁੱਲ੍ਹੇ 'ਚ ਖੇਤੀ ਕਰਨ ਨਾਲ ਇਕ ਵਰਗ ਮੀਟਰ 'ਚ ਛੇ ਕਿੱਲੋ ਟਮਾਟਰ ਪੈਦਾ ਹੁੰਦੇ ਹਨ, ਜਦੋਂ ਕਿ ਉੱਥੇ ਪੌਲੀ ਹਾਊਸ 'ਚ ਇਕ ਵਰਗ ਮੀਟਰ 'ਚ ਟਮਾਟਰ ਦਾ ਉਤਪਾਦਨ 100 ਕਿੱਲੋ ਹੈ | ਉਨ੍ਹਾਂ ਅੱਗੇ ਕਿਹਾ ਕਿ ਵਫ਼ਦ ਨੇ ਵਿਦੇਸ਼ੀ ਨਿਵੇਸ਼ ਅਤੇ ਵਿਸ਼ਵ-ਵਿਆਪੀ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਅਤੇ ਸੈਮੀਕੰਡਕਟਰ, ਇਲੈਕਟ੍ਰਾਨਿਕਸ ਅਤੇ ਨਵੀਨਤਾ ਖੇਤਰਾਂ 'ਚ ਮੌਕਿਆਂ ਦੀ ਪੜਚੋਲ ਕਰਨ ਲਈ ਨਿਵੇਸ਼ ਰੋਡ ਸ਼ੋਅ ਵੀ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਨੇ ਲੋੜੀਂਦੇ ਨਤੀਜੇ ਦਿੱਤੇ ਕਿਉਂਕਿ ਮੋਹਾਲੀ 'ਚ ਇਕ ਖੋਜ ਅਤੇ ਵਿਕਾਸ ਕੇਂਦਰ ਤੇ ਨਵੀਨਤਾ ਹੱਬ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਪੰਜਾਬ 'ਚ ਇਕ ਬਾਗਬਾਨੀ ਅਨੁਭਵ ਤੇ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਯੋਜਨਾ ਨੂੰ ਵੀ ਪ੍ਰਵਾਨਗੀ ਦਿੱਤੀ ਗਈ, ਨਾਲ ਹੀ ਕਿਹਾ ਕਿ ਪ੍ਰਵਾਸੀ ਪੰਜਾਬੀ ਬੇਅਦਬੀ ਵਿਰੋਧੀ ਕਾਨੂੰਨ ਬਣਾਉਣ ਤੇ ਪਹਿਲੀ ਵਾਰ ਕਿਸੇ ਪੰਜਾਬੀ ਵਫ਼ਦ ਵਲੋਂ ਨੀਦਰਲੈਂਡ ਦਾ ਦੌਰਾ ਕਰਨ ਨਾਲ ਬਹੁਤ ਖ਼ੁਸ਼ ਹਨ | ਉਨ੍ਹਾਂ ਅੱਗੇ ਕਿਹਾ ਕਿ ਉਹ ਮਹਾਨ ਡੱਚ ਹਾਕੀ ਖਿਡਾਰੀ ਫਲੋਰਿਸ ਜਾਨ ਬੋਵਲੈਂਡਰ ਨੂੰ ਮਿਲੇ ਤੇ ਕਿਹਾ ਕਿ ਉਹ ਜਲਦੀ ਹਾਕੀ ਨੂੰ ਵੱਡਾ ਹੁਲਾਰਾ ਦੇਣ ਲਈ ਪੰਜਾਬ ਦਾ ਦੌਰਾ ਕਰਨਗੇ | ਮੁੱਖ ਮੰਤਰੀ ਨੇ ਕਿਹਾ ਕਿ ਦਾਵਤ ਰਾਈਸ ਬ੍ਰਾਂਡ ਨਾਮੀ ਐਲਟੀ ਫੂਡਜ ਨੇ ਵੀ ਰਾਜਪੁਰਾ 'ਚ ਨਿਵੇਸ਼ ਕਰਨ ਲਈ ਸਹਿਮਤੀ ਦਿੱਤੀ | ਉਨ੍ਹਾਂ ਕਿਹਾ ਕਿ ਚੌਲਾਂ ਲਈ ਵਰਤੀ ਜਾਣ ਵਾਲੀ ਤਕਨਾਲੋਜੀ ਵਿਸ਼ਵ ਭਰ 'ਚ ਸ਼ਲਾਘਾਯੋਗ ਰਹੀ | ਮੁੱਖ ਮੰਤਰੀ ਨੇ ਕਿਹਾ ਕਿ 22 ਅਪ੍ਰੈਲ ਨੂੰ ਵਫਦ ਫਿਨਲੈਂਡ ਦੌਰੇ 'ਤੇ ਗਏ ਵਫਦ ਨੇ ਪੰਜਾਬੀ ਭਾਈਚਾਰੇ ਨਾਲ ਗੱਲਬਾਤ ਕੀਤੀ ਤੇ ਫਿਨਲੈਂਡ ਦੇ ਰਾਜਦੂਤ ਹੇਮੰਤ ਐਚ. ਕੋਟਲਵਾੜ ਨਾਲ ਮੁਲਾਕਾਤ ਕੀਤੀ | ਉਨ੍ਹਾਂ ਕਿਹਾ ਕਿ ਇਸ ਨਾਲ ਪੰਜਾਬੀ ਭਾਈਚਾਰੇ ਨਾਲ ਸੰਬੰਧਾਂ ਅਤੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ 'ਚ ਮਦਦ ਮਿਲੀ ਹੈ | ਉਨ੍ਹਾਂ ਕਿਹਾ ਕਿ ਫਿਨਲੈਂਡ ਦੀ ਹਾਕੀ ਟੀਮ 'ਚ ਪੰਜ ਖਿਡਾਰੀ ਪੰਜਾਬੀ ਹਨ | ਮੁੱਖ ਮੰਤਰੀ ਨੇ ਕਿਹਾ ਕਿ ਹਾਕੀ ਕਲੱਬ ਨੇ ਫਿਨਲੈਂਡ ਹਾਕੀ ਕਲੱਬ ਵਲੋਂ ਜਿੱਤਿਆ ਸੋਨ ਤਗਮਾ ਪਿਆਰ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਉਨ੍ਹਾਂ ਨੂੰ ਭੇਟ ਕੀਤਾ | ਉਨ੍ਹਾਂ ਅੱਗੇ ਕਿਹਾ ਕਿ 23 ਅਪ੍ਰੈਲ ਨੂੰ ਵਫਦ ਨੇ ਫਿਨਲੈਂਡ ਦੇ ਆਧੁਨਿਕ ਸਿੱਖਿਆ ਮਾਡਲ ਦਾ ਅਧਿਐਨ ਕੀਤਾ ਤੇ ਪ੍ਰੀ-ਸਰਵਿਸ ਟ੍ਰੇਨਿੰਗ ਅਤੇ ਨਿਰੰਤਰ ਪੇਸ਼ੇਵਰ ਵਿਕਾਸ ਬਾਰੇ ਡੂੰਘੀ ਸੂਝ ਪ੍ਰਾਪਤ ਕੀਤੀ | ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕ ਸਿਖਲਾਈ ਅਤੇ ਈ.ਸੀ.ਸੀ.ਈ. 'ਚ ਭਾਈਵਾਲੀ ਦੀ ਪੜਚੋਲ ਕਰਨ ਦੇ ਨਾਲ ਪੰਜਾਬ 'ਚ ਅਧਿਆਪਕ ਸਮਰੱਥਾ, ਮੈਂਟਰਿੰਗ ਅਤੇ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ | ਉਨ੍ਹਾਂ ਅੱਗੇ ਕਿਹਾ ਕਿ ਅਧਿਆਪਕ ਸਿਖਲਾਈ ਤੇ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਵੀ ਭਾਈਵਾਲੀ ਕੀਤੀ ਗਈ | ਉਨ੍ਹਾਂ ਕਿਹਾ ਕਿ ਮੀਟਿੰਗਾਂ ਦੌਰਾਨ ਸਿੱਖਿਆ ਖੇਤਰ 'ਚ ਨਵੀਨਤਾ ਦੇ ਭਵਿੱਖੀ ਮੌਕਿਆਂ ਬਾਰੇ ਵੀ ਵਿਆਪਕ ਚਰਚਾ ਕੀਤੀ ਗਈ | ਉਨ੍ਹਾਂ ਕਿਹਾ ਕਿ ਵਫਦ ਨੇ ਤਾਂ ਰਕੂ ਯੂਨੀਵਰਸਿਟੀ ਅਤੇ ਇਸਦੇ ਅਰਲੀ ਚਾਈਲਡਹੁੱਡ ਐਜੂਕੇਸਨ ਐਂਡ ਕੇਅਰ ਸੈਂਟਰ ਦਾ ਵੀ ਦੌਰਾ ਕੀਤਾ | ਪੰਜਾਬ ਵਲੋਂ ਪਹਿਲਾਂ ਹੀ ਤਿੰਨ ਬੈਚਾਂ ਰਾਹੀਂ 216 ਪ੍ਰਾਇਮਰੀ ਅਧਿਆਪਕਾਂ ਨੂੰ ਸਿਖਲਾਈ ਲਈ ਭੇਜਿਆ ਜਾ ਚੁੱਕਾ ਹੈ | 72 ਅਧਿਆਪਕਾਂ ਦਾ ਚੌਥਾ ਬੈਚ 18 ਮਈ, 2026 ਨੂੰ ਭੇਜਿਆ ਜਾਵੇਗਾ | ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਤੇ ਹੋਰ ਪਤਵੰਤੇ ਮੌਜੂਦ ਸਨ |

ਪਿਛਲੀ ਖ਼ਬਰ 5 ਰਾਜਾਂ ਦੀਆਂ ਚੋਣਾਂ ਤੋਂ ਬਾਅਦ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਕੋਈ ਯੋਜਨਾ ਨਹੀਂ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਪਹਿਲੀ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।