19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

5 ਰਾਜਾਂ ਦੀਆਂ ਚੋਣਾਂ ਤੋਂ ਬਾਅਦ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਕੋਈ ਯੋਜਨਾ ਨਹੀਂ

ਅਜੀਤ ਡੈਸਕ 29-04-2026
ਨਵੀਂ ਦਿੱਲੀ, 28 ਅਪ੍ਰੈਲ (ਏਜੰਸੀ)-29 ਅਪ੍ਰੈਲ ਨੂੰ ਪੱਛਮੀ ਬੰਗਾਲ ਦੀਆਂ ਚੋਣਾਂ ਸਮਾਪਤ ਹੋਣ ਬਾਅਦ ਤੇਲ ਦੀਆਂ ਕੀਮਤਾਂ 'ਚ ਹੋਣ ਵਾਲੇ ਵਾਧੇ ਦੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਰਕਾਰ ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਕੋਈ ਯੋਜਨਾ ਨਹੀਂ | ਪੈਟਰੋਲ ਤੇ ਡੀਜ਼ਲ ਦੀਆਂ ਖੁਦਰਾ ਕੀਮਤਾਂ ਰਿਕਾਰਡ ਚੌਥੇ ਸਾਲ ਵੀ ਨਹੀਂ ਬਦਲੀਆਂ ਗਈਆਂ, ਜਦਕਿ ਪੱਛਮੀ ਏਸ਼ੀਆ 'ਚ ਚੱਲ ਰਹੇ ਟਕਰਾਅ ਕਾਰਨ ਪਿਛਲੇ ਦੋ ਮਹੀਨਿਆਂ 'ਚ ਕੱਚੇ ਤੇਲ ਦੀ ਲਾਗਤ 50 ਫ਼ੀਸਦੀ ਤੋਂ ਜ਼ਿਆਦਾ ਵਧ ਗਈ ਹੈ | ਲਾਗਤ ਤੇ ਪੰਪ ਦੀਆਂ ਕੀਮਤਾਂ ਦਰਮਿਆਨ ਵਧਦਾ ਅੰਤਰ ਸਰਕਾਰੀ ਤੇਲ ਖੁਦਰਾ ਵਿਕਰੇਤਾਵਾਂ ਨੂੰ ਭਾਰੀ ਨੁਕਸਾਨ ਪਹੁੰਚਾ ਰਿਹਾ ਹੈ, ਕੁਝ ਅਨੁਮਾਨਾਂ ਅਨੁਸਾਰ ਰੋਜ਼ਾਨਾ ਨੁਕਸਾਨ ਲਗਭਗ 2400 ਕਰੋੜ ਰੁਪਏ ਹੈ, ਜਿਸ ਨਾਲ ਤਾਮਿਲਨਾਡੂ, ਪੱਛਮੀ ਬੰਗਾਲ, ਅਸਾਮ, ਕੇਰਲ ਅਤੇ ਪੁਡੂਚੇਰੀ 'ਚ ਰਾਜਨੀਤਕ ਤੌਰ 'ਤੇ ਗਰਮਾਈਆਂ ਵਿਧਾਨ ਸਭਾ ਚੋਣਾਂ ਦੇ ਬੁੱਧਵਾਰ ਨੂੰ ਖਤਮ ਹੋਣ ਬਾਅਦ ਕੀਮਤਾਂ 'ਚ ਤੁਰੰਤ ਵਾਧਾ ਹੋਣ ਦੀਆਂ ਅਟਕਲਾਂ ਤੇਜ਼ ਹੋ ਗਈਆਂ | ਪੈਟਰੋਲੀਅਮ ਅਤੇ ਗੈਸ ਮੰਤਰਾਲਾ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਪ੍ਰੈਸ ਬ੍ਰੀਫਿੰਗ 'ਚ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ | ਉਨ੍ਹਾਂ ਨੇ ਕੀਮਤਾਂ ਦੇ ਤੁਰੰਤ ਵਾਧੇ ਦੀਆਂ ਉਨ੍ਹਾਂ ਅਟਕਲਾਂ ਨੂੰ ਖ਼ਾਰਜ ਕਰ ਦਿੱਤਾ, ਜਿਨ੍ਹਾਂ ਦੇ ਕਾਰਨ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਦੇ ਕੁਝ ਹਿੱਸਿਆਂ 'ਚ ਲੋਕ ਘਬਰਾ ਕੇ ਜ਼ਿਆਦਾ ਖਰੀਦਦਾਰੀ ਕਰਨ ਲੱਗੇ ਸਨ | ਪੈਟਰੋਲੀਅਮ ਮੰਤਰਾਲੇ ਅਨੁਸਾਰ ਕੁਝ ਪੰਪਾਂ 'ਤੇ ਮੰਗ 'ਚ 30-33 ਪ੍ਰਤੀਸ਼ਤ ਤੱਕ ਦਾ ਵਾਧਾ ਦੇਖਿਆ ਗਿਆ | ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਕੋਲ ਮੰਗ ਨੂੰ ਪੂਰਾ ਕਰਨ ਲਈ ਸਾਰੇ ਪ੍ਰਕਾਰ ਦੇ ਤੇਲ (ਪੈਟਰੋਲ, ਡੀਜ਼ਲ ਤੋਂ ਲੈ ਕੇ ਖਾਣਾ ਪਕਾਉਣ ਵਾਲੀ ਗੈਸ ਐਲ. ਪੀ. ਜੀ. ਅਤੇ ਹਵਾਈ ਜਹਾਜ਼ 'ਚ ਵਰਤਿਆ ਜਾਣ ਵਾਲਾ ਤੇਲ) ਦਾ ਲੋੜੀਂਦਾ ਭੰਡਾਰ ਮੌਜੂਦ ਹੈ | ਉਨ੍ਹਾਂ ਕਿਹਾ ਕਿ ਕੀਮਤਾਂ ਸਥਿਰ ਹਨ ਅਤੇ ਦਰਾਂ 'ਚ ਕੋਈ ਵਾਧਾ ਨਹੀਂ ਹੋਇਆ ਹੈ |

ਪਿਛਲੀ ਖ਼ਬਰ ਦਾਊਦ ਦੇ ਕਰੀਬੀ ਸਲੀਮ ਡੋਲਾ ਨੂੰ ਤੁਰਕੀ ਤੋਂ ਲਿਆਂਦਾ ਭਾਰਤ ਅਗਲੀ ਖ਼ਬਰ ਯੂਰਪ ਫੇਰੀ ਨੇ ਪੰਜਾਬ ਦੇ ਕਿਸਾਨਾਂ, ਉਦਯੋਗ ਤੇ ਨੌਜਵਾਨਾਂ ਲਈ ਨਵੇਂ ਦਰਵਾਜ਼ੇ ਖੋਲ੍ਹੇ-ਭਗਵੰਤ ਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।