ਕਿਹਾ, ਅਗਲੀਆਂ ਪੀੜ੍ਹੀਆਂ ਲਈ ਧਰਤੀ ਹੇਠਲਾ ਪਾਣੀ ਬਚਾਉਣਾ ਜ਼ਰੂਰੀ
ਸੰਗਰੂਰ/ਚੀਮਾ ਮੰਡੀ, 30 ਅਪ੍ਰੈਲ (ਫੁੱਲ, ਜਗਰਾਜ ਮਾਨ, ਗਰੁਜੀਤ ਸਿੰਘ ਚਹਿਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਿਕਾਊ ਖੇਤੀ ਅਤੇ ਲੰਮੇ ਸਮੇਂ ਤੱਕ ਪਾਣੀ ਦੀ ਸੰਭਾਲ ਲਈ ਵਿਆਪਕ ਤੌਰ 'ਤੇ ਰੂਪ ਰੇਖਾ ਦਾ ਖੁਲਾਸਾ ਕਰਦਿਆਂ ਪੰਜਾਬ ਦੇ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਤੋਂ ਨਿਰਭਰਤਾ ਘਟਾ ਕੇ ਨਹਿਰੀ ਪਾਣੀ ਦੀ ਸਿੰਚਾਈ ਵੱਲ ਮੁੜਨ ਦਾ ਸੱਦਾ ਦਿੱਤਾ | ਆਪਣੇ ਜੱਦੀ ਪਿੰਡ ਸਤੌਜ ਦੇ ਦੌਰੇ ਦੌਰਾਨ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਦਾ ਭਵਿੱਖ ਇਸ ਦੇ ਜਲ ਸਰੋਤਾਂ ਨਾਲ ਅਟੁੱਟ ਰੂਪ 'ਚ ਜੁੜਿਆ ਹੋਇਆ ਹੈ ਅਤੇ ਇਨ੍ਹਾਂ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਝੋਨੇ ਦੇ ਸੀਜਨ ਲਈ ਇਕ ਮਈ ਤੋਂ ਹੀ ਨਹਿਰੀ ਪਾਣੀ ਦਿੱਤਾ ਜਾਵੇਗਾ, ਜੋ ਕਿ ਰਵਾਇਤੀ ਸਿੰਚਾਈ ਸਮਾਂ-ਸਾਰਣੀ ਤੋਂ ਮਹੱਤਵਪੂਰਨ ਤਬਦੀਲੀ ਹੈ | ਉਨ੍ਹਾਂ ਅੱਗੇ ਕਿਹਾ ਕਿ ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਹੈ ਕਿ ਝੋਨੇ ਦੀ ਬਿਜਾਈ ਦੇ ਸੀਜਨ ਤੋਂ ਪਹਿਲਾਂ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਇਕ ਮਈ ਤੋਂ ਨਹਿਰੀ ਪਾਣੀ ਛੱਡਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਪਾਣੀ ਦੀ ਇਕ-ਇਕ ਬੂੰਦ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਸੁਚੱਜੇ ਢੰਗ ਨਾਲ ਵਰਤਿਆ ਜਾਵੇ | ਪੰਜਾਬ ਦੇ ਪਾਣੀਆਂ 'ਤੇ ਹੱਕ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਨਾ ਤਾਂ ਦੂਜੇ ਸੂਬਿਆਂ ਨਾਲ ਪਾਣੀਆਂ 'ਤੇ ਕੋਈ ਸਮਝੌਤਾ ਕੀਤਾ ਹੈ ਅਤੇ ਨਾ ਹੀ ਪਾਕਿਸਤਾਨ ਵੱਲ ਪਾਣੀ ਜਾਣ ਦਿੱਤਾ ਹੈ ਤਾਂ ਕਿ ਸਾਰਾ ਪਾਣੀ ਸਾਡੇ ਕਿਸਾਨਾਂ ਦੇ ਹਿੱਤ ਲਈ ਵਰਤਿਆ ਜਾਵੇ | ਮੁੱਖ ਮੰਤਰੀ ਨੇ ਕਿਸਾਨਾਂ ਨੂੰ ਟਿਊਬਵੈੱਲਾਂ 'ਤੇ ਨਿਰਭਰਤਾ ਘਟਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਧਰਤੀ ਹੇਠਲਾ ਪਾਣੀ ਇਕ ਕੀਮਤੀ ਅਤੇ ਸੀਮਤ ਸਰੋਤ ਹੈ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣਾ ਚਾਹੀਦਾ ਹੈ | ਆਪਣੀ ਸੋਚ 'ਚ ਸਮੂਹਿਕ ਤਬਦੀਲੀ ਲਿਆਉਣ ਦਾ ਸਮਾਂ ਆ ਗਿਆ ਹੈ | ਨਹਿਰੀ ਪਾਣੀ ਸਿਰਫ ਬਦਲ ਨਹੀਂ ਹੈ, ਇਹ ਪੰਜਾਬ ਦੀ ਖੇਤੀਬਾੜੀ ਦਾ ਭਵਿੱਖ ਹੈ | ਇਕ ਹੋਰ ਵੱਡੇ ਸੁਧਾਰ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਖੇਤਾਂ 'ਚੋਂ ਲੰਘਦੀਆਂ ਹਾਈ-ਟੈਂਸਨ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ | ਇਹ ਪ੍ਰਾਜੈਕਟ ਕਿਸਾਨਾਂ ਦੇ ਜੀਵਨ 'ਚ ਸਾਰਥਕ ਬਦਲਾਅ ਲਿਆਏਗਾ | ਉਨ੍ਹਾਂ ਕਿਹਾ ਕਿ ਇਹ ਪਾਇਲਟ ਪ੍ਰਾਜੈਕਟ ਉਨ੍ਹਾਂ ਦੇ ਜੱਦੀ ਪਿੰਡ ਤੋਂ ਸ਼ੁਰੂ ਹੋਵੇਗਾ ਜਿਸ ਵਿਚ 2,000 ਏਕੜ 'ਚ ਫੈਲੇ ਲਗਭਗ 413 ਟਿਊਬਵੈੱਲ ਅਤੇ 1,100 ਬਿਜਲੀ ਦੇ ਖੰਭੇ ਸ਼ਾਮਿਲ ਹੋਣਗੇ | ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਕਿਸਾਨਾਂ ਨੂੰ ਹੋਰ ਸਮਰੱਥ ਬਣਾਉਣਾ, ਕੁਦਰਤੀ ਸਰੋਤਾਂ ਦੀ ਸੰਭਾਲ ਕਰਨਾ ਅਤੇ ਖੁਸ਼ਹਾਲ ਪੰਜਾਬ ਸਿਰਜਣਾ ਹੈ |
ਪਿੰਡ ਸਤੌਜ 'ਚ 14.63 ਕਰੋੜ ਦੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ
ਮੁੱਖ ਮੰਤਰੀ ਨੇ ਅੱਜ ਪਿੰਡ ਸਤੌਜ 'ਚ 14.63 ਕਰੋੜ ਰੁਪਏ ਦੇ ਆਧੁਨਿਕ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਖੇਡਾਂ, ਸਿਹਤ ਅਤੇ ਅਨੁਸ਼ਾਸਨ ਰਾਹੀਂ ਪੰਜਾਬ ਦੇ ਨੌਜਵਾਨਾਂ ਦੀ ਕਿਸਮਤ ਬਦਲਣ ਲਈ ਫੈਸਲਾਕੁੰਨ ਕਦਮ ਚੁੱਕਿਆ ਗਿਆ | ਸਤੌਜ 'ਚ 4.38 ਏਕੜ 'ਚ ਬਣਨ ਵਾਲਾ ਇਹ ਵਿਸ਼ਵ ਪੱਧਰੀ ਸਟੇਡੀਅਮ ਪੇਸ਼ੇਵਰ ਸਿਖਲਾਈ ਦੀ ਪੇਸ਼ਕਸ਼ ਕਰੇਗਾ ਅਤੇ ਬੈਡਮਿੰਟਨ, ਹੈਂਡਬਾਲ, ਜੂਡੋ, ਨੈੱਟਬਾਲ, ਬਾਸਕਟਬਾਲ, ਵਾਲੀਬਾਲ, ਫੁੱਟਬਾਲ, ਜਿਮਨਾਸਟਿਕ, ਕਬੱਡੀ ਅਤੇ ਕਰਾਟੇ ਸਮੇਤ ਕਈ ਤਰ੍ਹਾਂ ਦੀਆਂ ਖੇਡਾਂ ਦੀ ਮੇਜਬਾਨੀ ਕਰੇਗਾ | ਇਸ ਨੂੰ ਇਲਾਕੇ ਲਈ ਇਤਿਹਾਸਕ ਦਿਨ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਟੇਡੀਅਮ 14.63 ਕਰੋੜ ਦੀ ਲਾਗਤ ਨਾਲ ਬਣ ਰਿਹਾ ਹੈ | ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਜ਼ਿਲ੍ਹਾ ਪੁਲਿਸ ਮੁਖੀ ਸਰਤਾਜ ਸਿੰਘ ਚਾਹਲ, ਹਰਬੰਸ ਸਿੰਘ ਹੈਪੀ ਸਰਪੰਚ, ਹਰਵਿੰਦਰ ਸਿੰਘ ਮੈਂਬਰ ਬਲਾਕ ਸੰਮਤੀ, ਲਖਵੀਰ ਸਿੰਘ, ਜਸਵੀਰ ਸਿੰਘ, ਗੁਰਜੀਤ ਸਿੰਘ, ਕੁਲਵਿੰਦਰ ਸਿੰਘ ਚਹਿਲ, ਸੂਬਾ ਸਿੰਘ, ਰਸ਼ਪਾਲ ਸਿੰਘ, ਭੋਲਾ ਸਿੰਘ ਤੇ ਹੋਰ ਆਗੂ ਵੀ ਮੌਜੂਦ ਸਨ |