ਕਿਸੇ ਵੀ ਹਮਲੇ ਦਾ ਤੁਰੰਤ ਜਵਾਬ ਦੇਵਾਂਗੇ-ਸ਼ਾਹਬਾਜ਼ ਸ਼ਰੀਫ਼
ਅੰਮਿ੍ਤਸਰ, 10 ਮਈ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਦੇ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਨੇ ਫ਼ੌਜੀ ਆਪ੍ਰੇਸ਼ਨ ਮਾਰਕਾ-ਏ-ਹੱਕ (ਸੱਚ ਦੀ ਲੜਾਈ) ਦੀ ਪਹਿਲੀ ਵਰ੍ਹੇਗੰਢ ਮੌਕੇ ਰਾਵਲਪਿੰਡੀ ਦੇ ਜਨਰਲ ਹੈੱਡਕੁਆਟਰ ਵਿਖੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਈ ਝੂਠੇ ਦਾਅਵੇ ਕੀਤੇ | ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਨੇ 6-7 ਮਈ ਤੋਂ 10 ਮਈ ਤੱਕ ਪਾਕਿ 'ਤੇ ਕਈ ਘਾਤਕ ਹਮਲੇ ਕੀਤੇ ਅਤੇ ਪਾਕਿਸਤਾਨ ਨੇ ਸਖ਼ਤ ਜਵਾਬੀ ਕਾਰਵਾਈ ਕੀਤੀ | ਉਨ੍ਹਾਂ ਨੇ ਭਾਰਤੀ ਕਾਰਵਾਈ ਨੂੰ 'ਦੋ ਵਿਚਾਰਧਾਰਾਵਾਂ ਦੀ ਲੜਾਈ' ਕਿਹਾ | ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਾਕਿਸਤਾਨੀ ਫ਼ੌਜ ਨੇ ਸੰਘਰਸ਼ ਦੌਰਾਨ 26 ਭਾਰਤੀ ਥਾਵਾਂ ਨੂੰ ਨਿਸ਼ਾਨਾ ਬਣਾਇਆ | ਮੁਨੀਰ ਨੇ ਕਿਹਾ ਕਿ ਭਵਿੱਖ ਦੀਆਂ ਜੰਗਾਂ ਵੱਖਰੀਆਂ ਹੋਣਗੀਆਂ | ਮੁਨੀਰ ਨੇ ਦਾਅਵਾ ਕੀਤਾ ਕਿ ਪਾਕਿ ਨੂੰ ਇਕ ਸਾਲ ਪਹਿਲਾਂ ਸੰਘਰਸ਼ ਦੌਰਾਨ ਜਿੱਤ ਪ੍ਰਾਪਤ ਹੋਈ ਸੀ ਅਤੇ ਉਨ੍ਹਾਂ ਨੇ ਭਾਰਤੀ ਹਮਲੇ 'ਆਪ੍ਰੇਸ਼ਨ ਸੰਧੂਰ' ਦਾ ਫ਼ੈਸਲਾਕੁੰਨ ਜਵਾਬ ਦਿੱਤਾ ਸੀ | ਉਨ੍ਹਾਂ ਕਿਹਾ ਕਿ ਭਾਰਤ ਅਤੇ ਅਫ਼ਗਾਨਿਸਤਾਨ ਦੋਵਾਂ ਵਲੋਂ ਪਾਕਿ ਵਿਰੁੱਧ ਅੱਤਵਾਦ ਜਾਰੀ ਹੈ | ਮੁਨੀਰ ਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਨੇ ਅਮਰੀਕਾ ਰਾਹੀਂ ਜੰਗਬੰਦੀ ਦੀ ਮੰਗ ਕੀਤੀ ਸੀ ਅਤੇ ਪਾਕਿ ਸ਼ਾਂਤੀ ਲਈ ਸਹਿਮਤ ਹੋ ਗਿਆ ਸੀ | ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਪਾਕਿ ਹੁਣ ਇਕ 'ਜ਼ਿੰਮੇਵਾਰ' ਦੇਸ਼ ਵਜੋਂ ਜਾਣਿਆ ਜਾਂਦਾ ਹੈ, ਜੋ ਨਾ ਸਿਰਫ਼ ਆਪਣਾ ਬਚਾਅ ਕਰਨਾ ਜਾਣਦਾ ਹੈ ਬਲਕਿ 'ਵਿਸ਼ਵ ਸ਼ਾਂਤੀ ਅਤੇ ਸਥਿਰਤਾ ਦੇ ਗਾਰੰਟੀਕਰਤਾ' ਵਜੋਂ ਵੀ ਉੱਭਰਿਆ ਹੈ | 'ਮਾਰਕਾ-ਏ-ਹੱਕ' ਮੌਕੇ ਪ੍ਰਧਾਨ ਮੰਤਰੀ ਦਫ਼ਤਰ ਵਲੋਂ ਜਾਰੀ ਕੀਤੇ ਸੰਦੇਸ਼ 'ਚ ਸ਼ਰੀਫ਼ ਨੇ ਦੁਸ਼ਮਣੀ ਦੌਰਾਨ ਹਥਿਆਰਬੰਦ ਸੈਨਾਵਾਂ ਦੁਆਰਾ ਨਿਭਾਈ ਗਈ ਭੂਮਿਕਾ ਦੀ ਪ੍ਰਸੰਸਾ ਕੀਤੀ | ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਕਿ ਵਿਰੁੱਧ ਕਿਸੇ ਵੀ ਹਮਲੇ ਦਾ 'ਤੁਰੰਤ, ਢੁੱਕਵਾਂ ਅਤੇ ਸਰਬਪੱਖੀ ਜਵਾਬ' ਦਿੱਤਾ ਜਾਵੇਗਾ |
ਪਾਕਿ ਫ਼ੌਜ ਨੇ ਸੰਘਰਸ਼ ਦੌਰਾਨ 26 ਭਾਰਤੀ ਥਾਵਾਂ ਨੂੰ ਬਣਾਇਆ ਨਿਸ਼ਾਨਾ-ਆਸਿਮ ਮੁਨੀਰ <br/>
ਅਜੀਤ ਡੈਸਕ
11-05-2026