ਪੰਜਾਬ 'ਚ 25 ਜੂਨ ਤੋਂ ਸ਼ੁਰੂ ਹੋਵੇਗਾ ਅਮਲ ਤੇ 1 ਅਕਤੂਬਰ ਨੂੰ ਜਾਰੀ ਕੀਤੀ ਜਾਵੇਗੀ ਅੰਤਿਮ ਵੋਟਰ ਸੂਚੀ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 14 ਮਈ-ਚੋਣ ਕਮਿਸ਼ਨ ਨੇ ਵੀਰਵਾਰ ਨੂੰ ਪੰਜਾਬ, ਹਰਿਆਣਾ ਸਮੇਤ 16 ਰਾਜਾਂ ਅਤੇ ਚੰਡੀਗੜ੍ਹ ਸਮੇਤ 3 ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਦਾ ਐਲਾਨ ਕਰ ਦਿੱਤਾ ਹੈ | ਐਸ.ਆਈ.ਆਰ. ਦੇ ਤੀਜੇ ਪੜਾਅ ਦਾ ਪੂਰਾ ਅਮਲ 30 ਮਈ ਤੋਂ 23 ਦਸੰਬਰ ਤੱਕ ਚੱਲੇਗਾ, ਜਿਸ 'ਚ 36.73 ਕਰੋੜ ਵੋਟਰਾਂ ਦੀ ਤਸਦੀਕ ਕੀਤੀ ਜਾਏਗੀ | ਚੋਣ ਕਮਿਸ਼ਨ ਵਲੋਂ ਜਿਨ੍ਹਾਂ ਰਾਜਾਂ 'ਚ ਐਸ.ਆਈ.ਆਰ. ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ 'ਚ ਪੰਜਾਬ, ਉੱਤਰਾਖੰਡ ਅਤੇ ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਦਕਿ ਬਾਕੀ 13 ਰਾਜਾਂ 'ਚ 2028 ਅਤੇ 2029 'ਚ ਚੋਣਾਂ ਹੋਣਗੀਆਂ | ਚੋਣ ਕਮਿਸ਼ਨ ਵਲੋਂ ਵੀਰਵਾਰ ਨੂੰ ਜਾਰੀ ਬਿਆਨ ਮੁਤਾਬਿਕ ਐਸ.ਆਈ.ਆਰ. ਦੇ ਤੀਜੇ ਪੜਾਅ 'ਚ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਤੇ ਲੱਦਾਖ 'ਚ ਵੋਟਰ ਸੂਚੀ 'ਚ ਸੋਧ ਦਾ ਕੰਮ ਨਹੀਂ ਕੀਤਾ ਜਾਏਗਾ | ਇਨ੍ਹਾਂ ਤਿੰਨਾਂ ਰਾਜਾਂ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਮਰਦਮਸ਼ੁਮਾਰੀ ਦੇ ਦੂਜੇ ਪੜਾਅ ਦੇ ਪੂਰੇ ਹੋਣ ਅਤੇ ਉੱਪਰੀ ਇਲਾਕਿਆਂ, ਬਰਫ਼ ਨਾਲ ਢਕੇ ਖੇਤਰਾਂ 'ਚ ਮੌਸਮ ਦੀ ਸਥਿਤੀ 'ਤੇ ਵਿਚਾਰ ਕਰਨ ਤੋਂ ਬਾਅਦ ਐਸ.ਆਈ.ਆਰ. ਕਰਵਾਉਣ ਬਾਰੇ ਫ਼ੈਸਲਾ ਲਿਆ ਜਾਏਗਾ |
ਐਸ.ਆਈ.ਆਰ. ਦੇ ਤੀਜੇ ਪੜਾਅ 'ਚ 3.94 ਲੱਖ ਤੋਂ ਵੱਧ ਬੂਥ ਪੱਧਰੀ ਅਧਿਕਾਰੀ (ਬੀ.ਐਲ.ਓ.) ਘਰ-ਘਰ ਜਾ ਕੇ 36.73 ਕਰੋੜ ਵੋਟਰਾਂ ਨਾਲ ਮਿਲਣਗੇ | ਇਨ੍ਹਾਂ ਦੀ ਮਦਦ 3.42 ਲੱਖ ਬੂਥ ਪੱਧਰੀ ਏਜੰਟ (ਬੀ.ਐਲ.ਏ.) ਕਰਨਗੇ, ਜਿਨ੍ਹਾਂ ਨੂੰ ਸਿਆਸੀ ਪਾਰਟੀਆਂ ਵਲੋਂ ਗਿਣਤੀ ਕਰਨ ਵੇੇਲੇ ਨਿਯੁਕਤ ਕੀਤਾ ਗਿਆ ਸੀ | ਪੰਜਾਬ 'ਚ ਐਸ.ਆਈ.ਆਰ. ਦਾ ਅਮਲ 25 ਜੂਨ ਤੋਂ ਸ਼ੁਰੂ ਹੋਏਗਾ ਜਿਸ ਦੌਰਾਨ 25 ਜੂਨ ਤੋਂ 24 ਜੁਲਾਈ ਤੱਕ ਬੀ.ਐਲ.ਓ. ਘਰਾਂ ਦਾ ਦੌਰਾ ਕਰਨਗੇ | ਜਿਸ ਤੋਂ ਬਾਅਦ 31 ਜੁਲਾਈ ਤੱਕ ਮਸੌਦਾ ਵੋਟਰ ਸੂਚੀ ਤਿਆਰ ਕੀਤੀ ਜਾਏਗੀ | ਵੋਟਰ ਸੂਚੀ (ਮਸੌਦਾ) ਨੂੰ ਲੈ ਕੇ ਸ਼ਿਕਾਇਤਾਂ ਅਤੇ ਇਤਰਾਜ਼ 31 ਜੁਲਾਈ ਤੋਂ 30 ਅਗਸਤ ਤੱਕ ਦਰਜ ਕਰਵਾਏ ਜਾ ਸਕਦੇ ਹਨ | ਜਿਨ੍ਹਾਂ ਦਾ ਨਿਪਟਾਰਾ 31 ਜੁਲਾਈ ਤੋਂ 28 ਸਤੰਬਰ ਤੱਕ ਕੀਤਾ ਜਾਏਗਾ | ਇਸ ਤੋਂ ਬਾਅਦ 1 ਅਕਤੂਬਰ ਨੂੰ ਫਾਈਨਲ ਵੋਟਰ ਸੂਚੀ ਤਿਆਰ ਕੀਤੀ ਜਾਏਗੀ | ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਿਕ 12 ਮਈ 2026 ਨੂੰ ਪੰਜਾਬ 'ਚ ਵੋਟਰਾਂ ਦੀ ਕੁੱਲ ਗਿਣਤੀ 2,14,56,297 ਹੈ | ਕਮਿਸ਼ਨ ਨੇ ਪੰਜਾਬ 'ਚ ਇਸ ਅਮਲ ਲਈ 24453 ਬੀ.ਐਲ.ਓ. ਅਤੇ 8547 ਬੀ.ਐਲ.ਏ. ਨਿਯੁਕਤ ਕੀਤੇ ਹਨ |
ਕਿਹੜੇ ਰਾਜਾਂ 'ਚ ਹੋ ਰਹੀ ਹੈ ਐਸ.ਆਈ.ਆਰ.
ਚੋਣ ਕਮਿਸ਼ਨ ਵਲੋਂ ਵੀਰਵਾਰ ਨੂੰ ਜਿਹੜੇ ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਲਈ ਐਸ.ਆਈ.ਆਰ. ਦੇ ਤੀਜੇ ਗੇੜ ਦਾ ਐਲਾਨ ਕੀਤਾ ਗਿਆ ਉਨ੍ਹਾਂ 'ਚ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਚੰਡੀਗੜ੍ਹ, ਦਾਦਰ ਨਗਰ ਹਵੇਲੀ, ਦਮਨ ਤੇ ਦੀਯੂ, ਹਰਿਆਣਾ, ਝਾਰਖੰਡ, ਕਰਨਾਟਕ, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਦਿੱਲੀ, ਓਡੀਸ਼ਾ, ਪੰਜਾਬ, ਸਿੱਕਿਮ, ਤਿ੍ਪੁਰਾ, ਤੇਲੰਗਾਨਾ ਅਤੇ ਉੱਤਰਾਖੰਡ ਸ਼ਾਮਿਲ ਹਨ | ਇਨ੍ਹਾਂ ਰਾਜਾਂ 'ਚ ਸਭ ਤੋਂ ਵੱਧ ਵੋਟਰ ਮਹਾਰਾਸ਼ਟਰ (9.86 ਕਰੋੜ) ਹਨ ਜਿਸ ਤੋਂ ਬਾਅਦ ਕਰਨਾਟਕ (5.55 ਕਰੋੜ), ਆਂਧਰਾ ਪ੍ਰਦੇਸ਼ (4.16 ਕਰੋੜ), ਤੇਲੰਗਾਨਾ (3.39 ਕਰੋੜ), ਓਡੀਸ਼ਾ (3.34 ਕਰੋੜ), ਝਾਰਖੰਡ (2.64 ਕਰੋੜ) ਵੋਟਰ ਹਨ | ਵੋਟਰਾਂ ਪੱਖੋਂ ਪੰਜਾਬ ਸੱਤਵੇਂ ਨੰਬਰ 'ਤੇ ਹੈ | ਜਦਕਿ 2.06 ਕਰੋੜ ਵੋਟਰਾਂ ਨਾਲ ਹਰਿਆਣਾ ਅੱਠਵੇਂ, 1.48 ਕਰੋੜ ਵੋਟਰਾਂ ਨਾਲ ਦਿੱਲੀ ਨੌਵੇਂ, 79.76 ਲੱੱਖ ਵੋਟਰਾਂ ਨਾਲ ਉੱਤਰਾਖੰਡ ਦਸਵੇਂ ਨੰਬਰ 'ਤੇ ਹੈ | ਰਾਜਾਂ 'ਚ ਸਭ ਤੋਂ ਘੱਟ ਵੋਟਰ (4.71 ਲੱਖ) ਸਿੱਕਮ 'ਚ ਹਨ | ਐਸ.ਆਈ.ਆਰ. ਦਾ ਅਮਲ ਵੱਖ-ਵੱਖ ਰਾਜਾਂ 'ਚ ਵੱਖ-ਵੱਖ ਸਮੇਂ 'ਤੇ ਹੋ ਰਿਹਾ ਹੈ | ਜਿਸ 'ਚ ਓਡੀਸ਼ਾ, ਮਿਜ਼ੋਰਮ, ਸਿੱਕਮ ਅਤੇ ਮਨੀਪੁਰ 'ਚ ਇਹ ਅਮਲ ਸਭ ਤੋਂ ਪਹਿਲਾਂ ਸ਼ੁਰੂ ਹੋ ਰਿਹਾ ਹੈ | ਜਿਸ 'ਚ 30 ਮਈ ਤੋਂ 28 ਜੂਨ ਤੱਕ ਬੀ.ਐਲ.ਓ. ਘਰਾਂ ਦਾ ਦੌਰਾ ਕਰਨਗੇ | 5 ਜੁਲਾਈ ਨੂੰ ਮਸੌਦਾ ਵੋਟਰ ਸੂਚੀ ਤਿਆਰ ਕੀਤੀ ਜਾਏਗੀ, ਜਿਸ 'ਤੇ 5 ਜੁਲਾਈ ਤੋਂ 4 ਅਗਸਤ ਤੱਕ ਇਤਰਾਜ਼ ਪ੍ਰਗਟਾਏ ਜਾ ਸਕਦੇ ਹਨ | ਇਤਰਾਜ਼ਾਂ ਦਾ ਨਿਪਟਾਰਾ 5 ਜੁਲਾਈ ਤੋਂ 2 ਸਤੰਬਰ ਤੱਕ ਕਰਨ ਤੋਂ ਬਾਅਦ 6 ਸਤੰਬਰ ਨੂੰ ਫਾਈਨਲ ਵੋਟਰ ਸੂਚੀ ਤਿਆਰ ਕੀਤੀ ਜਾਏਗੀ | ਦਾਦਰਾ ਤੇ ਨਗਰ ਹਵੇਲੀ ਤੇ ਦਮਨ ਅਤੇ ਦੀਯੂ ਲਈ ਅਮਲ 4 ਜੂਨ ਤੋਂ ਸ਼ੁਰੂ ਹੋਏਗਾ ਅਤੇ ਅੰਤਿਮ ਵੋਟਰ ਸੂਚੀ 11 ਸਤੰਬਰ ਤੱਕ ਤਿਆਰ ਕੀਤੀ ਜਾਏਗੀ | ਉੱਤਰਾਖੰਡ ਲਈ ਅਮਲ 8 ਜੂਨ ਤੋਂ 15 ਸਤੰਬਰ ਤੱਕ ਚੱਲੇਗਾ | ਚੰਡੀਗੜ੍ਹ, ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਅਰੁਣਾਚਲ ਪ੍ਰਦੇਸ਼ ਲਈ ਐਸ.ਆਈ.ਆਰ. ਦਾ ਅਮਲ 15 ਜੂਨ ਤੋਂ ਸ਼ੁਰੂ ਹੋਏਗਾ ਅਤੇ ਅੰਤਿਮ ਵੋਟਰ ਸੂਚੀ 22 ਸਤੰਬਰ ਨੂੰ ਤਿਆਰ ਕੀਤੀ ਜਾਏਗੀ | ਤੇਲੰਗਾਨਾ 'ਚ ਐਸ.ਆਈ.ਆਰ. ਦਾ ਅਮਲ ਪੰਜਾਬ ਦੇ ਨਾਲ ਹੀ 25 ਜੂਨ ਤੋਂ ਸ਼ੁਰੂ ਹੋ ਕੇ 1 ਅਕਤੂਬਰ ਤੱਕ ਚੱਲੇਗਾ | ਕਰਨਾਟਕ, ਮੇਘਾਲਿਆ, ਮਹਾਰਾਸ਼ਟਰ, ਝਾਰਖੰਡ ਅਤੇ ਦਿੱਲੀ 'ਚ ਐਸ.ਆਈ.ਆਰ. ਦਾ ਅਮਲ 30 ਜੂਨ ਤੋਂ 7 ਅਕਤੂਬਰ ਤੱਕ ਚੱਲੇਗਾ |
ਪੰਜਾਬ ਸਮੇਤ 19 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਐਸ.ਆਈ.ਆਰ. ਦਾ ਐਲਾਨ
ਅਜੀਤ ਡੈਸਕ
15-05-2026