25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅੰਮਿ੍ਤਸਰ-ਨਿਊ ਜਲਪਾਈਗੁੜੀ ਅੰਮਿ੍ਤ ਭਾਰਤ ਐਕਸਪ੍ਰੈੱਸ ਸ਼ੁਰੂ

ਅਜੀਤ ਡੈਸਕ 15-05-2026

ਉੱਤਰੀ ਅਤੇ ਪੂਰਬੀ ਭਾਰਤ 'ਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ-ਬਿੱਟੂ
ਅੰਮਿ੍ਤਸਰ, 14 ਮਈ (ਰਾਜੇਸ਼ ਕੁਮਾਰ ਸ਼ਰਮਾ)-ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਅੰਮਿ੍ਤਸਰ-ਨਿਊ ਜਲਪਾਈਗੁੜੀ ਅੰਮਿ੍ਤ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਰੇਲਵੇ ਸਟੇਸ਼ਨ 'ਤੇ ਕਰਵਾਏ ਵਿਸ਼ੇਸ਼ ਸਮਾਗਮ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੰਬੋਧਨ ਕਰਦਿਆਂ ਕਿਹਾ ਕਿ 14664/14663 ਅੰਮਿ੍ਤ ਭਾਰਤ ਐਕਸਪ੍ਰੈੱਸ ਸੇਵਾ ਦੀ ਸ਼ੁਰੂਆਤ ਉੱਤਰੀ ਭਾਰਤ ਅਤੇ ਪੂਰਬੀ ਭਾਰਤ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇਕ ਵੱਡਾ ਕਦਮ ਹੈ | ਇਹ ਰੇਲ ਗੱਡੀ ਪੰਜਾਬ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚਕਾਰ ਯਾਤਰਾ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ, ਵਿਦਿਆਰਥੀਆਂ, ਵਪਾਰੀਆਂ, ਸੈਲਾਨੀਆਂ, ਸ਼ਰਧਾਲੂਆਂ ਅਤੇ ਪਰਿਵਾਰਾਂ ਲਈ ਕਿਫ਼ਾਇਤੀ, ਆਰਾਮਦਾਇਕ ਅਤੇ ਆਧੁਨਿਕ ਲੰਬੀ ਦੂਰੀ ਦੀ ਯਾਤਰਾ ਸੁਵਿਧਾ ਮੁਹੱਈਆ ਕਰਵਾਏਗੀ | ਇਹ ਸੇਵਾ ਲੁਧਿਆਣਾ, ਅੰਬਾਲਾ, ਗੋਰਖਪੁਰ, ਰਕਸੌਲ, ਸੀਤਾਮੜੀ, ਸਿਲੀਗੁੜੀ ਸਮੇਤ ਕਈ ਮਹੱਤਵਪੂਰਨ ਸ਼ਹਿਰਾਂ ਅਤੇ ਕਸਬਿਆਂ ਨੂੰ ਸਿੱਧੇ ਤੌਰ 'ਤੇ ਜੋੜੇਗੀ | ਉਨ੍ਹਾਂ ਕਿਹਾ ਕਿ ਅੰਮਿ੍ਤ ਭਾਰਤ ਐਕਸਪ੍ਰੈੱਸ ਆਮ ਯਾਤਰੀਆਂ ਲਈ ਖ਼ਾਸ ਤੌਰ 'ਤੇ ਤਿਆਰ ਕੀਤੀ ਗਈ ਆਧੁਨਿਕ ਨਾਨ-ਏ.ਸੀ ਰੇਲਗੱਡੀ ਹੈ, ਜੋ ਕਿਫ਼ਾਇਤੀ ਕਿਰਾਏ 'ਤੇ ਪ੍ਰੀਮੀਅਮ ਲੰਬੀ ਦੂਰੀ ਯਾਤਰਾ ਦਾ ਅਨੁਭਵ ਪ੍ਰਦਾਨ ਕਰਦੀ ਹੈ | ਪੁਸ਼-ਪੁਲ ਤਕਨਾਲੋਜੀ ਅਤੇ ਆਧੁਨਿਕ ਐੱਲ. ਐੱਚ ਬੀ. ਕੋਚਾਂ ਨਾਲ ਲੈਸ ਇਹ ਗੱਡੀ ਤੇਜ਼ ਰਫ਼ਤਾਰ, ਵਧੀਆ ਸੁਰੱਖਿਆ, ਸੁਚੱਜੀ ਯਾਤਰਾ, ਸੀ. ਸੀ. ਟੀ. ਵੀ. ਨਿਗਰਾਨੀ, ਅੱਗ ਸੁਰੱਖਿਆ ਪ੍ਰਣਾਲੀ, ਮੋਬਾਈਲ ਚਾਰਜਿੰਗ ਪੁਆਇੰਟ, ਆਧੁਨਿਕ ਇੰਟੀਰੀਅਰ ਅਤੇ ਬਿਹਤਰ ਟਾਇਲਟ ਵਰਗੀਆਂ ਸੁਵਿਧਾਵਾਂ ਪ੍ਰਦਾਨ ਕਰੇਗੀ | ਇਹ ਗੱਡੀ ਹਫ਼ਤਾਵਾਰੀ ਆਧਾਰ 'ਤੇ ਅੰਮਿ੍ਤਸਰ ਅਤੇ ਨਿਊ ਜਲਪਾਈਗੁੜੀ ਵਿਚਕਾਰ ਚੱਲੇਗੀ, ਜਿਸ ਨਾਲ ਸੰਪਰਕ, ਸੈਰ ਸਪਾਟਾ, ਵਪਾਰ ਅਤੇ ਖੇਤਰੀ ਵਿਕਾਸ ਨੂੰ ਵੱਡਾ ਉਤਸ਼ਾਹ ਮਿਲੇਗਾ |
ਅੰਮਿ੍ਤਸਰ ਰੇਲਵੇ ਸਟੇਸ਼ਨ ਦਾ 402 ਕਰੋੜ ਨਾਲ ਕੀਤਾ ਜਾਵੇਗਾ ਨਵੀਨੀਕਰਨ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੰਮਿ੍ਤਸਰ ਸਟੇਸ਼ਨ ਨੂੰ ਇਕ ਵਿਸ਼ਵ-ਪੱਧਰੀ ਰੇਲਵੇ ਸਟੇਸ਼ਨ ਬਣਾਉਣ ਦੀ ਯੋਜਨਾ ਹੈ | ਲਗਭਗ 402 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਅੰਮਿ੍ਤਸਰ ਰੇਲਵੇ ਸਟੇਸ਼ਨ ਨੂੰ ਆਧੁਨਿਕ, ਯਾਤਰੀ-ਅਨੁਕੂਲ ਅਤੇ ਭਵਿੱਖ ਲਈ ਤਿਆਰ ਟਰਾਂਸਪੋਰਟ ਹੱਬ 'ਚ ਤਬਦੀਲ ਕਰੇਗਾ | ਇਸਦੇ ਨਾਲ ਹੀ ਪੰਜ ਵਾਧੂ ਪਲੇਟਫ਼ਾਰਮਾਂ ਦੇ ਨਿਰਮਾਣ ਅਤੇ ਵਿਸਥਾਰ ਲਈ 100 ਕਰੋੜ ਵੀ ਮਨਜ਼ੂਰ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਵਿਆਪਕ ਮਾਸਟਰ ਪਲਾਨ ਅਧੀਨ ਭਵਿੱਖ ਦੀਆਂ ਯਾਤਰੀ ਅਤੇ ਸੰਚਾਲਕੀ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਵੱਡੇ ਪੱਧਰ 'ਤੇ ਯਾਰਡ ਰੀਮਾਡਲਿੰਗ ਅਤੇ ਵਿਸਥਾਰ ਦੇ ਕੰਮ ਕੀਤੇ ਜਾਣਗੇ | ਸਟੇਸ਼ਨ 'ਤੇ ਦੋ ਉੱਤਰੀ ਪਾਸੇ ਅਤੇ ਤਿੰਨ ਦੱਖਣੀ ਪਾਸੇ ਕੁੱਲ ਪੰਜ ਨਵੇਂ ਪਲੇਟਫ਼ਾਰਮ ਬਣਾਏ ਜਾਣਗੇ | ਇਸ ਦੇ ਨਾਲ ਹੀ ਪੰਜ ਨਵੀਆਂ ਯਾਤਰੀ ਲੂਪ ਲਾਈਨਾਂ ਵੀ ਬਣਾਈਆਂ ਜਾਣਗੀਆਂ, ਜਿਸ ਨਾਲ ਰੇਲਗੱਡੀਆਂ ਦੀ ਸੰਭਾਲ ਸਮਰੱਥਾ ਵਧੇਗੀ ਅਤੇ ਭੀੜ ਘਟੇਗੀ | ਆਧੁਨਿਕ ਰੇਲ ਸੰਚਾਲਨ ਨੂੰ ਮਜ਼ਬੂਤੀ ਦੇਣ ਲਈ ਅੰਮਿ੍ਤਸਰ 'ਚ ਇਕ ਨਵਾਂ ਵੰਦੇ ਭਾਰਤ ਮੇਨਟੇਨੈਂਸ ਸ਼ੈੱਡ ਵੀ ਬਣਾਇਆ ਜਾਵੇਗਾ, ਜਿਸ ਨਾਲ ਪੰਜਾਬ ਦੀ ਰੇਲਵੇ ਬੁਨਿਆਦੀ ਢਾਂਚੇ ਅਤੇ ਸੰਚਾਲਕੀ ਸਮਰੱਥਾ ਨੂੰ ਹੋਰ ਮਜ਼ਬੂਤੀ ਮਿਲੇਗੀ | ਸਟੇਸ਼ਨ ਦੀਆਂ ਇਮਾਰਤਾਂ ਨੂੰ ਆਧੁਨਿਕ ਵਾਸਤੂਕਲਾ ਦੇ ਪ੍ਰਤੀਕ ਵਜੋਂ ਵਿਕਸਿਤ ਕੀਤਾ ਜਾਵੇਗਾ | ਉੱਤਰੀ ਪਾਸੇ ਸੱਤ ਵਪਾਰਕ ਮੰਜ਼ਿਲਾਂ ਸਮੇਤ ਆਧੁਨਿਕ 'ਜੀ ਪਲਸ 10' ਸਟੇਸ਼ਨ ਇਮਾਰਤ ਬਣਾਈ ਜਾਵੇਗੀ, ਜਦਕਿ ਦੱਖਣੀ ਪਾਸੇ 'ਜੀ ਪਲਸ 3' ਸਟੇਸ਼ਨ ਇਮਾਰਤ ਤਿਆਰ ਕੀਤੀ ਜਾਵੇਗੀ | ਇਨ੍ਹਾਂ ਸਹੂਲਤਾਂ ਨਾਲ ਯਾਤਰੀਆਂ ਨੂੰ ਬਿਹਤਰ ਸੁਵਿਧਾਵਾਂ, ਸੁਗਮ ਆਵਾਜਾਈ ਅਤੇ ਆਧੁਨਿਕ ਵਪਾਰਕ ਸਥਾਨ ਪ੍ਰਾਪਤ ਹੋਣਗੇ, ਜਿਸ ਨਾਲ ਸਥਾਨਕ ਆਰਥਿਕ ਵਿਕਾਸ ਅਤੇ ਰੋਜ਼ਗਾਰ ਨੂੰ ਉਤਸ਼ਾਹ ਮਿਲੇਗਾ | ਉਨ੍ਹਾਂ ਕਿਹਾ ਕਿ ਸਟੇਸ਼ਨ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਨੂੰ ਜੋੜਨ ਲਈ ਦੋ ਨਵੇਂ ਸਬਵੇਅ ਬਣਾਏ ਜਾਣਗੇ | ਬਜ਼ੁਰਗਾਂ, ਦਿਵਿਆਂਗਜਨ, ਮਹਿਲਾਵਾਂ ਅਤੇ ਬੱਚਿਆਂ ਲਈ ਆਧੁਨਿਕ ਲਿਫ਼ਟਾਂ ਅਤੇ ਐਸਕੇਲੇਟਰ ਵੀ ਲਗਾਏ ਜਾਣਗੇ | ਇਸ ਤੋਂ ਇਲਾਵਾ ਆਧੁਨਿਕ ਪਾਰਕਿੰਗ ਸੁਵਿਧਾਵਾਂ, ਬਿਹਤਰ ਟਰੈਫ਼ਿਕ ਪ੍ਰਬੰਧਨ ਅਤੇ ਸਟੇਸ਼ਨ ਇਮਾਰਤਾਂ ਨਾਲ ਸਿੱਧੇ ਜੁੜੇ ਕਵਰਡ ਡਰਾਪ-ਆਫ ਜ਼ੋਨ ਵੀ ਬਣਾਏ ਜਾਣਗੇ | ਇਸ ਮੌਕੇ ਸਾਬਕਾ ਮੰਤਰੀ ਪ੍ਰੋ: ਲਕਸ਼ਮੀ ਕਾਂਤਾ ਚਾਵਲਾ, ਵਿਧਾਇਕ ਡਾ: ਕੁੰਵਰਵਿਜੈ ਪ੍ਰਤਾਪ ਸਿੰਘ, ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਠੇਕੇਦਾਰ, ਅਜੈਬੀਰਪਾਲ ਸਿੰਘ ਰੰਧਾਵਾ, ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਡੀ.ਆਰ.ਐੱਮ. ਸੰਜੀਵ ਕੁਮਾਰ ਸਮੇਤ ਰੇਲਵੇ ਦੇ ਹੋਰ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ 'ਚ 5 ਸੀ.ਬੀ.ਆਈ. ਰਿਮਾਂਡ 'ਤੇ-2 ਹੋਰ ਗਿ੍ਫ਼ਤਾਰ ਅਗਲੀ ਖ਼ਬਰ ਪਾਰਦਰਸ਼ੀ ਤਰੀਕੇ ਨਾਲ ਕਰਵਾਈ ਜਾਵੇਗੀ ਪੰਜਾਬ 'ਚ ਐਸ. ਆਈ. ਆਰ.-ਅਨਿੰਦਿਤਾ ਮਿਤਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।