ਨਵੀਂ ਦਿੱਲੀ, 17 ਮਈ (ਏਜੰਸੀ)-ਕੇਂਦਰੀ ਕਾਨੂੰਨ ਮੰਤਰਾਲੇ ਨੇ ਕਿਹਾ ਕਿ ਅਨੰਦ ਮੈਰਿਜ ਐਕਟ ਜੋ ਸਿੱਖ ਜੋੜਿਆਂ ਨੂੰ ਆਪਣੇ ਰਵਾਇਤੀ ਵਿਆਹਾਂ ਨੂੰ ਆਪਣੇ ਵਿਸ਼ੇਸ਼ ਕਾਨੂੰਨੀ ਢਾਂਚੇ ਤਹਿਤ ਰਜਿਸਟਰਡ ਕਰਨ ਦੇ ਸਮਰੱਥ ਬਣਾਉਂਦਾ ਹੈ, 1 ਜੂਨ ਤੋਂ ਸਿੱਕਮ 'ਚ ਲਾਗੂ ਹੋ ਜਾਵੇਗਾ | ਇਸ ਨਾਲ ਸਿੱਕਮ 'ਚ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਰਸਮੀ 'ਆਨੰਦ ਕਾਰਜ' ਸਮਾਰੋਹ ਤਹਿਤ ਸੰਪੰਨ ਹੋਏ ਆਪਣੇ ਵਿਆਹਾਂ ਨੂੰ ਸਿੱਧੇ ਰਜਿਸਟਰਡ ਕਰਨ ਦੀ ਪ੍ਰਵਾਨਗੀ ਮਿਲੇਗੀ | ਰਜਿਸਟ੍ਰੇਸ਼ਨ ਦੇ ਉਦੇਸ਼ ਲਈ ਕਈ ਸਿੱਖ ਜੋੜੇ ਆਪਣੇ ਵਿਆਹ ਨੂੰ ਹਿੰਦੂ ਮੈਰਿਜ ਐਕਟ, 1955 ਤਹਿਤ ਰਜਿਸਟ੍ਰੇਸ਼ਨ ਕਰਵਾਉਂਦੇ ਹਨ | 14 ਮਈ ਨੂੰ ਜਾਰੀ ਕਾਨੂੰਨ ਮੰਤਰਾਲੇ ਦੇ ਇਕ ਨੋਟੀਫਿਕੇਸ਼ਨ ਅਨੁਸਾਰ ਕੇਂਦਰ ਸਰਕਾਰ ਇਸ ਦੁਆਰਾ 1 ਜੂਨ 2026 ਦੀ ਤਰੀਕ ਨੂੰ ਉਸ ਤਰੀਕ ਵਜੋਂ ਨਿਯੁਕਤ ਕਰਦੀ ਹੈ, ਜਿਸ ਦਿਨ ਅਨੰਦ ਮੈਰਿਜ ਐਕਟ 1909 ਦੇ ਉਪਬੰਧ ਸਿੱਕਮ ਰਾਜ 'ਚ ਲਾਗੂ ਹੋਣਗੇ | ਸਿੱਕਮ ਦੁਆਰਾ ਸਥਾਨਕ ਰਜਿਸਟ੍ਰੇਸ਼ਨ ਵਿਧੀਆਂ ਦੀ ਰੂਪ-ਰੇਖਾ ਤਿਆਰ ਕਰਨ ਅਤੇ ਅਧਿਕਾਰਤ ਸਿੱਕਮ ਅਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ, 2026 ਨੂੰ ਸੂਚਿਤ ਕਰਨ ਤੋਂ ਬਾਅਦ ਕਾਨੂੰਨ ਮੰਤਰਾਲੇ ਨੇ ਨਿਰਧਾਰਤ ਮਿਤੀ ਨੂੰ ਸੂਚਿਤ ਕੀਤਾ | ਸਤੰਬਰ 2025 ਦੇ ਅਮਨਜੋਤ ਸਿੰਘ ਚੱਢਾ ਬਨਾਮ ਭਾਰਤ ਸੰਘ ਮਾਮਲੇ 'ਚ ਸੁਪਰੀਮ ਕੋਰਟ ਦੇ ਇਕ ਇਤਿਹਾਸਕ ਫੈਸਲੇ ਤੋਂ ਬਾਅਦ ਨਿਯਮਾਂ ਨੂੰ ਸੂਚਿਤ ਕੀਤਾ ਗਿਆ ਸੀ, ਜਿਸ ਨੇ ਕਾਨੂੰਨ 'ਚ ਪ੍ਰਸ਼ਾਸਕੀ ਕਮੀਆਂ ਨੂੰ ਦੂਰ ਕੀਤਾ ਸੀ |