ਦਿਨ ਵੇਲੇ ਸੜਕਾਂ 'ਤੇ ਕਰਫ਼ਿਊ ਵਰਗਾ ਮਾਹੌਲ, ਸਵੇਰੇ-ਸ਼ਾਮ ਪੂਰੀ ਚਹਿਲ-ਪਹਿਲ
ਰਣਜੀਤ ਸਿੰਘ
ਰਾਜਪੁਰਾ, 17 ਮਈ-ਜਿਥੇ ਗਰਮੀ ਕਾਰਨ ਆਲਾ-ਦੁਆਲਾ ਭੱਠੀ ਵਾਂਗ ਤਪ ਰਿਹਾ ਹੈ, ਉੱਥੇ ਹੀ ਚੋਣ ਪ੍ਰਚਾਰ ਦੀ ਗੱਡੀ ਦੀ ਅਸਮਾਨੋਂ ਵਰ੍ਹਦੀ ਅੱਗ ਨੇ ਫੂਕ ਕੱਢੀ ਪਈ ਹੈ | ਸਿਆਸੀ ਗਰਮੀ 'ਤੇ ਮੌਸਮ ਦੀ ਗਰਮੀ ਭਾਰੂ ਪਈ ਹੋਈ ਹੈ | ਜਿਹੜੇ ਆਗੂ ਗਰਮੀਆਂ ਕਾਰਨ ਪਹਾੜਾਂ ਦੀਆਂ ਸੈਰਾਂ 'ਤੇ ਨਿਕਲਣ ਦੀਆਂ ਵਿਉਂਤਾਂ ਬਣਾ ਰਹੇ ਸਨ ਹੁਣ ਉਨ੍ਹਾਂ ਨੇ ਠੰਢੇ ਮੌਸਮ ਦਾ ਆਨੰਦ ਮਾਨਣ ਵਾਲਾ ਕੰਮ ਹਾਲ ਦੀ ਘੜੀ ਠੰਢੇ ਬਸਤੇ 'ਚ ਪਾ ਦਿੱਤਾ ਹੈ | ਉਮੀਦਵਾਰਾਂ ਤੇ ਉਨ੍ਹਾਂ ਦੇ ਸਮਰਥਕਾਂ ਨੇ ਮੌਸਮ ਦੀ ਗਰਮੀ ਨੂੰ ਮੁੱਖ ਰੱਖ ਕੇ ਆਪਣੀ ਨੀਤੀ 'ਚ ਬਦਲਾਅ ਕਰ ਲਿਆ ਹੈ | ਹੁਣ ਦਿਨੇ ਦਫ਼ਤਰਾਂ 'ਚ ਬੈਠ ਕੇ ਨੀਤੀਆਂ ਘੜੀਆਂ ਜਾਂਦੀਆਂ ਹਨ ਤੇ ਸਵੇਰੇ-ਸ਼ਾਮ ਵੋਟਰਾਂ ਦੇ ਘਰਾਂ 'ਚ ਜਾ ਕੇ ਅਲਖ ਜਗਾਈ ਜਾਣ ਲੱਗੀ ਹੈ | ਜਾਣਕਾਰੀ ਮੁਤਾਬਿਕ ਹੁਣ ਨਾਮਜ਼ਦਗੀ ਪੇਪਰ ਦਾਖ਼ਲ ਕਰਨ ਦਾ ਕੰਮ ਮੁੱਕ ਗਿਆ ਹੈ | 19 ਮਈ ਨੂੰ ਨਾਮਜ਼ਦਗੀ ਪੇਪਰ ਵਾਪਸ ਲੈਣ ਨਾਲ ਅਸਲ ਤਸਵੀਰ ਨਿੱਤਰ ਕੇ ਸਾਹਮਣੇ ਆ ਜਾਵੇਗੀ | ਉਸ ਤੋਂ ਬਾਅਦ ਹੀ ਅਸਲ ਤੌਰ 'ਤੇ ਸਿਆਸੀ ਮਾਹੌਲ ਜੇਠ ਦੀਆਂ ਦੁਪਹਿਰਾਂ 'ਚ ਭਖੇਗਾ | ਜਦੋਂ ਚੋਣਾਂ ਵਰਗੀ ਮੰਜ਼ਿਲ ਸਰ ਕਰਨੀ ਹੋਵੇ ਤਾਂ ਗਰਮੀ ਦੇ ਕਹਿਰ ਨੂੰ ਪੈਰਾਂ ਹੇਠ ਲਤਾੜਨਾ ਪੈ ਜਾਂਦਾ ਹੈ | ਅੱਜ ਐਤਵਾਰ ਦਾ ਦਿਨ ਹੋਣ ਕਾਰਨ ਕਰੀਬ-ਕਰੀਬ ਸਾਰੇ ਵੋਟਰ ਘਰਾਂ 'ਚ ਹੀ ਹਾਜ਼ਰ ਸਨ | ਇਸ ਦੇ ਬਾਵਜੂਦ ਗਰਮੀ ਕਾਰਨ ਵਧੇ ਹੋਏ ਪਾਰੇ ਨੇ ਚੋਣ ਪ੍ਰਚਾਰ ਦੀ ਗੱਡੀ ਨੂੰ ਬਰੇਕ ਲਾਈ ਹੋਈ ਹੈ | ਅਸਮਾਨ ਤੋਂ ਵਰ੍ਹ ਰਹੀ ਅੱਤ ਦੀ ਗਰਮੀ ਨੇ ਚੋਣ ਪ੍ਰਚਾਰ ਦੇ ਪਸੀਨੇ ਛੁਡਾ ਰੱਖੇ ਹਨ, ਭਾਵੇਂ ਕਿ ਦੁਪਹਿਰ ਸਮੇਂ ਗਲੀਆਂ ਵਿਚ ਸੁੰਨ ਪਈ ਹੁੰਦੀ ਹੈ ਪਰ ਸੂਰਜ ਛਿਪਣ ਦੇ ਨਾਲ ਹੀ ਉਮੀਦਵਾਰਾਂ ਅਤੇ ਸਮਰਥਕਾਂ ਦਾ ਦਿਨ ਚੜ੍ਹ ਜਾਂਦਾ ਹੈ | ਇਸ ਕਾਰਨ ਹੀ ਉਮੀਦਵਾਰ ਅਤੇ ਸਮਰਥਕ ਸ਼ਾਮ-ਸਵੇਰੇ ਵੋਟਰਾਂ ਦੇ ਘਰੀਂ ਜਾ ਕੇ ਅਲਖ ਜਗਾ ਰਹੇ ਹਨ | ਹਰ ਉਮੀਦਵਾਰ ਨੇ ਆਪਣੇ ਆਕਾਵਾਂ ਸਮੇਤ ਫ਼ੋਟੋਆਂ ਲਾ ਕੇ ਪੋਸਟਰਾਂ ਨਾਲ ਲੋਕਾਂ ਦੀਆਂ ਕੰਧਾਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਹਨ | ਕਰੀਬ-ਕਰੀਬ ਸਾਰੇ ਹੀ ਉਮੀਦਵਾਰਾਂ ਕੋਲ ਉਹੀ ਬਾਬੇ ਆਦਮ ਵਾਲੇ ਲਾਰੇ ਲੱਪੇ ਤੇ ਉਹੀ ਸੜਕਾਂ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ ਅਤੇ ਹੋਰ ਨਿੱਕੇ-ਮੋਟੇ ਕੰਮਾਂ ਦੇ ਲੋਲੀ ਪੋਪ ਹਨ, ਜਿਹੜੇ ਹਰ ਕੋਈ ਵੰਡਦਾ ਫਿਰ ਰਿਹਾ ਹੈ | ਸ਼ਹਿਰ 'ਚ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਭਾਜਪਾ ਪਹਿਲੀ ਵਾਰ ਨਗਰ ਕੌਂਸਲ ਚੋਣਾਂ ਆਪੋ-ਆਪਣੇ ਦਮ 'ਤੇ ਲੜ ਰਹੇ ਹਨ | ਹੁਣ ਤੋਂ ਪਹਿਲਾਂ ਤਾਂ ਹਰ ਵਾਰ ਛੋਟੇ ਮੀਆਂ ਵੱਡੇ ਮੀਆਂ ਵਾਲੀ ਗੱਲ ਹੀ ਚਲਦੀ ਸੀ ਭਾਵੇਂ ਹਾਲੇ 26 ਮਈ ਦਾ ਦਿਨ ਦੂਰ ਹੈ ਪਰ ਉਸ ਵੇਲੇ ਤੱਕ ਸਵੇਰੇ-ਸ਼ਾਮ ਨੂੰ ਛੱਡ ਕੇ ਦਿਨੇ ਚੋਣ ਪ੍ਰਚਾਰ ਦਾ ਕੰਮ ਗਰਮ ਮੌਸਮ ਕਾਰਨ ਠੰਢਾ ਰਹਿਣ ਦੇ ਆਸਾਰ ਹਨ |
ਸਿਆਸੀ ਚੋਣ ਪ੍ਰਚਾਰ ਦੀ ਗੱਡੀ ਦੀ ਅਸਮਾਨੋਂ ਵਰ੍ਹਦੀ ਅੱਗ ਨੇ ਕੱਢੀ ਫੂਕ <br/>
ਅਜੀਤ ਡੈਸਕ
18-05-2026