• ਮੌਨਸੂਨ 'ਚ ਖੁੱਲ੍ਹੇ ਮੈਦਾਨਾਂ 'ਚ ਪਏ ਝੋਨੇ ਨੂੰ ਹੋ ਸਕਦੈ ਭਾਰੀ ਨੁਕਸਾਨ
• ਯੂ.ਪੀ. ਤੇ ਆਂਧਰਾ ਵਰਗੇ ਸੂਬਿਆਂ 'ਚ ਵਧੇ ਉਤਪਾਦਨ ਕਾਰਨ ਪੰਜਾਬ ਦੇ ਚੌਲਾਂ ਦੀ ਮੰਗ ਘਟੀ
• ਅਨਾਜ ਭੰਡਾਰਨ ਲਈ ਜਗ੍ਹਾ ਦੀ ਭਾਰੀ ਕਮੀ
ਹਰਜਿੰਦਰ ਸਿੰਘ ਲਾਲ
ਖੰਨਾ, 17 ਮਈ-ਭਾਰਤ 'ਚ ਅਨਾਜ ਖ਼ਾਸ ਕਰਕੇ ਚੌਲ ਤੇ ਕਣਕ ਦਾ ਭੰਡਾਰਨ ਰਿਕਾਰਡ ਉਚੇ ਪੱਧਰ 'ਤੇ ਪਹੁੰਚ ਗਿਆ ਹੈ, ਇਹ ਜ਼ਰੂਰੀ ਸੁਰੱਖਿਅਤ (ਬਫ਼ਰ ਸਟਾਕ) ਨਾਲੋਂ ਕਰੀਬ ਸਾਢੇ 3 ਗੁਣਾ ਜ਼ਿਆਦਾ ਹੈ | ਇਸ ਨਾਲ ਭੰਡਾਰਨ ਦੀ ਸਮੱਸਿਆ ਵਧ ਗਈ ਹੈ | ਬਰਾਮਦ 'ਚ ਆਈ ਗਿਰਾਵਟ ਨੇ ਖੇਤੀਬਾੜੀ ਤੇ ਅਨਾਜ ਬਰਾਮਦ ਉਦਯੋਗ ਲਈ ਚਿੰਤਾ ਵਧਾ ਦਿੱਤੀ ਹੈ | ਇਕ ਪਾਸੇ ਗੋਦਾਮ ਭਰੇ ਪਏ ਹਨ ਤੇ ਦੂਜੇ ਪਾਸੇ ਖ਼ਾਸ ਕਰਕੇ ਪੱਛਮੀ ਏਸ਼ੀਆ ਵਿਚਲੇ ਅੰਤਰਰਾਸ਼ਟਰੀ ਤਣਾਅ ਕਾਰਨ ਭਾਰਤੀ ਚੌਲਾਂ ਦੀ ਮੰਗ ਘਟੀ ਹੈ | ਇਸ ਨਾਲ ਪੰਜਾਬ ਵਰਗੇ ਅਨਾਜ ਉਤਪਾਦਕ ਖੇਤਰਾਂ 'ਚ ਭੰਡਾਰਨ ਅਤੇ ਚੌਲ ਮਿਲਿੰਗ ਨਾਲ ਜੁੜੀਆਂ ਮੁਸੀਬਤਾਂ ਵਧੀਆਂ ਹਨ | ਜਾਣਕਾਰੀ ਅਨੁਸਾਰ 1 ਅਪ੍ਰੈਲ 2026 ਤੱਕ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਦੇ ਗੋਦਾਮਾਂ 'ਚ ਚੌਲ ਅਤੇ ਕਣਕ ਦਾ ਕੁੱਲ ਭੰਡਾਰ 604.02 ਲੱਖ ਮੀਟਰਿਕ ਟਨ ਸੀ, ਜੋ ਲਾਜ਼ਮੀ ਸੁਰੱਖਿਅਤ ਭੰਡਾਰ 210.40 ਲੱਖ ਟਨ ਤੋਂ ਲਗਭਗ ਤਿੰਨ ਗੁਣਾ ਜ਼ਿਆਦਾ ਸੀ | ਇਸ ਵੇਲੇ ਚੌਲ ਜਿਸ ਲਈ ਸੁਰੱਖਿਅਤ ਭੰਡਾਰ 135.80 ਲੱਖ ਟਨ ਚਾਹੀਦਾ ਹੈ ਪਰ ਅਸਲ ਭੰਡਾਰ 386.10 ਲੱਖ ਟਨ ਹੈ ਜਦੋਂ ਕਿ ਕਣਕ ਦਾ ਭੰਡਾਰ ਵੀ 217.92 ਲੱਖ ਟਨ ਹੈ, ਜਿਸ ਦਾ ਸੁਰੱਖਿਅਤ ਭੰਡਾਰ ਰੱਖਣ ਦੀ ਸ਼ਰਤ 74.60 ਲੱਖ ਟਨ ਹੈ | 1 ਅਪ੍ਰੈਲ ਤੋਂ ਬਾਅਦ ਨਵੀਂ ਫ਼ਸਲ ਆਉਣ ਨਾਲ ਇਹ ਭੰਡਾਰ ਹੋਰ ਵੀ ਵਧ ਕੇ ਲਗਭਗ 746 ਲੱਖ ਟਨ ਤੱਕ ਪਹੁੰਚਣ ਦੀਆਂ ਖ਼ਬਰਾਂ ਹਨ | ਇਸ ਤਰ੍ਹਾਂ ਇਹ ਘੱਟੋ ਘੱਟ ਸੁਰੱਖਿਅਤ (ਬਫ਼ਰ ਸਟਾਕ) ਨਾਲੋਂ ਕਰੀਬ ਸਾਢੇ 3 ਗੁਣਾ ਤੋਂ ਵੀ ਵਧੇਰੇ ਹੈ | ਵਿੱਤੀ ਸਾਲ 2025-26 ਵਿੱਚ ਭਾਰਤੀ ਚੌਲਾਂ ਦੀ ਬਰਾਮਦ ਵਿਚ ਲਗਭਗ 7.5 ਫ਼ੀਸਦੀ ਦੀ ਗਿਰਾਵਟ ਆਈ ਹੈ | ਪਰ ਇਕੱਲੇ ਮਾਰਚ 2026 'ਚ ਤਾਂ ਚੌਲਾਂ ਦੀ ਬਰਾਮਦ 'ਚ 15 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ | ਇਸ ਦਾ ਮੁੱਖ ਕਾਰਨ ਪੱਛਮੀ ਏਸ਼ੀਆ ਖ਼ਾਸ ਕਰਕੇ ਈਰਾਨ, ਯੂ.ਏ.ਈ., ਸਾਊਦੀ ਅਰਬ ਆਦਿ 'ਚ ਤਣਾਅ, ਪ੍ਰਬੰਧਨ ਦੀਆਂ ਸਮੱਸਿਆਵਾਂ ਅਤੇ ਕੀਮਤਾਂ ਦੇ ਭੁਗਤਾਨ 'ਚ ਦੇਰੀ ਹਨ | ਬਾਸਮਤੀ ਰਾਈਸ ਮਿਲਰ ਐਂਡ ਐਕਸਪੋਰਟਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਰਣਜੀਤ ਸਿੰਘ ਜੋਸਨ ਵਰਗੇ ਬਰਾਮਦ ਉਦਯੋਗ ਦੇ ਆਗੂਆਂ ਨੇ ਕਿਹਾ ਹੈ ਕਿ ਭਾਰਤ ਨੂੰ ਚੌਲ ਅਤੇ ਅਨਾਜ ਦੀ ਬਰਾਮਦ ਵਧਾਉਣ ਲਈ ਨਵੀਆਂ ਨੀਤੀਆਂ ਅਤੇ ਨਵੇਂ ਬਾਜ਼ਾਰਾਂ ਦੀ ਲੋੜ ਹੈ |
ਪੰਜਾਬ 'ਚ ਭੰਡਾਰਨ ਅਤੇ ਮਿਲਿੰਗ ਦੀ ਸਮੱਸਿਆ
ਪੰਜਾਬ 'ਚ 2025-26 ਝੋਨੇ ਦੀ ਫ਼ਸਲ ਦੀ ਕਸਟਮ ਮਿਲਿੰਗ (ਛੜਾਈ) ਬਹੁਤ ਹੌਲੀ ਰਫ਼ਤਾਰ ਨਾਲ ਚੱਲ ਰਹੀ ਹੈ | ਫਰਵਰੀ 2026 ਤੱਕ ਸਿਰਫ਼ ਲਗਭਗ 25 ਤੋਂ 30 ਫ਼ੀਸਦੀ ਮਿਲਿੰਗ ਹੀ ਹੋ ਸਕੀ ਸੀ ਜਦੋਂ ਕਿ ਆਮ ਤੌਰ 'ਤੇ ਇਸ ਸਮੇਂ ਤੱਕ 55 ਤੋਂ 60 ਫ਼ੀਸਦੀ ਮਿਿਲੰਗ ਹੋ ਜਾਂਦੀ ਹੈ | ਇਸ ਦਾ ਵੱਡਾ ਕਾਰਨ ਪੁਰਾਣੇ ਚੌਲਾਂ ਅਤੇ ਕਣਕ ਦਾ ਭਾਰੀ ਭੰਡਾਰ ਹੈ, ਜਿਸ ਕਾਰਨ ਨਵੀਂ ਫ਼ਸਲ ਰੱਖਣ ਲਈ ਥਾਂ ਨਹੀਂ ਬਣ ਰਹੀ | ਪੰਜਾਬ ਸਰਕਾਰ ਅਤੇ ਮਿੱਲਰਾਂ ਨੇ ਇਸ ਮੁੱਦੇ ਨੂੰ ਕੇਂਦਰ ਸਰਕਾਰ ਨਾਲ ਉਠਾਇਆ ਹੈ | ਮੌਨਸੂਨ ਤੋਂ ਪਹਿਲਾਂ ਖੁੱਲ੍ਹੇ ਮੈਦਾਨਾਂ 'ਚ ਪਿਆ ਝੋਨਾ ਨੁਕਸਾਨਿਆ ਜਾ ਸਕਦਾ ਹੈ | ਜੋਸਨ ਅਨੁਸਾਰ ਇਸ ਨਾਲ ਚੌਲ ਉਦਯੋਗ, ਟਰਾਂਸਪੋਰਟ ਅਤੇ ਲੱਖਾਂ ਮਜ਼ਦੂਰਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋਵੇਗੀ |
ਪੰਜਾਬ ਦੇ ਚੌਲ ਉਦਯੋਗ ਲਈ ਹੋਰ ਚੁਣੌਤੀਆਂ ਤੇ ਸਮੱਸਿਆਵਾਂ
ਉਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ 'ਚ ਚੌਲਾਂ ਦਾ ਉਤਪਾਦਨ ਵਧਣ ਨਾਲ ਪੰਜਾਬ ਦੇ ਚੌਲਾਂ ਦੀ ਘਰੇਲੂ ਮੰਗ ਘਟੀ ਹੈ | ਭਾਵੇਂ ਸਰਕਾਰ ਈਥਾਨੋਲ ਦੇ ਉਤਪਾਦਨ ਲਈ ਚੌਲਾਂ ਦਾ ਕੋਟਾ ਜਾਰੀ ਕਰ ਰਹੀ ਹੈ, ਪਰ ਇਹ ਮਾਤਰਾ ਬਹੁਤ ਘੱਟ ਹੈ | ਖੇਤੀ ਮਾਹਿਰ ਫਸਲੀ ਵਿਭਿੰਨਤਾ ਭਾਵ ਝੋਨੇ-ਕਣਕ ਦੇ ਚੱਕਰ ਤੋਂ ਬਾਹਰ ਨਿਕਲਣ ਅਤੇ ਬਿਹਤਰ ਭੰਡਾਰਨ ਢਾਂਚੇ 'ਤੇ ਜ਼ੋਰ ਦੇ ਰਹੇ ਹਨ, ਪਰ ਅਜਿਹਾ ਹੋ ਨਹੀਂ ਰਿਹਾ | ਉਦਯੋਗ ਤੇ ਖੇਤੀ ਮਾਹਿਰਾਂ ਮੁਤਾਬਿਕ ਨਵੇਂ ਬਰਾਮਦ ਬਾਜ਼ਾਰ ਲੱਭਣ ਅਤੇ ਬਰਾਮਦ ਲਈ ਪ੍ਰੋਤਸਾਹਿਤ ਕਰਨ ਵਾਲੀਆਂ ਨੀਤੀਆਂ ਲਾਗੂ ਕਰਨ ਦੀ ਲੋੜ ਹੈ | ਈਥਾਨੋਲ ਲਈ ਵੀ ਵਧੇਰੇ ਚੌਲ ਜਾਰੀ ਕਰਨਾ ਜ਼ਰੂਰੀ ਹੈ |
2023-24 ਦਾ ਚੌਲ ਅਜੇ ਵੀ ਵੱਡੀ ਮਾਤਰਾ 'ਚ ਮੌਜੂਦ- ਬਿੰਟਾ
ਪੰਜਾਬ ਰਾਈਸ ਇੰਡਸਟਰੀ ਦੇ ਪ੍ਰਧਾਨ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਸਾਲ 2023-24 ਦਾ ਚੌਲ ਅਜੇ ਵੀ ਵੱਡੀ ਮਾਤਰਾ 'ਚ ਭੰਡਾਰਨ ਦੇ ਰੂਪ 'ਚ ਪਿਆ ਹੋਇਆ ਹੈ | ਕੇਂਦਰ ਸਰਕਾਰ ਨੂੰ ਤੁਰੰਤ ਇਨ੍ਹਾਂ ਚੌਲਾਂ ਦੀ ਨਿਕਾਸੀ ਨੂੰ ਤੇਜ਼ ਕਰਨਾ ਚਾਹੀਦਾ ਹੈ ਅਤੇ ਈਥਾਨੋਲ ਉਦਯੋਗ ਲਈ ਵੀ ਚੌਲਾਂ ਦੇ ਵੱਧ ਕੋਟੇ ਦੀ ਅਲਾਟਮੈਂਟ ਯਕੀਨੀ ਬਣਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਪਿਆ ਹੋਣ ਕਾਰਨ ਚੌਲਾਂ ਦੀ ਗੁਣਵੱਤਾ ਵੀ ਪ੍ਰਭਾਵਿਤ ਹੋਣ ਦਾ ਖਤਰਾ ਬਣ ਗਿਆ ਹੈ | ਬਿੰਟਾ ਅਤੇ ਜੋਸਨ ਅਨੁਸਾਰ ਪੰਜਾਬ 'ਚ 2024-25 ਦੀ ਪੁਰਾਣੀ ਕਣਕ ਦਾ ਵੀ ਵੱਡਾ ਭੰਡਾਰ ਸਰਕਾਰੀ ਅਤੇ ਨਿੱਜੀ ਗੋਦਾਮਾਂ 'ਚ ਅਜੇ ਤੱਕ ਪਿਆ ਹੈ | ਜੇਕਰ ਇਸ ਪੁਰਾਣੀ ਕਣਕ ਨੂੰ ਜਲਦੀ ਹੀ ਹੋਰ ਰਾਜਾਂ ਵੱਲ ਭੇਜਿਆ ਜਾਵੇ ਤਾਂ ਗੋਦਾਮ ਖਾਲੀ ਹੋ ਸਕਣਗੇ ਅਤੇ ਚੌਲਾਂ ਦੀ ਡਲਿਵਰੀ ਤੇ ਭੰਡਾਰਨ ਪ੍ਰਕਿਰਿਆ ਸੁਚੱਜੇ ਢੰਗ ਨਾਲ ਚੱਲ ਸਕੇਗੀ |
ਪੰਜਾਬ 'ਚ ਅਨਾਜ ਭੰਡਾਰਨ ਰਿਕਾਰਡ ਉਚਾਈ 'ਤੇ-ਚੌਲਾਂ ਦੀ ਬਰਾਮਦ ਘਟੀ <br/>
ਅਜੀਤ ਡੈਸਕ
18-05-2026