15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ ਲੀਹ 'ਤੇ ਲਿਆਉਣ ਲਈ ਤਹਿਰਾਨ ਪੁੱਜੇ ਪਾਕਿ ਦੇ ਗ੍ਰਹਿ ਮੰਤਰੀ <br/>

ਅਜੀਤ ਡੈਸਕ 18-05-2026

ਗੱਲਬਾਤ ਮੁੜ ਸ਼ੁਰੂ ਕਰਨ ਲਈ ਈਰਾਨੀ ਹਮਰੁਤਬਾ ਨਾਲ ਕੀਤੀ ਚਰਚਾ
ਅੰਮਿ੍ਤਸਰ, 17 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਈਰਾਨ ਅਤੇ ਅਮਰੀਕਾ ਵਿਚਕਾਰ ਸ਼ਾਂਤੀ ਗੱਲਬਾਤ ਨੂੰ ਲੀਹ 'ਤੇ ਲਿਆਉਣ ਲਈ ਤਹਿਰਾਨ ਪਹੁੰਚੇ ਹਨ | ਈਰਾਨੀ ਸਰਕਾਰੀ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਮੋਹਸਿਨ ਨਕਵੀ ਈਰਾਨ 'ਚ ਗੱਲਬਾਤ ਨੂੰ ਸੁਚਾਰੂ ਬਣਾਉਣ ਅਤੇ ਖੇਤਰੀ ਸ਼ਾਂਤੀ ਨੂੰ ਉਤਸ਼ਾਹਿਤ ਕਰਨ ਲਈ ਪਾਕਿਸਤਾਨ ਦੇ ਚੱਲ ਰਹੇ ਯਤਨਾਂ ਦੇ ਹਿੱਸੇ ਵਜੋਂ ਅਧਿਕਾਰਤ ਦੋ ਦਿਨਾ ਦੌਰੇ 'ਤੇ ਸਨਿਚਰਵਾਰ ਨੂੰ ਇਥੇ ਪਹੁੰਚੇ ਹਨ | ਈਰਾਨੀ ਗ੍ਰਹਿ ਮੰਤਰੀ ਨੇ ਸਾਫ਼ ਕਿਹਾ ਕਿ ਅਮਰੀਕਾ ਕੋਲ 14-ਨੁਕਾਤੀ ਪ੍ਰਸਤਾਵ ਵਿਚ ਦੱਸੇ ਗਏ ਈਰਾਨੀ ਲੋਕਾਂ ਦੇ ਅਧਿਕਾਰਾਂ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ ਅਤੇ ਕੋਈ ਵੀ ਹੋਰ ਪਹੁੰਚ ਪੂਰੀ ਤਰ੍ਹਾਂ ਅਧੂਰੀ ਹੋਵੇਗੀ | ਪਾਕਿਸਤਾਨੀ ਗ੍ਰਹਿ ਮੰਤਰੀ ਮੋਹਸਿਨ ਨਕਵੀ ਦੇ ਤਹਿਰਾਨ ਦੌਰੇ ਦੌਰਾਨ ਹੀ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਸਖ਼ਤ ਧਮਕੀ ਦਿੱਤੀ ਹੈ ਕਿ ਜੇਕਰ ਅਮਰੀਕਾ ਨਾਲ ਗੱਲਬਾਤ ਸਵੀਕਾਰਯੋਗ ਨਤੀਜਿਆਂ ਵੱਲ ਨਹੀਂ ਜਾਂਦੀ ਤਾਂ ਉਨ੍ਹਾਂ ਦਾ ਦੇਸ਼ ਅਮਰੀਕਾ ਨਾਲ ਸਿੱਧੇ ਫ਼ੌਜੀ ਟਕਰਾਅ ਲਈ ਤਿਆਰ ਹੈ |
ਅਮਰੀਕਾ ਵਲੋਂ ਈਰਾਨ ਸਾਹਮਣੇ ਪੰਜ ਸੂਤਰੀ ਨਵਾਂ ਪ੍ਰਸਤਾਵ

ਤਹਿਰਾਨ, (ਏਜੰਸੀ)-ਈਰਾਨੀ ਮੀਡੀਆ ਨੇ ਐਤਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਈਰਾਨ ਸਾਹਮਣੇ ਪੰਜ ਸੂਤਰੀ ਨਵਾਂ ਪ੍ਰਸਤਾਵ ਰੱਖਿਆ ਹੈ | ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ (ਆਈ. ਆਰ. ਜੀ. ਸੀ.) ਨਾਲ ਜੁੜੀ ਫਾਰਸ ਨਿਊਜ਼ ਏਜੰਸੀ ਅਨੁਸਾਰ ਵਾਸ਼ਿੰਗਟਨ ਦੀਆਂ ਸ਼ਰਤਾਂ 'ਚ ਇਹ ਗੱਲਾਂ ਸ਼ਾਮਿਲ ਹਨ ਕਿ ਈਰਾਨ ਅਮਰੀਕਾ ਨਾਲ ਯੁੱਧ ਦੀ ਨੁਕਸਾਨਪੂਰਤੀ ਅਤੇ ਮੁਆਵਜ਼ੇ ਦੀਆਂ ਆਪਣੀਆਂ ਮੰਗਾਂ ਛੱਡ ਦੇਵੇ, 400 ਕਿੱਲੋ ਭਰਪੂਰ ਯੂਰੇਨੀਅਮ ਅਮਰੀਕੀ ਹਿਰਾਸਤ 'ਚ ਸੌਂਪ ਦੇਵੇ ਅਤੇ ਆਪਣੇ ਪ੍ਰਮਾਣੂ ਢਾਂਚੇ 'ਤੇ ਲਾਈਆਂ ਜਾਣ ਵਾਲੀਆਂ ਪਾਬੰਦੀਆਂ ਨੂੰ ਸਵੀਕਾਰ ਕਰੇ | ਰਿਪੋਰਟ 'ਚ ਅੱਗੇ ਕਿਹਾ ਗਿਆ ਹੈ ਕਿ ਇਸ ਪ੍ਰਸਤਾਵ ਤਹਿਤ ਕਿਸੇ ਵੀ ਤਰਾਂ ਦੀ ਸੈਨਿਕ ਕਾਰਵਾਈ 'ਤੇ ਸਥਾਈ ਰੋਕ ਤਦ ਹੀ ਲੱਗੇਗੀ, ਜਦੋਂ ਗੱਲਬਾਤ ਦੇ ਨਤੀਜੇ ਸਕਾਰਾਤਮਕ ਨਿਕਲਣਗੇ ਅਤੇ ਈਰਾਨ ਇਨ੍ਹਾਂ ਸ਼ਰਤਾਂ ਨੂੰ ਸਵੀਕਾਰ ਕਰ ਲਵੇਗਾ |
ਹੋਰਮੁਜ਼ 'ਚ ਆਵਾਜਾਈ ਲਈ ਰੂਟ ਜਾਰੀ ਕਰਾਂਗੇ-ਈਰਾਨ
ਈਰਾਨੀ ਸੰਸਦ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਮੁਖੀ ਇਬਰਾਹਿਮ ਅਜ਼ੀਜ਼ੀ ਅਨੁਸਾਰ ਈਰਾਨ 'ਸਟ੍ਰੇਟ ਆਫ਼ ਹੋਰਮੁਜ਼' ਰਾਹੀਂ ਸਮੁੰਦਰੀ ਆਵਾਜਾਈ ਨੂੰ ਨਿਯਮਤ ਕਰਨ ਲਈ ਇਕ ਨਵੀਂ ਪ੍ਰਣਾਲੀ ਤਿਆਰ ਕਰ ਰਿਹਾ ਹੈ | ਅਜ਼ੀਜ਼ੀ ਨੇ ਕਿਹਾ ਕਿ ਨਿਰਧਾਰਤ ਸ਼ਿੰਪਿੰਗ ਰੂਟ ਜਲਦੀ ਹੀ ਜਾਰੀ ਕੀਤਾ ਜਾਵੇਗਾ ਅਤੇ ਮੁੱਖ ਤੌਰ 'ਤੇ ਵਪਾਰਕ ਜਹਾਜ਼ਾਂ ਅਤੇ ਤਹਿਰਾਨ ਨਾਲ ਸਹਿਯੋਗ ਕਰਨ ਵਾਲੇ ਦੇਸ਼ਾਂ ਨੂੰ ਲਾਭ ਪਹੁੰਚਾਏਗਾ | ਉਸ ਨੇ ਇਹ ਵੀ ਸੰਕੇਤ ਦਿੱਤਾ ਕਿ ਈਰਾਨ ਪ੍ਰਸਤਾਵਿਤ ਵਿਧੀ ਦੇ ਤਹਿਤ ਪੇਸ਼ ਕੀਤੀਆਂ ਜਾਣ ਵਾਲੀਆਂ ਵਿਸ਼ੇਸ਼ ਸੇਵਾਵਾਂ ਲਈ ਫੀਸ ਵਸੂਲਣ ਦੀ ਯੋਜਨਾ ਬਣਾ ਰਿਹਾ ਹੈ |
ਯੂ.ਏ.ਈ. ਦੇ ਪ੍ਰਮਾਣੂ ਪਾਵਰ ਪਲਾਂਟ 'ਤੇ ਡਰੋਨ ਹਮਲਾ
ਦੁਬਈ, (ਏਜੰਸੀ)-ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਇਕਲੌਤੇ ਪ੍ਰਮਾਣੂ ਪਾਵਰ ਪਲਾਂਟ ਨੂੰ ਨਿਸ਼ਾਨਾ ਬਣਾ ਕੇ ਡਰੋਨ ਹਮਲਾ ਕੀਤਾ ਗਿਆ, ਜਿਸ ਨਾਲ ਉਸ ਦੇ ਨੇੜੇ-ਤੇੜੇ ਅੱਗ ਲੱਗ ਗਈ | ਕਿਸੇ ਦੇ ਜ਼ਖ਼ਮੀ ਹੋਣ ਜਾਂ ਰੇਡੀਓਲਾਜੀਕਲ ਰਿਲੀਜ਼ ਦੀ ਕੋਈ ਰਿਪੋਰਟ ਨਹੀਂ ਹੈ ਪਰ ਇਸ ਨਾਲ ਨਵੇਂ ਯੁੱਧ ਦਾ ਖ਼ਤਰਾ ਵਧ ਗਿਆ ਹੈ, ਕਿਉਂਕਿ ਈਰਾਨ ਦੀ ਜੰਗਬੰਦੀ ਅਜੇ ਵੀ ਕਮਜ਼ੋਰ ਹੈ | ਕਿਸੇ ਨੇ ਤੁਰੰਤ ਜ਼ਿੰਮੇਵਾਰੀ ਨਹੀਂ ਲਈ ਅਤੇ ਯੂ. ਏ. ਈ. ਨੇ ਕਿਸੇ 'ਤੇ ਦੋਸ਼ ਨਹੀਂ ਲਗਾਇਆ | ਹਾਲਾਂਕਿ, ਉਸ ਨੇ ਹਾਲ ਹੀ ਦੇ ਦਿਨਾਂ 'ਚ ਕਈ ਡਰੋਨ ਅਤੇ ਮਿਜ਼ਾਈਲ ਹਮਲੇ ਕਰਨ ਦਾ ਦੋਸ਼ ਲਗਾਇਆ ਹੈ, ਕਿਉਂਕਿ ਹੋਰਮੁਜ਼ ਸਟਰੇਟ 'ਤੇ ਤਣਾਅ ਵਧ ਗਿਆ ਹੈ, ਇਹ ਇਕ ਜ਼ਰੂਰੀ 'ਐਨਰਜੀ ਵਾਟਰਵੇਅ' ਹੈ, ਜਿਸ 'ਤੇ ਈਰਾਨ ਦਾ ਅਜੇ ਵੀ ਕਬਜ਼ਾ ਹੈ | ਅਮਰੀਕਾ ਈਰਾਨੀ ਬੰਦਰਗਾਹਾਂ ਨੂੰ ਬਲਾਕ ਕਰ ਰਿਹਾ ਹੈ ਅਤੇ ਜ਼ਿਆਦਾ ਟਿਕਾਊ ਸ਼ਾਂਤੀ ਲਈ ਕੂਟਨੀਤਕ ਕੋਸ਼ਿਸ਼ਾਂ ਵਾਰ-ਵਾਰ ਨਾਕਾਮ ਰਹੀਆਂ ਹਨ |

ਪਿਛਲੀ ਖ਼ਬਰ ਪੰਜਾਬ 'ਚ ਅਨਾਜ ਭੰਡਾਰਨ ਰਿਕਾਰਡ ਉਚਾਈ 'ਤੇ-ਚੌਲਾਂ ਦੀ ਬਰਾਮਦ ਘਟੀ <br/> ਅਗਲੀ ਖ਼ਬਰ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਦਾ ਚੰਗਾ ਸਮਾਜ ਸਿਰਜਣ 'ਚ ਅਹਿਮ ਯੋਗਦਾਨ-ਨਾਨਕਸਰ ਸੰਪਰਦਾਇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।